ਨਕਲੀ ਅਤੇ ਗੈਰਮਿਆਰੀ ਚੀਜਾਂ ਵੇਚਣ ਵਾਲਿਆਂ ਖਿਲਾਫ ਹੋਵੇ ਸਖਤ ਕਾਰਵਾਈ

ਸਾਡੇ ਸ਼ਹਿਰ ਵਿਚ ਜਿੱਥੇ ਹਰ ਪਾਸੇ ਹੀ ਨਾਜਾਇਜ ਰੇਹੜੀਆ ਫੜੀਆਂ ਦੀ ਭਰਮਾਰ ਹੈ, ਉੱਥੇ ਹੀ ਇਹਨਾਂ ਰੇਹੜੀਆਂ ਫੜੀਆਂ ਦੇ ਨਾਲ ਨਾਲ ਅਨੇਕਾਂ ਵੱਡੀਆਂ ਦੁਕਾਨਾਂ ਵਾਲਿਆਂ ਵਲੋਂ ਵੀ ਖਾਣ ਪੀਣ ਦਾ ਨਕਲੀ, ਗੈਰਮਿਆਰੀ ਅਤੇ ਅਣਢਕਿਆ ਸਮਾਨ ਧੱੜਲੇ ਨਾਲ ਵੇਚਿਆ ਜਾ ਰਿਹਾ ਹੈ| ਜਿੱਥੇ ਰੇਹੜੀਆਂ ਫੜੀਆਂ ਵਾਲਿਆਂ ਵਲੋਂ ਖਾਣ ਪੀਣ ਦਾ ਸਮਾਨ ਬਣਾਉਣ ਅਤੇ ਵੇਚਣ ਵੇਲੇ ਸਾਫ ਸਫਾਈ ਦਾ ਕੋਈ ਖਿਆਲ ਨਹੀਂ ਰਖਿਆ ਜਾਂਦਾ ਉਥੇ ਖਾਣ ਪੀਣ ਦਾ ਸਮਾਨ ਵੇਚਣ ਵਾਲੀਆਂ ਵੱਡੀਆਂ ਦੁਕਾਨਾਂ ਉਪਰ ਵੀ ਬਣਾਉਣ ਵੇਲੇ ਅਤੇ ਵੇਚੇ ਜਾਣ ਵੇਲੇ ਸਫਾਈ ਦੀ ਅਕਸਰ ਘਾਟ ਹੁੰਦੀ ਹੈ ਅਤੇ ਕਈ ਵਾਰ ਤਾਂ ਖਾਣ ਪੀਣ ਦਾ ਅਜਿਹਾ ਸਾਮਾਨ ਨਕਲੀ ਖੋਆ, ਨਕਲੀ ਪਨੀਰ ਅਤੇ ਨਕਲੀ ਦੁੱਧ ਨਾਲ ਤਿਆਰ ਕੀਤਾ ਹੁੰਦਾ ਹੈ| ਜੇਕਰ ਇਸ ਸੰਬੰਧੀ ਪ੍ਰਸ਼ਾਸਨ ਦੀ ਕਾਰਵਾਈ ਦੀ ਗੱਲ ਕਰੀਏ ਤਾਂ ਪ੍ਰਸ਼ਾਸਨ ਸਿਰਫ ਤਿਉਹਾਰਾਂ ਦੇ ਦਿਨਾਂ ਵਿਚ ਹੀ ਹਰਕਤ ਵਿਚ ਆਉਂਦਾ ਹੈ ਬਾਕੀ ਸਾਰਾ ਸਾਲ ਤਾਂ ਪ੍ਰਸਾਸਨਿਕ ਅਧਿਕਾਰੀ ਡੂੰਘੀ ਨੀਂਦ ਸੁੱਤੇ ਰਹਿੰਦੇ ਹਨ|
ਇਸਦੇ ਨਾਲ ਹੀ ਸ਼ਹਿਰ ਵਿਚ ਗਲੇ ਸੜੇ, ਅੱਧ ਪੱਕੇ ਅਤੇ ਮਸਾਲੇ ਨਾਲ ਪਕਾਏ ਹੋਏ ਫਲ ਤੇ ਸਬਜੀਆਂ ਵੀ ਧੜ੍ਹਲੇ ਨਾਲ ਵੇਚੇ ਜਾ ਰਹੇ ਹਨ| ਹਾਲ ਤਾਂ ਇਹ ਹੈ ਕਿ ਕਈ ਕਿਸਮ ਦੇ ਫਲਾਂ ਨੂੰ ਸੋਹਣਾ ਦਿਖਾਉਣ ਦੇ ਲਈ ਉਹਨਾਂ ਨੂੰ ਸਾਬੁਨ ਜਾਂ ਸ਼ੈਂਪੂ ਵਾਲੇ ਪਾਣੀ ਵਿਚ ਧੋਇਆ ਜਾਂਦਾ ਹੈ ਜਿਸ ਕਾਰਨ ਇਹ ਫਲ ਜਹਿਰੀਲੇ ਹੋ ਜਾਂਦੇ ਹਨ| ਵੱਡੀ ਗਿਣਤੀ ਰੇਹੜੀਆਂ ਫੜੀਆਂ ਅਤੇ ਦੁਕਾਨਦਾਰਾਂ ਵਲੋਂ ਅੱਧ ਪੱਕੇ ਅਤੇ ਗਲੇ ਸੜੇ ਫਲ ਵੀ ਵੇਚੇ ਜਾਂਦੇ ਹਨ ਜਿਸ ਕਾਰਨ ਲੋਕਾਂ ਦੀ ਸਿਹਤ ਨਾਲ ਸਿੱਧਾ ਖਿਲਵਾੜ ਹੁੰਦਾ ਹੈ|
ਜਿਥੇ ਵੱਡੀ ਗਿਣਤੀ ਲੋਕ ਸਸਤੇ ਦੇ ਲਾਲਚ ਵਿਚ ਖਾਣ ਪੀਣ ਦਾ ਸਮਾਨ ਵੇਚਣ ਵਾਲੀਆਂ ਰੇਹੜੀਆਂ ਫੜੀਆਂ ਤੋਂ ਸਾਮਾਨ ਖਰੀਦ ਕੇ ਖਾਂਦੇ ਹਨ ਉਥੇ ਹੀ ਵੱਡੀ ਗਿਣਤੀ ਲੋਕ ਸ਼ੋਰੂਮਾਂ ਵਿਚ ਖੁੱਲੀਆਂ ਖਾਣ ਪੀਣ ਦਾ ਸਮਾਨ ਵੇਚਣ ਵਾਲੀਆਂ ਵੱਡੀਆਂ ਦੁਕਾਨਾਂ ਵਿਚ ਜਾ ਕੇ ਇਸ ਆਸ ਵਿਚ ਸਾਮਾਨ ਖਰੀਦਦੇ ਹਨ ਕਿ ਉਥੇ ਸਫਾਈ ਦੀ ਪੂਰੀ ਵਿਵਸਥਾ ਹੋਵੇਗੀ| ਇਹ ਵੀ ਵੇਖਣ ਵਿਚ ਆਇਆ ਹੈ ਕਿ ਗ੍ਰਾਹਕਾਂ ਦੇ ਬੈਠਣ ਵਾਲੀ ਥਾਂ ਉੱਪਰ ਤਾਂ ਪੂਰੀ ਸਫਾਈ ਰੱਖੀ ਜਾਂਦੀ ਹੈ ਪਰ ਖਾਣ ਪੀਣ ਵਾਲੀਆਂ ਚੀਜਾਂ ਉੱਪਰ ਮੱਖੀਆਂ ਉੜ ਰਹੀਆਂ ਹੁੰਦੀਆਂ ਹਨ| ਇਸ ਤੋਂ ਇਲਾਵਾ ਇਹਨਾਂ ਦੁਕਾਨਾਂ ਅਤੇ ਰੇਹੜੀਆਂ ਫੜੀਆਂ ਵਾਲਿਆਂ ਵਲੋਂ ਸਮੋਸੇ ਅਤੇ ਹੋਰ ਸਮਾਨ ਨੂੰ ਤਲਣ ਲਈ ਵਰਤਿਆ ਜਾਂਦਾ ਤੇਲ ਵੀ ਕਈ ਵਾਰ ਲੰਬੇ ਸਮੇਂ ਤਕ ਬਦਲਿਆ ਹੀ ਨਹੀਂ ਜਾਂਦਾ| ਵਾਰ ਵਾਰ ਗਰਮ ਕਰਨ ਕਰਕੇ ਅਤੇ ਵਾਰ ਵਾਰ ਇੱਕੋਂ ਹੀ ਤੇਲ ਵਿਚ ਸਮੋਸੇ ਅਤੇ ਹੋਰ ਸਮਾਨ ਤਲਣ ਕਰਕੇ ਇਹ ਤੇਲ ਇਕ ਤਰ੍ਹਾਂ ਦਾ ਮਿੱਠਾ ਜਹਿਰ ਬਣ ਜਾਂਦਾ ਹੈ ਜੋ ਕਿ ਸਿਹਤ ਲਈ ਬਹੁਤ ਹੀ ਹਾਨੀਕਾਰਕ ਹੁੰਦਾ ਹੈ| ਇਹਨਾਂ ਰੇਹੜੀਆਂ ਅਤੇ ਦੁਕਾਨਾਂ ਵਲੋਂ ਵਰਤੇ ਜਾਂਦੇ ਚਟਨੀ ਅਤੇ ਹੋਰ ਮਸਾਲੇ ਵੀ ਅਕਸਰ ਹੀ ਪੁਰਾਣੇ ਅਤੇ ਗੈਰਮਿਆਰੀ ਜਿਹੇ ਹੁੰਦੇ ਹਨ, ਜੋ ਕਿ ਲੋਕਾਂ ਦੀ ਸਿਹਤ ਨੂੰ ਨੁਕਸਾਨ ਪਹੁੰਚਾਉਂਦੇ ਹਨ|
ਇਸ ਤੋਂ ਇਲਾਵਾ ਲੋਕਾਂ ਦੇ ਜੂਠੇ ਭਾਂਡੇ ਸਾਫ ਕਰਨ ਵੇਲੇ ਵੀ ਮੁਕੰਮਲ ਸਫਾਈ ਨਹੀਂ ਰੱਖੀ ਜਾਂਦੀ, ਇਹ ਜੂਠੇ ਭਾਂਡੇ ਸਿਰਫ ਪਾਣੀ ਨਾਲ ਹੀ ਮਾੜਾ ਮੋਟਾ ਧੋ ਕੇ ਫਿਰ ਵਰਤ ਲਏ ਜਾਂਦੇ ਹਨ| ਆਮ ਰੇਹੜੀਆਂ ਵਾਲੇ ਇਹਨਾਂ ਭਾਂਡਿਆਂ ਨੂੰ ਸਰਫ ਜਾਂ ਹੋਰ ਪਾਊਡਰ ਨਾਲ ਘੱਟ ਹੀ ਧੋਂਦੇ ਹਨ ਜਿਸ ਕਾਰਨ ਕਈ ਕਿਸਮ ਦੇ ਕੀਟਾਣੂ ਇਹਨਾਂ ਭਾਂਡਿਆਂ ਵਿਚ ਰਹਿ ਜਾਂਦੇ ਹਨ ਜੋ ਕਿ ਲੋਕਾਂ ਦੀ ਸਿਹਤ ਨੂੰ ਨੁਕਸਾਨ ਪਹੁੰਚਾਉਂਦੇ ਹਨ| ਇਸੇ ਤਰ੍ਹਾਂ ਦੁਕਾਨਦਾਰਾਂ ਵੱਖ ਵੱਖ ਰੰਗਾਂ ਵਿੱਚ ਵੇਚੀ ਜਾਣ ਮਿਠਾਈ ਅਤੇ ਹੋਰ ਸਮਾਨ ਵਿਚ ਵੀ ਮਿੱਠ ੇ ਰੰਗ ਕਹਿ ਕੇ ਕਈ ਵਾਰ ਕੈਮੀਕਲ ਰੰਗ ਹੀ ਪਾ ਦਿਤੇ ਜਾਂਦੇ ਹਨ| ਵੱਡੀ ਗਿਣਤੀ ਰੇਹੜੀਆਂ ਫੜੀਆਂ ਅਤੇ ਦੁਕਾਨਾਂ ਉੱਪਰ ਨਕਲੀ ਦੁੱਧ, ਨਕਲੀ ਖੋਆ ਅਤੇ ਨਕਲੀ ਪਨੀਰ ਤੋਂ ਹੀ ਪਕੌੜੇ ਅਤੇ ਹੋਰ ਪਕਵਾਨ ਤਿਆਰ ਕੀਤੇ ਜਾਂਦੇ ਹਨ| ਜਿਸ ਕਰਕੇ ਲੋਕਾਂ ਦੀ ਸਿਹਤ ਨਾਲ ਦਿਨ ਦਿਹਾੜੇ ਖਿਲਵਾੜ ਹੋ ਰਿਹਾ ਹੈ|
ਚਾਹੀਦਾ ਤਾਂ ਇਹ ਹੈ ਕਿ ਸਿਹਤ ਵਿਭਾਗ ਤੇ ਹੋਰ ਸੰਬੰਧਿਤ ਅਧਿਕਾਰੀਆਂ ਵਲੋਂ ਹਰ ਹਫਤੇ ਹੀ ਅਚਨਚੇਤ ਖਾਣ ਪੀਣ ਦਾ ਸਮਾਨ ਵੇਚਣ ਵਾਲੀਆਂ ਦੁਕਾਨਾਂ ਦੇ ਨਾਲ ਨਾਲ ਰੇਹੜੀਆਂ ਫੜੀਆਂ ਦੀ ਵੀ ਜਾਂਚ ਕੀਤੀ ਜਾਵੇ ਅਤੇ ਇਹਨਾਂ ਦੁਕਾਨਾਂ ਉਪਰ ਵਿਕ ਰਿਹਾ ਗੈਰ ਮਿਆਰੀ, ਅਣਢਕਿਆ ਅਤੇ ਨਕਲੀ ਸਮਾਨ ਸੁਟਵਾਇਆ ਜਾਵੇ ਅਤੇ ਇਸ ਤਰ੍ਹਾਂ ਦੇ ਸਮਾਨ ਵੇਚਣ ਵਾਲਿਆਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ ਤਾਂ ਜੋ ਇਸ ਤਰੀਕੇ ਨਾਲ ਆਮ ਲੋਕਾਂ ਦੀ ਸਿਹਤ ਨਾਲ ਖਿਲਵਾੜ ਦੀ ਇਸ ਕਾਰਵਾਈ ਤੇ ਰੋਕ ਲਗਾਈ ਜਾ ਸਕੇ|

Leave a Reply

Your email address will not be published. Required fields are marked *