ਨਕਲੀ ਅਤੇ ਮਿਲਾਵਟੀ ਸਮਾਨ ਵੇਚਣ ਵਾਲਿਆਂ ਵਿਰੁੱਧ ਹੋਵੇ ਸਖਤ ਕਾਰਵਾਈ

ਸਾਡੇ ਦੇਸ਼ ਵਿੱਚ ਨਕਲੀ ਅਤੇ ਮਿਲਾਵਟੀ ਸਾਮਾਨ ਦੀ ਵਿਕਰੀ ਦਾ ਧੰਧਾ ਪੂਰੇ ਜੋਰਾਂ ਸ਼ੋਰਾਂ ਨਾਲ ਚਲਦਾ ਹੈ ਅਤੇ ਇਸ ਕਾਰਵਾਈ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ| ਹਾਲਾਤ ਇਹ ਹੋ ਗਏ ਹਨ ਕਿ ਬਾਜ਼ਾਰ ਵਿੱਚ ਵਿਕਣ ਵਾਲੀ ਹਰ ਚੀਜ਼ ਵਿੱਚ ਵੱਡੇ ਪੱਧਰ ਤੇ ਮਿਲਾਵਟ ਦੀਆਂ ਸ਼ਿਕਾਇਤਾਂ ਸਾਮ੍ਹਣੇ ਆਉਂਦੀਆਂ ਹਨ| ਬਾਜਾਰ ਵਿੱਚ ਹਰ ਤਰ੍ਹਾਂ ਦਾ ਨਕਲੀ ਸਾਮਾਨ ਧੜ੍ਹਲੇ ਨਾਲ ਵਿਕਦਾ ਹੈ| ਕਪੜੇ, ਮੇਕਅਪ ਦਾ ਸਾਮਾਨ, ਦਵਾਈਆਂ ਅਤੇ ਬਾਜਾਰ ਵਿੱਚ ਵਿਕਣ ਵਾਲਾ ਹੋਰ ਕਈ ਤਰ੍ਹਾਂ ਦਾ ਸਾਮਾਨ ਵੱਡੀਆਂ ਕੰਪਨੀਆਂ ਦੇ ਨਾਮ ਉਪਰ ਜਾਅਲੀ ਠੱਪੇ ਮਾਰ ਕੇ ਆਮ ਵੇਚ ਦਿੱਤਾ ਜਾਂਦਾ ਹੈ| ਹੈਰਾਨੀ ਦੀ ਗੱਲ ਇਹ ਹੈ ਕਿ ਬਾਜਾਰ ਵਿੱਚ ਵਿਕਣ ਵਾਲੇ ਇਸ ਨਕਲੀ ਸਾਮਾਨ ਦੀ ਸਭ ਤੋਂ ਵੱਡੀ ਥੋਕ ਮੰਡੀ ਦੇਸ਼ ਦੀ ਰਾਜਧਾਨੀ ਦਿੱਲੀ ਵਿੱਚ ਹੀ ਮੌਜੂਦ ਹੈ ਜਿੱਥੋਂ ਹਰ ਰੋਜ ਕਰੋੜਾਂ ਰੁਪਏ ਦਾ ਇਹ ਨਕਲੀ ਸਾਮਾਨ ਦੇਸ਼ ਦੇ ਕੋਨੇ ਕੋਨੇ ਤੋਂ ਆਏ ਵਪਾਰੀ ਖਰੀਦ ਕੇ ਲਿਜਾਂਦੇ ਹਨ ਅਤੇ ਬਾਅਦ ਵਿੱਚ ਭਾਰੀ ਮੁਨਾਫਾ ਕਮਾ ਕੇ ਇਹ ਸਾਮਾਨ ਅੱਗੇ ਵੇਚਦੇ ਹਨ| ਖੁੱਲੇਆਮ ਚਲਦੀ ਇਹ ਕਾਰਵਾਈ ਦੇਸ਼ ਦੇ ਖਜਾਨੇ ਨੂੰ ਵੀ ਖੋਰਾ ਲਾਉਂਦੀ ਹੈ ਕਿਉਂਕਿ ਇਹ ਸਾਰਾ ਕਾਰੋਬਾਰ ਦੋ ਨੰਬਰ ਵਿੱਚ ਹੀ ਹੁੰਦਾ ਹੈ|
ਤ੍ਰਾਸਦੀ ਇਹ ਵੀ ਹੈ ਕਿ ਸਭ ਤੋਂ ਜ਼ਿਆਦਾ ਮਿਲਾਵਟ ਖਾਣ-ਪੀਣ ਵਾਲੀਆਂ ਚੀਜ਼ਾਂ ਵਿੱਚ ਪਾਈ ਜਾਂਦੀ ਹੈ ਜਿਹੜੀ ਮਨੁੱਖੀ ਸਿਹਤ ਲਈ ਬਹੁਤ ਹੀ ਨੁਕਸਾਨਦੇਹ ਸਾਬਿਤ ਹੁੰਦੀ ਹੈ| ਇਹ ਵੀ ਕਿਹਾ ਜਾ ਸਕਦਾ ਹੈ ਕਿ ਅੱਜ ਕੱਲ ਤਾਂ ਬਾਜਾਰਾਂ ਵਿੱਚ ਵਿਕਦੇ ਹਰ ਤਰ੍ਹਾਂ ਦੇ ਖਾਣ ਪੀਣ ਦੇ ਸਾਮਾਨ ਵਿੱਚ ਮਿਲਾਵਟ ਪਾਈ ਜਾ ਰਹੀ ਹੈ| ਦਾਲਾਂ, ਮਸਾਲਿਆਂ ਵਿੱਚ ਵੀ ਵੱਡੇ ਪੱਧਰ ਉਪਰ ਮਿਲਾਵਟ ਹੋ ਰਹੀ ਹੈ ਅਤੇ ਬਾਜ਼ਾਰ ਵਿੱਚ ਅੱਜ ਕੱਲ ਕੋਈ ਵੀ ਸ਼ੁੱਧ ਚੀਜ ਮੁਸ਼ਕਿਲ ਨਾਲ ਹੀ ਮਿਲਦੀ ਹੈ| ਚੀਨ ਵਿੱਚ ਬਣਨ ਵਾਲੇ ਪਲਾਸਟਿਕ ਦੇ ਚਾਵਲ ਅਤੇ ਵੱਖ ਵੱਖ ਕੈਮੀਕਲਾਂ ਦੀ ਵਰਤੋਂ ਕਰਕੇ ਤਿਆਰ ਕੀਤੀ ਜਾਂਦੀ ਨਕਲੀ ਪੱਤਾ ਗੋਭੀ ਅਤੇ ਨਕਲੀ ਮੀਟ ਦੇ ਭਾਰਤੀ ਬਾਜਾਰ ਵਿੱਚ ਵੇਚੇ ਜਾਣ ਦੀਆਂ ਖਬਰਾਂ ਵੀ ਸਮੇਂ ਸਮੇਂ ਤੇ ਸੁਰਖੀਆਂ ਵਿੱਚ ਰਹਿੰਦੀਆਂ ਹਨ ਅਤੇ ਅਜਿਹਾ ਸਾਮਾਨ ਤਿਆਰ ਕਰਨ ਵਾਲੀਆਂ ਵੀਡੀਓ ਕਲਿਪਾਂ ਸੋਸ਼ਲ ਮੀਡੀਆ ਤੇ ਆਮ ਵੇਖੀਆਂ ਜਾ ਸਕਦੀਆਂ ਹਨ|
ਅਸੀਂ ਸਾਰੇ ਹੀ ਜਾਣਦੇ ਹਾਂ ਕਿ ਇਹਨਾਂ ਵਸਤੂਆਂ ਦਾ ਕਾਰੋਬਾਰ ਕਰਨ ਵਾਲੇ ਵਪਾਰੀ ਅਤੇ ਦੁਕਾਨਦਾਰ ਆਪਣਾ ਮੁਨਾਫਾ ਵਧਾਉਣ ਲਈ ਇਹ ਮਿਲਾਵਟੀ ਅਤੇ ਨਕਲੀ ਸਾਮਾਨ ਵੇਚ ਕੇ ਆਮ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰਦੇ ਹਨ ਪਰੰਤੂ ਉਹਨਾਂ ਦੇ ਖਿਲਾਫ ਕਾਰਵਾਈ ਕਰਨ ਵਾਲਾ ਤੰਤਰ ਜਿਵੇਂ ਡੂੰਘੀ ਨੀਂਦ ਸੁੱਤਾ ਪਿਆ ਹੈ| ਆਮ ਲੋਕਾਂ ਨੂੰ ਪਤਾ ਹੀ ਨਹੀਂ ਲੱਗਦਾ ਕਿ ਉਹ ਜਿਹੜੀ ਚੀਜ਼ ਖਾ ਰਹੇ ਹਨ, ਉਹ ਮਿਲਾਵਟੀ (ਜਾਂ ਨਕਲੀ) ਹੈ ਅਤੇ ਉਹਨਾਂ ਦੀ ਸਿਹਤ ਲਈ ਨੁਕਸਾਨਦੇਹ ਸਾਬਿਤ ਹੋ ਸਕਦੀ ਹੈ| ਲੋਕ ਬਸ ਸਸਤੇ ਸਾਮਾਨ ਦੇ ਲਾਲਚ ਵਿੱਚ ਇਹ ਮਿਲਾਵਟੀ ਤੇ ਨਕਲੀ ਸਾਮਾਨ ਖਰੀਦ ਲੈਂਦੇ ਹਨ|
ਦੁੱਧ ਅਤੇ ਦੁੱਧ ਨਾਲ ਬਣਨ ਵਾਲੀਆਂ ਵਸਤੂਆਂ ਜਿਵੇਂ ਪਨੀਰ, ਖੋਆ, ਦਹੀਂ ਅਤੇ ਮਿਠਾਈਆਂ ਆਦਿ ਵਿੱਚ ਮਿਲਾਵਟ ਦੀਆਂ ਜਿਹੜੀਆਂ ਰਿਪੋਰਟਾਂ ਸਮੇਂ ਸਮੇਂ ਤੇ ਟੀ ਵੀ ਚੈਨਲਾਂ ਉੱਪਰ ਨਸ਼ਰ ਕੀਤੀਆਂ ਜਾਂਦੀਆਂ ਹਨ ਉਹ ਲੂੰ ਕੰਡੇ ਖੜ੍ਹੇ ਕਰਨ ਵਾਲੀਆਂ ਹੁੰਦੀਆਂ ਹਨ| ਦੁੱਧ ਅਤੇ ਇਸਤੋਂ ਬਣਨ ਵਾਲੇ ਸਮਾਨ ਵਿੱਚ ਮਿਲਾਵਟ ਤਾਂ ਹੁੰਦੀ ਹੀ ਹੈ ਹੁਣ ਤਾਂ ਇਹਨਾਂ ਦੇ ਸੌਦਾਗਰਾਂ ਵਲੋਂ ਨਕਲੀ ਦੁੱਧ, ਖੋਆ, ਪਨੀਰ ਦਹੀਂ, ਲੱਸੀ ਅਤੇ ਅਜਿਹਾ ਹੋਰ ਸਾਮਾਨ ਬਨਾਵਟੀ ਤੌਰ ਤੇ ਤਿਆਰ ਕਰਕੇ ਬਾਜਾਰ ਵਿੱਚ ਵੇਚ ਦਿੱਤਾ ਜਾਂਦਾ ਹੈ|
ਮਿਲਾਵਟੀ ਅਤੇ ਨਕਲੀ ਸਾਮਾਨ ਦੇ ਇਸ ਕਾਰੋਬਾਰ ਤੇ ਕਾਬੂ ਕਰਨ ਲਈ ਜਰੂਰੀ ਹੈ ਕਿ ਕੇਂਦਰ ਅਤੇ ਰਾਜ ਸਰਕਾਰਾਂ ਵਲੋਂ ਦੇਸ਼ ਭਰ ਵਿੱਚ ਖੁੱਲੇਆਮ ਹੁੰਦੀ ਮਿਲਾਵਟੀ ਅਤੇ ਨਕਲੀ ਸਾਮਾਨ ਦੀ ਵਿਕਰੀ ਦੇ ਖਿਲਾਫ ਵਿਸ਼ੇਸ਼ ਮੁਹਿੰਮ ਚਲਾਈ ਜਾਵੇ ਅਤੇ ਇਸ ਕਾਲੇ ਕਾਰੋਬਾਰ ਤੇ ਸਖਤੀ ਨਾਲ ਰੋਕ ਲਗਾਈ ਜਾਵੇ| ਇਸ ਸੰਬੰਧੀ ਆਮ ਲੋਕ ਇਹ ਇਲਜਾਮ ਲਗਾਉਂਦੇ ਹਨ ਕਿ ਇਹ ਕਾਰੋਬਾਰ ਵੱਡੇ ਰਾਜਨੇਤਾਵਾਂ ਅਤੇ ਨੌਕਰਸ਼ਾਹਾਂ ਦੀ ਸਰਪਰਸਤੀ ਵਿੱਚ ਹੀ ਚਲਦਾ ਹੈ ਅਤੇ ਇਸ ਕਾਰੋਬਾਰ ਨਾਲ ਹੋਣ ਵਾਲੀ ਕਮਾਈ ਬਹੁਤ ਉੱਪਰ ਤਕ ਵੰਡੀ ਜਾਂਦੀ ਹੈ| ਇਸ ਤਰੀਕੇ ਨਾਲ ਹੁੰਦੀ ਮਿਲਾਵਟੀ ਅਤੇ ਨਕਲੀ ਸਾਮਾਨ ਦੀ ਵਿਕਰੀ ਸਰਕਾਰ ਦੀ ਕਾਰਗੁਜਾਰੀ ਤੇ ਵੀ ਸਵਾਲੀਆ ਨਿਸ਼ਾਨ ਚੁੱਕਦੀ ਹੈ| ਸਰਕਾਰ ਦੀ ਇਹ ਜਿੰਮੇਵਾਰੀ ਬਣਦੀ ਹੈ ਕਿ ਇਸ ਸਾਰੇ ਕੁੱਝ ਤੇ ਕਾਬੂ ਕਰਨ ਲਈ ਸਖਤ ਕਦਮ ਚੁੱਕੇ ਅਤੇ ਸਰਕਾਰ ਨੂੰ ਇਸ ਸੰਬੰਧੀ ਤੁਰੰਤ ਲੋੜੀਂਦੀ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ|

Leave a Reply

Your email address will not be published. Required fields are marked *