ਨਕਲੀ ਅਤੇ ਮਿਲਾਵਟੀ ਸਾਮਾਨ ਦੀ ਵਿਕਰੀ ਤੇ ਰੋਕ ਲਗਾਉਣਾ ਪ੍ਰਸ਼ਾਸ਼ਨ ਦੀ ਜਿੰਮੇਵਾਰੀ

ਗਰਮੀ ਦਾ ਮੌਸਮ ਪੂਰੀ ਤਰ੍ਹਾਂ ਜੋਰ ਫੜ ਚੁੱਕਿਆ ਹੈ ਅਤੇ ਇਸ ਮੌਸਮ ਵਿੱਚ ਦੂਸ਼ਿਤ ਪਾਣੀ ਅਤੇ ਖਾਣ ਪੀਣ ਦੇ ਖੁੱਲੇ ਵਿਕਣ ਵਾਲੇ ਸਾਮਾਨ ਕਾਰਨ ਪੇਟ ਦੀਆਂ ਬਿਮਾਰੀਆਂ ਦਾ ਖਤਰਾ ਸਭ ਤੋਂ ਵੱਧ ਹੁੰਦਾ ਹੈ| ਗਰਮੀਆਂ ਦੇ ਇਸ ਮੌਸਮ ਵਿੱਚ ਜਿੱਥੇ ਖਾਣ ਪੀਣ ਦਾ ਤਿਆਰ ਸਾਮਾਨ ਬਹੁਤ ਛੇਤੀ ਖਰਾਬ ਹੋ ਜਾਂਦਾ ਹੈ ਉੱਥੇ ਅਜਿਹਾ ਸਾਮਾਨ ਵੇਚਣ ਵਾਲੇ ਜਿਆਦਾਤਰ ਛੋਟੇ ਵੱਡੇ ਦੁਕਾਨਦਾਰ ਆਪਣਾ ਇਹ ਸਾਮਾਨ ਖਰਾਬ ਹੋਣ ਦੇ ਬਾਵਜੂਦ ਗ੍ਰਾਹਕਾਂ ਨੂੰ ਵੇਚ ਦਿੰਦੇ ਹਨ| ਉਂਝ ਵੀ ਅੱਜਕੱਲ ਬਾਜਾਰ ਵਿੱਚ ਵਿਕਣ ਵਾਲੀ ਹਰੇਕ ਵਸਤੂ ਵਿੱਚ ਮਿਲਾਵਟ ਦਾ ਬੋਲਬਾਲਾ ਹੈ ਅਤੇ ਲੋਕਾਂ ਵਲੋਂ ਨਿੱਤ ਵਰਤੋਂ ਵਿੱਚ ਲਿਆਂਦੀਆਂ ਜਾਣ ਵਾਲੀਆਂ ਖਾਣ ਪੀਣ ਦੀਆਂ ਵਸਤੂਆਂ ਪੂਰੀ ਤਰ੍ਹਾਂ ਮਿਲਾਵਟ ਦੀ ਮਾਰ ਹੇਠ ਹਨ| ਭਾਰੀ ਮੁਨਾਫੇਖੋਰੀ ਦੇ ਲਾਲਚ ਵਿੱਚ ਮਿਲਾਵਟ ਕਰਨ ਵਾਲੇ ਦੁਕਾਨਦਾਰ ਅਜਿਹੀ ਹਰੇਕ ਵਸਤੂ ਵਿੱਚ ਮਿਲਾਵਟ ਕਰਦੇ ਹਨ ਜਿਸ ਵਿੱਚ ਕਿਸੇ ਤਰ੍ਹਾਂ ਦੀ ਮਿਲਾਵਟ ਕਰਨ ਨਾਲ ਉਹਨਾਂ ਨੂੰ ਮੋਟਾ ਫਾਇਦਾ ਹੋਣ ਦੀ ਆਸ ਹੁੰਦੀ ਹੈ ਅਤੇ ਇਹਨਾਂ ਮੁਨਾਫਾਖੋਰਾਂ ਦੀ ਇਹ ਕਾਰਵਾਈ ਲਗਾਤਾਰ ਵੱਧਦੀ ਜਾ ਰਹੀ ਹੈ|
ਗਰਮੀ ਦੇ ਮੌਸਮ ਵਿੱਚ ਜਿੱਥੇ ਦੁੱਧ ਦੇ ਉਤਪਾਦਨ ਵਿੱਚ ਭਾਰੀ ਕਮੀ ਦਰਜ ਕੀਤੀ ਜਾਂਦੀ ਹੈ ਉੱਥੇ ਇਸਦੀ ਮੰਗ ਹੋਰ ਵੀ ਜਿਆਦਾ ਵੱਧਦੀ ਹੈ ਅਤੇ ਇਸ ਵੱਧਦੀ ਮੰਗ ਨੂੰ ਪੂਰਾ ਕਰਨ ਲਈ ਨਕਲੀ ਅਤੇ ਸਿੰਥੈਟਿਕ ਦੁੱਧ ਬਣਾ ਕੇ ਉਸਨੂੰ ਬਾਜਾਰ ਵਿੱਚ ਵੇਚਣ ਵਾਲੇ ਵੀ ਪੂਰੀ ਤਰ੍ਹਾਂ ਸਰਗਰਮ ਹੋ ਜਾਂਦੇ ਹਨ| ਇਹੀ ਕਾਰਨ ਹੈ ਕਿ ਇਸ ਮੌਸਮ ਵਿੱਚ ਮਿਲਾਵਟੀ ਅਤੇ ਸਿੰਥੈਟਿਕ ਦੁੱਧ ਦੀ ਵਿਕਰੀ ਵਿੱਚ ਵੀ ਭਾਰੀ ਵਾਧਾ ਹੁੰਦਾ ਹੈ| ਇਸ ਸੰਬੰਧੀ ਸਮੇਂ ਸਮੇਂ ਤੇ ਵੱਖ ਵੱਖ ਟੀ. ਵੀ. ਚੈਨਲਾਂ ਤੇ ਸਿੰਥੈਟਿਕ ਦੁੱਧ ਅਤੇ ਦੁੱਧ ਨਾਲ ਬਣਨ ਵਾਲੇ ਹੋਰ ਨਕਲੀ ਉਤਪਾਦਾਂ (ਪਨੀਰ, ਮੱਖਣ, ਖੋਆ, ਕ੍ਰੀਮ, ਦਹੀਂ, ਲੱਸੀ ਆਦਿ) ਨੂੰ ਬਣਾਉਣ ਅਤੇ ਬਾਜਾਰ ਵਿੱਚ ਚਲ ਰਹੀ ਇਹਨਾਂ ਉਤਪਾਦਾਂ ਦੀ ਵਿਕਰੀ ਸੰਬੰਧੀ ਰਿਪੋਰਟਾਂ ਵੀ ਪ੍ਰਸਾਰਿਤ ਕੀਤੀਆਂ ਜਾਂਦੀਆਂ ਹਨ ਜਿਹੜੀਆਂ ਇਹ ਸਾਬਿਤ ਕਰਦੀਆਂ ਹਨ ਕਿ ਦੇਸ਼ ਵਿੱਚ ਇਸ ਨਕਲੀ ਦੁੱਧ ਅਤੇ ਦੁੱਧ ਦੇ ਨਕਲੀ ਉਤਪਾਦਾਂ ਦੀ ਵਿਕਰੀ ਵੀ ਜੋਰਾਂ ਸ਼ੋਰਾਂ ਨਾਲ ਕੀਤੀ ਜਾਂਦੀ ਹੈ|
ਬਾਜਾਰ ਵਿੱਚ ਵਿਕਣ ਵਾਲਾ ਖਾਣ ਪੀਣ ਦਾ ਮਿਲਾਵਟੀ ਅਤੇ ਦੂਸ਼ਿਤ ਸਾਮਾਨ ਆਮ ਲੋਕਾਂ ਦੀ ਸਿਹਤ ਲਈ ਭਾਰੀ ਨੁਕਸਾਨ ਦਾ ਕਾਰਨ ਬਣਦਾ ਹੈ ਇਸ ਲਈ ਅਜਿਹੇ ਸਮਾਨ ਦੀ ਵਿਕਰੀ ਤੇ ਮੁਕੰਮਲ ਰੋਕ ਲਗਾਉਣ ਲਈ ਲੋੜੀਂਦੇ ਪ੍ਰਬੰਧ ਕੀਤੇ ਜਾਣੇ ਚਾਹੀਦੇ ਹਨ| ਇਹ ਸਮੱਸਿਆ ਗਰਮੀਆਂ ਵਿੱਚ ਜਿਆਦਾ ਵੱਧਦੀ ਹੈ ਅਤੇ ਇਸ ਕਾਰਵਾਈ ਤੇ ਰੋਕ ਲਗਾਉਣ ਲਈ ਜਰੂਰੀ ਹੈ ਕਿ ਸ਼ਹਿਰ ਵਿੱਚ ਵੱਖ ਵੱਖ ਸਰੋਤਾਂ ਤੋਂ ਵਿਕਣ ਵਾਲੇ ਖਾਣ ਪੀਣ ਦੇ ਹਰ ਤਰ੍ਹਾਂ ਦੇ ਸਾਮਾਨ ਦੀ ਜਾਂਚ ਲਈ ਲੋੜੀਂਦਾ ਬੁਨਿਆਦੀ ਢਾਂਚਾ ਤਿਆਰ ਕੀਤਾ ਜਾਵੇ ਅਤੇ ਇਸ ਸੰਬੰਧੀ ਮਿਲਾਵਟੀ ਅਤੇ ਘਟੀਆ ਸਾਮਾਨ ਬਣਾਉਣ ਅਤੇ ਵੇਚਣ ਵਾਲੇ ਲੋਕਾਂ ਦੇ ਖਿਲਾਫ ਵਿਸ਼ੇਸ਼ ਮੁਹਿੰਮ ਚਲਾ ਕੇ ਉਹਨਾਂ ਦੇ ਖਿਲਾਫ ਲੋੜੀਂਦੀ ਕਾਰਵਾਈ ਕੀਤੀ ਜਾਵੇ|
ਬਾਜਾਰ ਵਿੱਚ ਖੁੱਲੇਆਮ ਵਿਕਦਾ ਖਾਣ ਪੀਣ ਦਾ ਇਹ ਮਿਲਾਵਟੀ ਅਤੇ ਨਕਲੀ ਸਾਮਾਨ ਆਮ ਲੋਕਾਂ ਦੀ ਸਿਹਤ ਉੱਪਰ ਬਹੁਤ ਮਾਰੂ ਅਸਰ ਪਾਉਂਦਾ ਹੈ ਪਰੰਤੂ ਇਸਦੇ ਬਾਵਜੂਦ ਸਥਾਨਕ ਪ੍ਰਸ਼ਾਸ਼ਨ ਸ਼ਹਿਰ ਵਿੱਚ ਹੁੰਦੀ ਇਸ ਮਿਲਾਵਟੀ ਸਾਮਾਨ ਦੀ ਵਿਕਰੀ ਤੇ ਰੋਕ ਲਗਾਉਣ ਵਿੱਚ ਕਾਬੂ ਕਰਨ ਦਾ ਸਮਰਥ ਨਹੀਂ ਹੈ ਜਦੋਂਕਿ ਪ੍ਰਸ਼ਾਸ਼ਨ ਦੀ ਇਹ ਜਿੰਮੇਵਾਰੀ ਬਣਦੀ ਹੈ ਕਿ ਉਸ ਵਲੋਂ ਸ਼ਹਿਰ ਵਿੱਚ ਵਿਕਣ ਵਾਲੇ ਅਜਿਹੇ ਖਾਣ ਪੀਣ ਦੇ ਨਕਲੀ ਅਤੇ ਮਿਲਾਵਟੀ ਸਾਮਾਨ ਦੀ ਵਿਕਰੀ ਤੇ ਰੋਕ ਲਗਾਉਣ ਲਈ ਲੋੜੀਂਦੀ ਕਾਰਵਾਈ ਨੂੰ ਯਕੀਨੀ ਬਣਾਇਆ ਜਾਵੇ|
ਜਿਲ੍ਹੇ ਦੇ ਡਿਪਟੀ ਕਮਿਸ਼ਨਰ ਨੂੰ ਚਾਹੀਦਾ ਹੈ ਕਿ ਉਹ ਖੁਦ ਇਸ ਪਾਸੇ ਧਿਆਨ ਦੇਣ ਅਤੇ ਜਿਲ੍ਹੇ ਵਿੱਚ ਵਿਕਦੇ ਖਾਣ ਪੀਣ ਦੇ ਨਕਲੀ ਅਤੇ ਮਿਲਾਵਟੀ ਸਾਮਾਨ ਦੀ ਵਿਕਰੀ ਤੇ ਕਾਬੂ ਕਰਨ ਲਈ ਲੋੜੀਂਦੀ ਕਾਰਵਾਈ ਨੂੰ ਯਕੀਨੀ ਬਣਾਉਣ| ਇਸ ਸੰਬੰਧੀ ਸਿਹਤ ਵਿਭਾਗ ਦੇ ਅਧਿਕਾਰੀਆਂ ਦੀ ਜਿੰਮਵਾਰੀ ਤੈਅ ਕੀਤੀ ਜਾਣੀ ਚਾਹੀਦੀ ਹੈ ਅਤੇ ਸ਼ਹਿਰ ਦੇ ਸਾਰੇ ਹੋਟਲਾਂ, ਰੈਸਟਾਰੈਂਟਾਂ, ਢਾਬਿਆਂ, ਰੇਹੜੀਆਂ ਫੜੀਆਂ ਅਤੇ ਅਜਿਹੀਆਂ ਹੋਰਨਾਂ ਥਾਵਾਂ ਤੇ ਵਿਕਦੇ ਖਾਣ ਪੀਣ ਦੇ ਹਰ ਤਰ੍ਹਾਂ ਦੇ ਸਾਮਾਨ ਦੀ ਮੁਕੰਮਲ ਜਾਂਚ ਦੇ ਪ੍ਰਬੰਧ ਕੀਤੇ ਜਾਣੇ ਚਾਹੀਦੇ ਹਨ ਤਾਂ ਜੋ ਆਮ ਲੋਕਾਂ ਦੀ ਸਿਹਤ ਨਾਲ ਹੋ ਰਹੇ ਖਿਲਵਾੜ ਦੀ ਇਸ ਕਾਰਵਾਈ ਨੂੰ ਰੋਕਿਆ ਜਾ ਸਕੇ|

Leave a Reply

Your email address will not be published. Required fields are marked *