ਨਕਲੀ ਤੇ ਨਾਜਾਇਜ਼ ਸ਼ਰਾਬ ਦੇ ਕਾਰੋਬਾਰ ਪ੍ਰਤੀ ਪੰਜਾਬ ਸਰਕਾਰ ਵੱਲੋਂ ਜ਼ੀਰੋ ਟਾਲਰੈਂਸ ਦੀ ਨੀਤੀ ਸਖ਼ਤੀ ਨਾਲ ਲਾਗੂ : ਵੇਨੂੰ ਪ੍ਰਸਾਦ


ਰਾਜਪੁਰਾ, 9 ਦਸੰਬਰ (ਬਿੰਦੂ ਸ਼ਰਮਾ) ਪੰਜਾਬ ਦੇ ਵਿੱਤ ਕਮਿਸ਼ਨਰ (ਕਰ) ਸ੍ਰੀ ਏ. ਵੇਨੂੰ ਪ੍ਰਸਾਦ ਨੇ ਕਿਹਾ ਹੈ ਕਿ ਪੰਜਾਬ ਸਰਕਾਰ ਵੱਲੋਂ ਨਕਲੀ ਤੇ ਨਾਜਾਇਜ਼ ਸ਼ਰਾਬ ਦੇ ਕਾਰੋਬਾਰ ਪ੍ਰਤੀ ਅਪਣਾਈ ਜ਼ੀਰੋ ਟਾਲਰੈਂਸ’ ਦੀ ਨੀਤੀ ਤੇ ਸਖ਼ਤੀ ਨਾਲ ਅਮਲ ਕੀਤਾ ਜਾ ਰਿਹਾ ਹੈ| ਸ੍ਰੀ ਵੇਨੂੰ ਪ੍ਰਸਾਦ ਅਤੇ ਆਬਕਾਰੀ ਕਮਿਸ਼ਨਰ, ਪੰਜਾਬ ਸ੍ਰੀ ਰਜਤ ਅਗਰਵਾਲ, ਰਾਜਪੁਰਾ ਵਿਖੇ ਆਬਕਾਰੀ ਵਿਭਾਗ ਅਤੇ ਆਬਕਾਰੀ ਪੁਲੀਸ ਵੱਲੋਂ ਬੀਤੀ ਰਾਤ ਨਾਜਾਇਜ਼ ਤਰੀਕੇ ਨਾਲ ਦੇਸੀ ਸ਼ਰਾਬ ਤਿਆਰ ਕਰਨ ਵਾਲੀ ਫੜੀ ਗਈ ਇੱਕ ਨਾਜਾਇਜ਼ ਫੈਕਟਰੀ ਦਾ ਜਾਇਜ਼ਾ ਲੈਣ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ|   
ਇਸ ਮੌਕੇ ਸ੍ਰੀ ਵੇਨੂੰ ਪ੍ਰਸਾਦ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਸੂਬੇ ਵਿੱਚ ਸ਼ਰਾਬ ਦੇ ਗ਼ੈਰਕਾਨੂੰਨੀ ਧੰਦੇ ਵਿਰੁੱਧ ਆਰੰਭ ਕੀਤੇ ਆਪਰੇਸ਼ਨ ਰੈਡ ਰੋਜ਼ ਤਹਿਤ ਕੀਤੀ ਕਾਰਵਾਈ ਸਦਕਾ ਰਾਜ ਦਾ ਆਬਕਾਰੀ ਮਾਲੀਆ ਪਿਛਲੇ ਵਰ੍ਹੇ ਨਾਲੋਂ 29 ਫ਼ੀਸਦੀ ਵਧਿਆ ਹੈ| ਉਨ੍ਹਾਂ ਦੱਸਿਆ ਕਿ ਸ਼ਰਾਬ ਦੀ ਵਧੀ ਵਿਕਰੀ ਸਦਕਾ ਆਬਕਾਰੀ ਵਿਭਾਗ ਨੇ ਪਹਿਲੀ ਵਾਰ ਸ਼ਰਾਬ ਦਾ 15 ਫੀਸਦੀ ਕੋਟਾ ਵੀ ਵਧਾਇਆ ਹੈ ਸਿੱਟੇ ਵਜੋਂ ਮਾਲੀਏ ਵਿੱਚ ਹੁਣ ਤੱਕ 785 ਕਰੋੜ ਰੁਪਏ ਦਾ ਇਜ਼ਾਫ਼ਾ ਦਰਜ ਕੀਤਾ ਗਿਆ ਹੇ| ਉਹਨਾਂ ਕਿਹਾ ਕਿ ਆਬਕਾਰੀ ਵਿਭਾਗ ਵੱਲੋਂ ਐਕਸਟਰਾ ਨਿਊਟਰਲ ਈਥਾਨੋਲ ਨੂੰ ਫੈਕਟਰੀਆਂ ਵਿਚੋਂ ਲਿਆਉਣ ਸਮੇਂ ਇਸ ਦੀ ਚੋਰੀ ਰੋਕਣ ਲਈ ਈ. ਐਨ. ਏ. ਦੀ ਢੋਆ-ਢੋਆਈ ਵਿੱਚ ਲੱਗੇ ਵਾਹਨਾਂ ਤੇ ਸੀਲਾਂ ਅਤੇ ਜੀ ਪੀ ਆਰ ਐਸ ਪ੍ਰਣਾਲੀ ਪਹਿਲਾਂ ਹੀ ਲਾਗੂ ਕੀਤੀ ਜਾ ਚੁੱਕੀ ਹੈ ਅਤੇ ਹੁਣ ਸਗੋਂ ਹੋਰ ਚੌਕਸੀ ਤਹਿਤ ਨਵੀਂ ਰਣਨੀਤੀ ਵੀ ਤਿਆਰ ਕੀਤੀ ਗਈ ਹੈ, ਤਾਂ ਜੋ ਕਿਸੇ ਵੀ ਗੜਬੜੀ ਨੂੰ ਤੁਰੰਤ ਨੱਥ ਪਾਈ ਜਾ ਸਕੇ|
ਪੱਤਰਕਾਰਾਂ ਵੱਲੋਂ ਪੁੱਛੇ ਇੱਕ ਸਵਾਲ ਦੇ ਜਵਾਬ ਵਿੱਚ ਸ੍ਰੀ ਪ੍ਰਸਾਦ ਨੇ ਕਿਹਾ ਕਿ ਰਾਜਪੁਰਾ ਤੇ ਸ਼ੰਭੂ ਖੇਤਰ ਹਰਿਆਣਾ ਨਾਲ ਲੱਗਦਾ ਹੋਣ ਕਰਕੇ ਅਤੇ ਈ. ਐਨ. ਏ. ਦੀ ਢੋਆ-ਢੁਆਈ ਤੇ ਸਖਤੀ ਕਰਨ ਕਰਕੇ ਅਜਿਹੀ ਫੈਕਟਰੀ ਕੌਮੀ ਸ਼ਾਹਰਾਹ ਨੇੜੇ ਲਗਾਈ ਗਈ ਹੋ ਸਕਦੀ ਹੈ ਪਰੰਤੂ ਕਿਸੇ ਵੀ ਗੈਰ ਸਮਾਜੀ ਅਨਸਰ ਨੂੰ ਬਖਸ਼ਿਆ ਨਹੀਂ ਜਾਵੇਗਾ| ਉਨ੍ਹਾਂ ਕਿਹਾ ਕਿ ਵਿਭਾਗ ਵੱਲੋਂ ਡਿਸਟਰੀਆਂ ਤੇ ਵੀ ਛਾਪੇਮਾਰੀ ਕਰਕੇ ਜਾਂਚ ਕੀਤੀ ਗਈ ਹੈ ਅਤੇ ਕੁਝ ਫੈਕਟਰੀਆਂ ਨੂੰ ਜੁਰਮਾਨੇ ਵੀ ਲਗਾਏ ਗਏ ਹਨ| 
ਸ੍ਰੀ ਅਗਰਵਾਲ ਨੇ ਕਿਹਾ ਕਿ ਆਬਕਾਰੀ ਵਿਭਾਗ ਤੇ ਪੁਲੀਸ ਵੱਲੋਂ ਰਾਜ ਭਰ ਵਿੱਚ ਅਜਿਹੀ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਤਰਨਤਾਰਨ, ਬਿਆਸ ਦੇ ਕਿਨਾਰੇ, ਲੁਧਿਆਣਾ, ਹੁਸ਼ਿਆਰਪੁਰ, ਅੰਮ੍ਰਿਤਸਰ ਆਦਿ ਵਿਖੇ ਅਜਿਹੀ ਨਾਜਾਇਜ਼ ਸ਼ਰਾਬ ਤਿਆਰ ਕਰਨ ਵਾਲਿਆਂ ਤੇ ਸਿਕੰਜ਼ਾ ਕਸਿਆ ਗਿਆ ਹੈ| ਜਦਕਿ ਪਿੰਡਾਂ ਵਿੱਚ ਲਾਹਣ ਤਿਆਰ ਕਰਨ ਵਾਲਿਆਂ ਵਿਰੁੱਧ ਵੀ ਵੱਡੀ ਕਾਰਵਾਈ ਕੀਤੀ ਗਈ ਹੈ| 
ਉਨ੍ਹਾਂ ਦੱਸਿਆ ਕਿ ਹੁਣ ਤੱਕ ਕੋਈ 13 ਹਜ਼ਾਰ ਮਾਮਲੇ ਦਰਜ ਕੀਤੇ ਗਏ ਹਨ ਅਤੇ 11 ਹਜ਼ਾਰ ਵਿਅਕਤੀ ਗ੍ਰਿਫ਼ਤਾਰ ਕੀਤੇ ਗਏ ਹਨ| ਉਨ੍ਹਾਂ ਹੋਰ ਦੱਸਿਆ ਕਿ ਵਿਭਾਗ ਨੇ ਆਪਣੇ ਗੁਪਤ ਸੂਤਰ ਵੀ ਤਿਆਰ ਕੀਤੇ ਹਨ ਤਾਂ ਕਿ ਅਜਿਹੇ ਧੰਦੇ ਵਿੱਚ ਲੱਗੇ ਵਿਅਕਤੀਆਂ ਦੀ ਸੂਚਨਾ ਮਿਲ                ਸਕੇ|
ਇਸ ਮੌਕੇ ਆਬਕਾਰੀ ਵਿਭਾਗ ਦੇ ਵਧੀਕ ਕਮਿਸ਼ਨਰ ਆਬਕਾਰੀ ਨਵਦੀਪ ਭਿੰਡਰ, ਸੰਯੁਕਤ ਕਮਿਸ਼ਨਰ ਆਬਕਾਰੀ ਪੰਜਾਬ ਨਰੇਸ਼ ਦੂਬੇ,                       ਏ.ਆਈ.ਜੀ. ਆਬਕਾਰੀ ਤੇ ਕਰ              ਏ.ਪੀ.ਐਸ. ਘੁੰਮਣ, ਐਸ.ਪੀ. ਪ੍ਰੀਤੀਪਾਲ ਸਿੰਘ ਅਤੇ ਉਪ ਕਮਿਸ਼ਨਰ ਆਬਕਾਰੀ ਪਟਿਆਲਾ ਜ਼ੋਨ ਰਾਜਪਾਲ ਸਿੰਘ ਖਹਿਰਾ, ਏ.ਈ.ਟੀ.ਸੀ. ਵਿਨੋਦ ਪਾਹੂਜਾ, ਸਹਾਇਕ ਕਮਿਸ਼ਨਰ ਆਬਕਾਰੀ ਪਟਿਆਲਾ ਇੰਦਰਜੀਤ ਨਾਗਪਾਲ, ਏ.ਈ.ਟੀ.ਸੀ. ਇਨਫੋਰਸਮੈਂਟ ਰਵੀ ਇੰਦਰ ਕਾਲੜਾ, ਈ.ਟੀ.ਓ. ਹਰਜੋਤ ਸਿੰਘ ਤੇ ਰੋਹਿਤ ਗਰਗ ਤੋਂ ਇਲਾਵਾ ਹੋਰ ਸੀਨੀਅਰ ਅਧਿਕਾਰੀ ਵੀ ਮੌਜੂਦ ਸਨ|

Leave a Reply

Your email address will not be published. Required fields are marked *