ਨਕਲੀ ਦੁੱਧ ਬਣਾਉਣ ਤੇ ਵੇਚਣ ਵਾਲਿਆਂ ਵਿਰੁੱਧ ਕਾਰਵਾਈ ਕੀਤੀ ਜਾਵੇ : ਭਾਰਤੀ ਕਿਸਾਨ ਯੂਨੀਅਨ ਏਕਤਾ (ਸਿੱਧੂਪੁਰ)

ਐਸ ਏ ਐਸ ਨਗਰ, 2 ਅਗਸਤ (ਸ.ਬ.) ਭਾਰਤੀ ਕਿਸਾਨ ਯੂਨੀਅਨ ਏਕਤਾ (ਸਿੱਧੂਪੁਰ) ਦੇ ਇੱਕ ਵਫਦ ਵਲੋਂ ਸ੍ਰ. ਮਿਹਰ ਸਿੰਘ ਥੇੜੀ ਮੀਤ ਪ੍ਰਧਾਨ ਪੰਜਾਬ ਦੀ ਅਗਵਾਈ ਵਿੱਚ ਮਿਲਕ ਪਲਾਂਟ ਮੁਹਾਲੀ ਦੇ ਜੀ ਐਮ ਸ੍ਰ. ਊਧਮ ਸਿੰਘ ਅਤੇ ਮਿਲਕਫੈਡ ਪੰਜਾਬ ਦੇ ਐਮ ਡੀ ਸ੍ਰ. ਮਨਜੀਤ ਸਿੰਘ ਬਰਾੜ ਨਾਲ ਵੱਖੋ ਵੱਖਰੇ ਤੌਰ ਤੇ ਮੁਲਾਕਾਤ ਕੀਤੀ ਗਈ ਅਤੇ ਦੋਵਾਂ ਅਧਿਕਾਰੀਆਂ ਤੋਂ ਹੀ ਮੰਗ ਕੀਤੀ ਗਈ ਕਿ ਮੁਹਾਲੀ ਸਮੇਤ ਪੂਰੇ ਪੰਜਾਬ ਵਿੱਚ ਹੀ ਨਕਲੀ ਦੁੱਧ ਬਣਾਉਣ ਅਤੇ ਵੇਚਣ ਵਾਲਿਆਂ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇ|
ਇਸ ਮੌਕੇ ਵਫਦ ਵਿੱਚ ਸ਼ਾਮਲ ਕਿਸਾਨ ਆਗੂਆਂ ਨੇ ਕਿਹਾ ਕਿ ਪੰਜਾਬ ਵਿੱਚ ਇਸ ਸਮੇਂ ਅਸਲੀ ਦੁੱਧ ਦੇ ਨਾਲ ਨਾਲ ਨਕਲੀ ਦੁੱਧ ਵੀ ਵਿਕ ਰਿਹਾ ਹੈ, ਜੋ ਕਿ ਚਿੰਤਾ ਦਾ ਵਿਸ਼ਾ ਹੈ| ਉਹਨਾਂ ਕਿਹਾ ਕਿ ਮਿਲਕਫੈਡ ਅਤੇ ਪੰਜਾਬ ਸਰਕਾਰ ਨੂੰ ਚਾਹੀਦਾ ਹੈ ਕਿ ਨਕਲੀ ਦੁਧ ਬਣਾਉਣ ਵਾਲਿਆਂ ਨੂੰ ਕਾਬੂ ਕਰਕੇ ਉਹਨਾਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ ਤਾਂ ਕਿ ਪੰਜਾਬ ਵਿਚੋਂ ਨਕਲੀ ਦੁੱਧ ਦਾ ਧੰਦਾ ਖਤਮ ਹੋ ਸਕੇ| ਉਹਨਾਂ ਕਿਹਾ ਕਿ ਜਿਹੜੇ ਕਿਸਾਨ ਮਿਲਕ ਪਲਾਂਟ ਵਿੱਚ ਦੁੱਧ ਪਾਉਂਦੇ ਹਨ, ਉਹਨਾਂ ਨੂੰ ਪਿਛਲੇ ਇਕ ਮਹੀਨੇ ਤੋਂ ਪੈਸੇ ਨਹੀਂ ਮਿਲੇ, ਜਦੋਂਕਿ ਪਹਿਲਾਂ ਹਰ ਦਸ ਦਿਨ ਬਾਅਦ ਹੀ ਪੈਸੇ ਮਿਲ ਜਾਂਦੇ ਸਨ ਪਰ ਹੁਣ ਇਕ ਮਹੀਨਾ ਬੀਤ ਗਿਆ ਹੈ ਪਰ ਕਿਸਾਨਾਂ ਨੂੰ ਦੁੱਧ ਦੇ ਪੈਸੇ ਨਹੀਂ ਦਿੱਤੇ ਜਾ ਰਹੇ|
ਉਹਨਾਂ ਕਿਹਾ ਕਿ ਦਿਨੋਂ ਦਿਨ ਮਹਿੰਗਾਈ ਬਹੁਤ ਵੱਧ ਗਈ ਹੈ ਅਤੇ ਹਰ ਚੀਜ ਹੀ ਮਹਿੰਗੀ ਹੋ ਗਈ ਹੈ ਅਤੇ ਪਾਲਤੂ ਪਸ਼ੂ ਪਾਲਣੇ ਬਹੁਤ ਮਹਿੰਗੇ ਪੈ ਰਹੇ ਹਨ| ਇਸ ਲਈ ਦੁੱਧ ਦੇ ਰੇਟ ਵਿੱਚ ਪੰਜ ਰੁਪਏ ਪ੍ਰਤੀ ਲੀਟਰ ਵਾਧਾ ਕੀਤਾ ਜਾਵੇ|
ਉਹਨਾਂ ਕਿਹਾ ਕਿ ਜੇ ਕਿਸਾਨਾਂ ਨੂੰ ਇਕ ਹਫਤੇ ਦੇ ਵਿੱਚ ਦੁੱਧ ਦੇ ਪੈਸੇ ਨਾ ਦਿੱਤੇ ਗਏ ਤਾਂ ਉਹਨਾਂ ਵਲੋਂ ਸੰਘਰਸ਼ ਸ਼ੁਰੂ ਕਰ ਦਿੱਤਾ ਜਾਵੇਗਾ|
ਇਸ ਮੌਕੇ ਦੋਵਾਂ ਅਧਿਕਾਰੀਆਂ ਨੇ ਕਿਸਾਨ ਆਗੂਆਂ ਦੀਆਂ ਮੰਗਾਂ ਨੂੰ ਧਿਆਨ ਨਾਲ ਸੁਣਿਆ ਅਤੇ ਉਹਨਾਂ ਮੰਗਾਂ ਸਬੰਧੀ ਯੋਗ ਕਾਰਵਾਈ ਕਰਨ ਦਾ ਭਰੋਸਾ ਦਿਤਾ|
ਇਸ ਵਫਦ ਵਿੱਚ ਮਾਨ ਸਿੰਘ ਵਿੱਤ ਸਕੱਤਰ ਪੰਜਾਬ, ਸੁਰਿੰਦਰ ਸਿੰਘ ਲੌਹਾਰੀ ਜਨਰਲ ਸਕੱਤਰ ਜਿਲਾ ਫਤਹਿਗੜ੍ਹ ਸਾਹਿਬ, ਜਸਵੰਤ ਸਿੰਘ ਨਡਿਆਲੀ ਜਨਰਲ ਸਕੱਤਰ ਜਿਲ੍ਹਾ ਪਟਿਆਲਾ, ਹਰਜੀਤ ਸਿੰਘ ਬਹਿਲਪੁਰਾ ਮੀਤ ਪ੍ਰਧਾਨ ਜਿਲ੍ਹਾ ਪਟਿਆਲਾ, ਗੁਰਦੇਵ ਸਿੰਘ ਬਲਾਕ ਪ੍ਰਧਾਨ ਰਾਜਪੁਰਾ, ਬਲਜਿੰਦਰ ਸਿੰਘ ਭਜੌਲੀ ਬਲਾਕ ਪ੍ਰਧਾਨ ਮਾਜਰੀ, ਤਰਲੋਚਨ ਸਿੰਘ ਨਡਿਆਲੀ ਜਨਰਲ ਸਕੱਤਰ ਰਾਜਪੁਰਾ ਵੀ ਸ਼ਾਮਲ ਸਨ|

Leave a Reply

Your email address will not be published. Required fields are marked *