ਨਕਸਲੀਆਂ ਨਾਲ ਮੁਕਾਬਲੇ ਵਿੱਚ ਸੀ ਆਰ ਪੀ ਐਫ ਦਾ ਕੋਬਰਾ ਕਮਾਂਡੋ ਸ਼ਹੀਦ

ਨਵੀਂ ਦਿੱਲੀ, 7 ਜੂਨ (ਸ.ਬ.) ਨਕਸਲੀਆਂ ਦੇ ਨਾਲ ਚੱਲ ਰਹੇ ਮੁਕਾਬਲੇ ਵਿੱਚ ਅੱਜ ਸੀ.ਆਰ.ਪੀ.ਐਫ ਦੀ 209 ਕੋਬਰਾ ਬਟਾਲੀਅਨ ਦਾ ਇਕ ਕਮਾਂਡੋ ਸ਼ਹੀਦ ਹੋ ਗਿਆ| ਨਕਸਲੀਆਂ ਅਤੇ ਸੀ.ਆਰ.ਪੀ.ਐਫ ਦੇ ਵਿਚਕਾਰ ਇਹ ਮੁਕਾਬਲਾ ਝਾਰਖੰਡ ਦੇ ਸਰਾਇਕੇਲਾ ਇਲਾਕੇ ਵਿੱਚ ਚੱਲ ਰਿਹਾ ਹੈ| ਇਸ ਮੁਕਾਬਲੇ ਵਿੱਚ ਝਾਰਖੰਡ ਪੁਲੀਸ ਦਾ ਇਕ ਜਵਾਨ ਵੀ ਜ਼ਖਮੀ ਹੋਇਆ ਹੈ| ਜਿਸ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ| ਜਿੱਥੇ ਉਸ ਦੀ ਹਾਲਤ ਗੰਭੀਰ ਬਣੀ ਹੋਈ ਹੈ| ਨਕਸਲੀਆਂ ਅਤੇ ਸੀ.ਆਰ.ਪੀ.ਐਫ ਦੇ ਕਮਾਂਡੋਜ਼ ਵਿਚਕਾਰ ਭਾਰੀ ਗੋਲੀਬਾਰੀ ਹੁਣ ਵੀ ਜਾਰੀ ਹੈ|
ਸੀ.ਆਰ.ਪੀ.ਐਫ ਦੇ ਸੀਨੀਅਰ ਅਧਿਕਾਰੀ ਮੁਤਾਬਕ ਅੱਜ ਸਵੇਰੇ 209 ਕੋਬਰਾ ਬਟਾਲੀਅਨ ਨੂੰ ਜਾਣਕਾਰੀ ਮਿਲੀ ਕਿ ਦਲਭਾਗਾ ਦੇ ਜੰਗਲਾਂ ਵਿੱਚ ਭਾਰੀ ਮਾਤਰਾ ਵਿੱਚ ਨਕਸਲੀਆਂ ਨੂੰ ਦੇਖਿਆ ਗਿਆ ਹੈ| ਸੂਚਨਾ ਮਿਲਦੇ ਹੀ ਸੀ.ਆਰ.ਪੀ.ਐਫ ਦੇ ਕੋਬਰਾ ਕਮਾਂਡੋ ਅਤੇ ਝਾਰਖੰਡ ਪੁਲੀਸ ਦੀ ਸੰਯੁਕਤ ਟੀਮ ਮੌਕੇ ਤੇ ਪੰਹੁਚੀ| ਸੂਤਰਾਂ ਮੁਤਾਬਕ ਸੀ.ਆਰ.ਪੀ.ਐਫ ਵੱਲੋਂ ਚਲਾਏ ਗਏ ਸਰਚ ਆਪਰੇਸ਼ਨ ਦੀ ਸੂਹ ਨਕਸਲੀਆਂ ਨੂੰ ਲੱਗ ਗਈ| ਉਨ੍ਹਾਂ ਨੇ ਸੀ.ਆਰ.ਪੀ.ਐਫ ਅਤੇ ਝਾਰਖੰਡ ਪੁਲੀਸ ਦੀ ਸੰਯੁਕਤ ਟੀਮ ਤੇ ਹਮਲਾ ਕਰਨ ਦੀ ਯੋਜਨਾ ਬਣਾ ਲਈ| ਸਵੇਰੇ ਕਰੀਬ 8 ਵਜੇ ਜਿਸ ਤਰ੍ਹਾਂ ਹੀ ਸੀ.ਆਰ.ਪੀ.ਐਫ ਅਤੇ ਝਾਰਖੰਡ ਪੁਲੀਸ ਦੀ ਸੰਯੁਕਤ ਟੀਮ ਮੌਕੇ ਤੇ ਪੁੱਜੀ, ਨਕਸਲੀਆਂ ਨੇ ਗੋਲੀਬਾਰੀ ਸ਼ੁਰੂ ਕਰ ਦਿੱਤੀ| ਇਸ ਗੋਲੀਬਾਰੀ ਵਿੱਚ ਇਕ ਗੋਲੀ ਸੀ.ਆਰ.ਪੀ.ਐਫ ਦੇ ਕਮਾਂਡੋ ਅਤੇ ਦੂਜੀ ਗੋਲੀ ਝਾਰਖੰਡ ਪੁਲੀਸ ਦੇ ਕਮਾਂਡੋ ਨੂੰ ਲੱਗੀ| ਦੋਵੇਂ ਕਮਾਂਡੋਜ਼ ਨੂੰ ਤੁਰੰਤ ਮੌਕੇ ਤੇ ਹਸਪਤਾਲ ਲਈ ਰਵਾਨਾ ਕੀਤਾ ਗਿਆ| ਹਸਪਤਾਲ ਪੁੱਜਣ ਤੇ ਸੀ. ਆਰ. ਪੀ. ਐਫ ਦੇ ਕਮਾਂਡੋ ਨੂੰ ਸ਼ਹੀਦ ਕਰਾਰ ਦਿੱਤਾ ਗਿਆ| ਗੰਭੀਰ ਰੂਪ ਨਾਲ ਜ਼ਖਮੀ ਝਾਰਖੰਡ ਪੁਲੀਸ ਦੇ ਜਵਾਨ ਦਾ ਇਲਾਜ ਜਾਰੀ ਹੈ|

Leave a Reply

Your email address will not be published. Required fields are marked *