ਨਗਰ ਕੌਂਸਲ ਡੇਰਾਬਸੀ ਦੀ 40 ਕਰੋੜ ਰੁਪਏ ਦੀ ਜਾਇਦਾਦ ਉੱਪਰ ਕਾਂਗਰਸੀ ਆਗੂਆਂ ਨੇ ਨਾਜਾਇਜ਼ ਕਬਜਾ ਕੀਤਾ : ਕੰਵਰ ਸੰਧੂ, ਧਾਲੀਵਾਲ

ਐਸ ਏ ਐਸ ਨਗਰ, 9 ਜੁਲਾਈ (ਸ.ਬ.) ਆਮ ਆਦਮੀ ਪਾਰਟੀ ਦੇ ਖਰੜ ਤੋਂ ਵਿਧਾਇਕ ਤੇ ਮੁੱਖ ਬੁਲਾਰੇ ਕੰਵਰ ਸੰਧੂ ਤੇ ਪਾਰਟੀ ਦੇ ਜਿਲ੍ਹਾ ਮੁਹਾਲੀ ਦੇ ਪ੍ਰਧਾਨ ਦਰਸ਼ਨ ਸਿੰਘ ਧਾਲੀਵਾਲ ਨੇ ਨਗਰ ਕੌਂਸਲ ਡੇਰਾਬਸੀ ਦੇ ਸਾਬਕਾ ਪ੍ਰਧਾਨ ਤੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸਾਬਕਾ ਮੈਂਬਰ ਤੇ ਉਸਦੇ ਭਰਾ ਉੱਪਰ ਨਗਰ ਕੌਂਸਲ ਡੇਰਾਬਸੀ ਦੀ ਲਗਭਗ 40 ਕਰੋੜ ਰੁਪਏ ਦੀ ਜਾਇਦਾਦ ਉਪਰ ਕਥਿਤ ਕਬਜਾ ਕਰਨ ਦਾ ਦੋਸ਼ ਲਗਾਇਆ ਹੈ|
ਅੱਜ ਡਿਪਟੀ ਕਮਿਸ਼ਨਰ ਮੁਹਾਲੀ ਨੂੰ ਇੱਕ ਲਿਖਤੀ ਸ਼ਿਕਾਇਤ (ਜਿਸ ਦੀ ਕਾਪੀ ਸ੍ਰੀ ਨਵਜੋਤ ਸਿੰਘ ਸਿੱਧੂ ਨੂੰ ਵੀ ਭੇਜੀ ਗਈ) ਦੇਣ ਤੋਂ ਬਾਅਦ ਇੱਕ ਪੱਤਰਕਾਰ ਸੰਮੇਲਨ ਵਿੱਚ ਵਿਧਾਇਕ ਕੰਵਰ ਸੰਧੂ ਅਤੇ ਜਿਲ੍ਹਾ ਪ੍ਰਧਾਨ ਦਰਸ਼ਨ ਸਿੰਘ ਧਾਲੀਵਾਲ ਨੇ ਨਗਰ ਕੌਂਸਲ ਡੇਰਾਬਸੀ ਦੇ ਸਾਬਕਾ ਪ੍ਰਧਾਨ ਤੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸਾਬਕਾ ਮੈਂਬਰ ਤੇ ਉਸਦੇ ਭਰਾ ਉੱਪਰ ਨਗਰ ਕੌਂਸਲ ਡੇਰਾਬਸੀ ਦੀ ਲਗਭਗ 40 ਕਰੋੜ ਰੁਪਏ ਦੀ ਜਾਇਦਾਦ ਉਪਰ ਕਥਿਤ ਕਬਜਾ ਕਰਨ ਦਾ ਦੋਸ਼ ਲਗਾਉਂਦਿਆਂ ਪੰਜਾਬ ਦੇ ਲੋਕਲ ਬਾਡੀ ਮੰਤਰੀ ਸ੍ਰੀ ਨਵਜੋਤ ਸਿੰਘ ਸਿੱਧੂ ਤੋਂ ਮੰਗ ਕੀਤੀ ਕਿ ਇਸ ਮਾਮਲੇ ਦੀ ਵਿਜੀਲੈਂਸ ਵਿਭਾਗ ਤੋਂ ਜਾਂਚ ਕਰਵਾ ਕੇ ਦੋਸ਼ੀਆਂ ਵਿਰੁੱਧ ਤੁਰੰਤ ਕਾਨੂੰਨੀ ਕਾਰਵਾਈ ਕੀਤੀ ਜਾਵੇ ਅਤੇ ਨਗਰ ਕੌਂਸਲ ਡੇਰਾਬਸੀ ਦੀ ਜਮੀਨ ਕਬਜਾ ਇਨ੍ਹਾਂ ਤੋਂ ਲੈ ਕੇ ਇਸ ਜਾਇਦਾਦ ਨੂੰ ਤੁਰੰਤ ਲੋਕ ਭਲਾਈ ਕੰਮਾਂ ਲਈ ਵਰਤਿਆ ਜਾਵੇ |
ਉਹਨਾਂ ਕਿਹਾ ਕਿ ਨਗਰ ਕੌਂਸਲ ਡੇਰਾਬਸੀ ਵਲੋਂ ਮਿਤੀ 16 ਫਰਵਰੀ 2018 ਨੂੰ ਇਨ੍ਹਾਂ ਵਿਅਕਤੀਆਂ ਤੋਂ ਕੌਂਸਲ ਦੀਆਂ ਪਿੰਡ ਮਾਧੋਪੁਰ ਤੇ ਰੌਣੀ ਵਿੱਚ ਪੈਂਦੀਆਂ ਜਮੀਨਾਂ ਦਾ ਕਬਜਾ ਲੈਣ ਲਈ ਮਤਾ ਪਾਇਆ ਗਿਆ ਪਰ ਇਸ ਤੇ ਕੋਈ ਕਾਰਵਾਈ ਨਹੀਂ ਕੀਤੀ ਗਈ| ਉਨ੍ਹਾਂ ਕਿਹਾ ਕਿ ਉਪਰੋਕਤ ਦੋਵਾਂ ਭਰਾਵਾਂ ਵੱਲੋਂ ਜਮੀਨ ਦੇ ਰਿਕਾਰਡ ਵਿੱਚ ਭੰਨ ਤੋੜ ਕਰਕੇ ਆਪਣੇ ਆਪ ਨੂੰ ਮਾਲਕ ਬਣਾ ਲਿਆ ਹੈ ਤੇ ਇਸ ਮਾਮਲੇ ਵਿੱਚ ਕੌਂਸਲ ਅਤੇ ਮਾਲ ਮਹਿਕਮੇ ਦੇ ਅਧਿਕਾਰੀ ਤੇ ਮੁਲਾਜਮ ਵੀ ਸ਼ਾਮਲ ਹੋ ਸਕਦੇ ਹਨ| ਇਹ ਦੋਵੇਂ ਵਿਅਕਤੀ ਰਾਜਨੀਤਕ ਪਹੁੰਚ ਰੱਖਣ ਵਾਲੇ ਤੇ ਅਮੀਰ ਆਦਮੀ ਹਨ ਜੋ ਆਪਣਾ ਅਸਰ ਰਸੂਖ ਅਤੇ ਸਿਆਸੀ ਦਬਦਬਾ ਵਰਤਕੇ ਕੌਂਸਲ ਦੀ ਜਮੀਨ ਵਿਚੋਂ ਲੱਖਾਂ ਰੁਪਏ ਪ੍ਰਤੀ ਮਹੀਨਾ ਨਾਜਾਇਜ ਲਾਭ ਉਠਾ ਰਹੇ ਹਨ ਤੇ ਕੌਂਸਲ ਦੇ ਅਧਿਕਾਰੀਆਂ ਨਾਲ ਮਿਲੀ ਭੁਗਤ ਕਰਕੇ ਸਰਕਾਰ ਨੂੰ ਮਾਲੀ ਨੁਕਸਾਨ ਕਰ ਰਹੇ ਹਨ |
ਉਹਨਾਂ ਕਿਹਾ ਕਿ ਡੇਰਾਬਸੀ ਨਗਰ ਕੌਂਸਲ ਵਿੱਚ ਇਹੋ ਜਿਹੀਆਂ ਕਾਰਵਾਈਆਂ ਕਈ ਸਾਲਾਂ ਤੋਂ ਚੱਲ ਰਹੀਆਂ ਹਨ ਪਰ ਸਰਕਾਰੀ ਅਧਿਕਾਰੀ ਇਨ੍ਹਾਂ ਲੋਕਾਂ ਨਾਲ ਮਿਲੇ ਹੋਣ ਕਰਕੇ ਕਾਗਜ਼ੀ ਖਾਨਾ ਪੂਰਤੀ ਕਰਕੇ ਹੀ ਡੰਗ ਟਪਾ ਰਹੇ ਹਨ |
ਉਹਨਾਂ ਕਿਹਾ ਕਿ ਜੇਕਰ ਡੇਰਾਬਸੀ ਹਲਕੇ ਦਾ ਕੋਈ ਵਿਅਕਤੀ ਜਾਂ ਸਮਾਜ ਸੇਵੀ ਇਨ੍ਹਾਂ ਖਿਲਾਫ ਅਵਾਜ ਉਠਾਉਂਦਾ ਹੈ ਤਾਂ ਉਨ੍ਹਾਂ ਨੂੰ ਡਰਾਇਆ ਧਮਕਾਇਆ ਜਾਂਦਾ ਹੈ ਤੇ ਸਬੰਧਿਤ ਅਧਿਕਾਰੀ ਤੇ ਪ੍ਰਸ਼ਾਸਨ ਇਨ੍ਹਾਂ ਦੀ ਸਿੱਧੇ ਅਸਿੱਧੇ ਤੌਰ ਤੇ ਨਾਜਾਇਜ਼ ਮਦਦ ਕਰਕੇ ਅਵਾਜ ਉਠਾਉਣ ਵਾਲੇ ਵਿਅਕਤੀਆਂ ਨੂੰ ਚੁੱਪ ਕਰਵਾ ਦੇਂਦੇ ਹਨ |
ਉਹਨਾਂ ਮੰਗ ਕੀਤੀ ਕਿ ਦੋਸ਼ੀ ਵਿਅਕਤੀਆਂ ਤੇ ਸਬੰਧਿਤ ਸਰਕਾਰੀ ਅਧਿਕਾਰੀਆਂ ਤੇ ਮੁਲਾਜਮਾਂ ਦੇ ਖਿਲਾਫ ਤੁਰੰਤ ਫੌਜਦਾਰੀ ਕੇਸ ਵੀ ਦਰਜ ਹੋਣਾ ਚਾਹੀਦਾ ਹੈ ਕਿਉਂਕਿ ਕੋਈ ਵੀ ਸਖਸ਼ ਸਰਕਾਰੀ ਜ਼ਮੀਨ ਤੇ ਨਜਾਇਜ ਕਬਜਾ ਨਹੀਂ ਕਰ ਸਕਦਾ | ਉਨ੍ਹਾਂ ਦੋਸ਼ ਲਗਾਇਆ ਕਿ ਇਹ ਮਾਮਲਾ ਸਿਆਸੀ ਤੇ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਗਠਜੋੜ ਦੀ ਇਕ ਦੁਖਦਾਇਕ ਘਟਨਾ ਹੈ ਜਿਸ ਤੇ ਤੁਰੰਤ ਕਾਰਵਾਈ ਹੋਣੀ ਬਣਦੀ ਹੈ |

Leave a Reply

Your email address will not be published. Required fields are marked *