ਨਗਰ ਕੌਂਸਲ ਦੀ ਅਣਦੇਖੀ ਕਾਰਨ ਬਦਹਾਲੀ ਦਾ ਸ਼ਿਕਾਰ ਹੈ ਖਰੜ ਦੀ ਛੱਜੂ ਮਾਜਰਾ ਕਾਲੋਨੀ

ਕਾਲੋਨੀ ਵਾਸੀਆਂ ਨੇ ਨਗਰ ਕੌਂਸਲ ਤੇ ਲਗਾਏ ਪੱਖ ਪਾਤ ਦੇ ਇਲਜਾਮ, ਕੌਂਸਲ ਅਧਿਕਾਰੀਆਂ ਨੇ ਦੋਸ਼ ਨਕਾਰੇ 
ਖਰੜ, 25 ਸਤੰਬਰ (ਸ਼ਮਿੰਦਰ ਸਿੰਘ) ਖਰੜ ਦੀ ਛੱਜੂ ਮਾਜਰਾ ਕਾਲੋਨੀ ਬੁਰੀ ਤਰ੍ਹਾਂ ਬਦਹਾਲੀ ਦਾ ਸ਼ਿਕਾਰ ਹੈ ਅਤੇ ਟੁੱਟੀਆਂ ਸੜਕਾਂ, ਥਾਂ ਥਾਂ ਤੇ ਖਿਲਰੀ ਗੰਦਗੀ ਅਤੇ ਸੜਕਾਂ ਕਿਨਾਰੇ ਖੜ੍ਹਾ ਪਾਣੀ ਆਪਣੀ ਕਹਾਣੀ ਖੁਦ ਬਿਆਨ ਕਰਦਾ ਹੈ| ਇੱਥੋਂ ਦੇ ਵਸਨੀਕਾਂ ਦਾ ਇਲਜਾਮ ਹੈ ਕਿ ਨਗਰ ਕੌਂਸਲ ਵਲੋਂ ਲੋਕਾਂ ਦੀਆਂ ਸਮੱਸਿਆਵਾਂ ਦੇ ਹਲ ਲਈ ਕਾਰਵਾਈ ਕਰਨੀ ਤਾਂ ਦੂਰ ਨਗਰ ਕੌਂਸਲ ਦਾ ਕੋਈ ਵੀ ਅਧਿਕਾਰੀ ਉਹਨਾਂ ਦੀ ਗੱਲ ਸੁਣਨ ਲਈ ਵੀ ਤਿਆਰ ਨਹੀਂ ਹੈ| 
ਪੱਤਰਕਾਰਾਂ ਨਾਲ ਗੱਲ ਕਰਦਿਆਂ ਸਥਾਨਕ ਵਸਨੀਕਾਂ  ਹਰਿ ਓਮ ਕੌਸ਼ਲ, ਜਸਵਿੰਦਰ ਚੋਪੜਾ, ਗੁਰਤੇਜ ਸਿੰਘ, ਸਤਨਾਮ ਸਿੰਘ, ਰਮੇਸ਼ ਠਾਕੁਰ, ਅਮਰਜੀਤ ਸਿੰਘ, ਗੁਰਨਾਮ ਸਿੰਘ ਅਤੇ ਹੋਰਨਾਂ ਨੇ ਦੱਸਿਆ ਕਿ ਛੱਜੂਮਾਜਰਾ  ਕਾਲੋਨੀ ਵਿਚ ਪਾਣੀ ਦਾ ਇਕ ਹੀ ਟਿਊਬਵੈਲ ਹੈ ਜਦੋਂਕਿ ਕਾਲੋਨੀ ਬਹੁਤ ਵੱਡੀ ਹੈ ਅਤੇ ਉਹਨਾਂ ਦੇ ਘਰਾਂ ਵਿੱਚ ਪਾਣੀ ਦੀ ਸਪਲਾਈ ਨਾਂ ਮਾਤਰ ਹੀ ਹੁੰਦੀ ਹੈ ਜਿਸ ਕਾਰਨ ਉਹਨਾਂ ਨੂੰ ਕਾਫੀ ਪਰੇਸ਼ਾਨੀ ਦਾ ਸਾਮਣਾ ਕਰਨਾ ਪੈਂਦਾ ਹੈ| 
ਉਹਨਾਂ ਕਿਹਾ ਕਿ ਇਸ ਖੇਤਰ ਦੀ ਸਫਾਈ ਵਿਵਸਥਾ ਦਾ ਵੀ ਬਹੁਤ ਬੁਰਾ ਹਾਲ ਹੈ ਅਤੇ ਇਸ ਖੇਤਰ ਵਿੱਚ ਕਦੇ ਵੀ ਠੀਕ ਤਰੀਕੇ ਨਾਲ ਸਫਾਈ ਨਹੀਂ ਕੀਤੀ ਗਈ| ਕਾਲੋਨੀ ਨੂੰ ਜਾਂਦੀ ਮੁਖ ਸੜਕ ਦਾ ਬਹੁਤ ਬੁਰਾ ਹਾਲ ਹੈ ਅਤੇ ਇਸ ਵਿੱਚ ਥਾਂ ਥਾਂ ਤੇ ਪਏ ਖੱਡਿਆਂ ਵਿੱਚ ਪਾਣੀ ਖੜ੍ਹ ਜਾਂਦਾ ਹੈ| ਇੱਥੇ ਪਾਣੀ ਦੀ ਨਿਕਾਸੀ ਦਾ ਕੋਈ ਪ੍ਰਬੰਧ ਨਹੀਂ ਹੈ| 
ਵਸਨੀਕਾਂ ਨੇ ਕਿਹਾ ਕਿ ਉਹਨਾਂ ਵਲੋਂ ਇਸ ਸੰਬੰਧੀ ਐਸ ਡੀ ਐਮ ਖਰੜ ਅਤੇ ਨਗਰ ਕੌਂਸਲ ਦੇ ਕਾਰਜ ਸਾਧਕ ਅਫਸਰ ਨਾਲ ਵੀ ਗੱਲ ਕੀਤੀ ਜਾ ਚੁੱਕੀ ਹੈ ਪਰੰਤੂ ਉਹਨਾਂ ਦੀ ਕਿਤੇ ਵੀ ਸੁਣਵਾਈ ਨਹੀਂ ਹੋਈ| ਉਹਨਾਂ ਦਸਿਆ ਕਿ ਪਹਿਲਾਂ ਕਾਲੋਨੀ ਵਿਚ ਖਾਲੀ ਪਈ ਥਾਂ ਤੇ ਗਾਰਬੇਜ ਟ੍ਰੀਟਮੈਂਟ ਪਲਾਂਟ ਲਗਾਉਣ ਦੀ ਕੋਸ਼ਿਸ਼ ਕੀਤੀ ਗਈ ਸੀ ਪਰ ਕਾਲੋਨੀ ਵਾਸੀਆਂ ਨੇ ਇਕੱਠੇ ਹੋ ਕੇ ਇਸਦੇ ਖਿਲਾਫ ਸੰਘਰਸ਼ ਕੀਤਾ ਸੀ ਅਤੇ ਇਸ ਵਿੱਚ ਹਲਕੇ ਦੇ ਵਿਧਾਇਕ ਸ੍ਰ. ਕੰਵਰ ਸੰਧੂ ਸਮੇਤ ਹੋਰਨਾਂ ਆਗੂਆਂ ਸ੍ਰ ਜਗਮੋਹਨ ਸਿੰਘ ਕੰਗ  ਅਤੇ ਸ੍ਰ. ਰਣਜੀਤ ਸਿੰਘ ਗਿੱਲ ਨੇ ਵੀ ਪੂਰਾ ਸਾਥ ਦਿੱਤਾ ਸੀ ਅਤੇ ਲੱਗਦਾ ਹੈ ਕਿ ਨਗਰ ਕੌਂਸਲ ਦੇ ਅਧਿਕਾਰੀ ਕਾਲੋਨੀ ਵਾਸੀਆਂ ਨਾਲ ਇਸੇ ਗੱਲ ਦੀ ਖੁੰਦਕ ਕੱਢ ਰਹੇ ਹਨ| ਉਹਨਾਂ ਕਿਹਾ ਕਿ ਜਦੋਂ ਤੋਂ ਇਸ ਥਾਂ ਤੇ ਪਾਰਕ ਬਣਾਉਣ ਦਾ ਮਤਾ ਪਾਸ ਹੋਇਆ ਹੈ ਉਸਤੋਂ ਬਾਅਦ ਇਸ ਥਾਂ ਦੀ ਕਦੇ ਵੀ ਸਫਾਈ ਨਹੀਂ ਹੋਏ| 
ਵਸਨੀਕਾਂ ਨੇ ਕਿਹਾ ਕਿ ਉਹ ਪਿਛਲੇ ਕਾਫੀ ਸਮੇਂ ਤੋਂ ਮੰਗ ਕਰ ਰਹੇ ਹਨ ਕਿ ਇਸ ਖੇਤਰ ਵਿੱਚ ਬਣੇ ਪਿਗਰੀ ਵਾੜੇ ਨੂੰ ਰਿਹਾਇਸ਼ੀ ਏਰੀਏ ਤੋਂ ਬਾਹਰ ਤਬਦੀਲ ਕੀਤਾ ਜਾਵੇ ਤਾਂ ਜੋ ਇਸ ਫਾਰਮ ਕਾਰਨ ਫੈਲ ਰਹੇ ਪ੍ਰਦੂਸ਼ਣ ਕਾਰਨ ਇੱਥੇ ਕਿਸੇ ਬਿਮਾਰੀ ਤੋਂ ਬਚਿਆ ਜਾ ਸਕੇ ਪਰੰਤੂ ਪ੍ਰਸ਼ਾਸ਼ਨ ਨੂੰ ਵਾਰ ਵਾਰ ਦੱਸਣ ਦੇ ਬਾਵਜੂਦ ਕੋਈ ਕਾਰਵਾਈ ਨਹੀਂ ਹੋਈ| 
ਇਸ ਸੰਬੰਧੀ ਨਗਰ ਕੌਂਸਲ ਦੇ ਅਧਿਕਾਰੀਆਂ ਨਾਲ ਗੱਲ ਕਰਨ ਤੇ ਉਹਨਾਂ ਕਿਹਾ ਕਿ ਛੱਜੂ ਮਾਜਰਾ ਕਾਲੋਨੀ ਦੇ ਪਾਰਕ ਵਿਚ ਲੋਕਾਂ ਵਲੋਂ ਨਾਜਾਇਜ ਕਬਜੇ ਕੀਤੇ ਹੋਏ ਹਨ ਅਤੇ ਨਗਰ ਕੌਂਸਲ ਵਲੋਂ ਪਹਿਲਾਂ ਉਹ ਕਬਜੇ ਹਟਾਏ ਜਾ ਰਹੇ ਹਨ| ਉਹਨਾਂ ਕਿਹਾ ਕਿ ਪਾਰਕ ਦਾ ਕੰਮ ਸ਼ੁਰੂ ਕੀਤਾ ਹੋਇਆ ਹੈ ਅਤੇ ਕਾਲੋਨੀ ਦੀ ਮੇਨ ਸੜਕ ਤੇ ਵੀ ਪੈਚ ਵਰਕ ਦਾ ਕੰਮ ਛੇਤੀ ਸ਼ੁਰੂ ਕਰ ਦਿੱਤਾ ਜਾਵੇਗਾ ਅਤੇ ਨਾਲ ਹੀ ਮੇਨ ਹੋਲਾਂ ਦੇ ਢੱਕਣ ਵੀ ਲਗਾ ਦਿਤੇ ਜਾਣਗੇ|

Leave a Reply

Your email address will not be published. Required fields are marked *