ਨਗਰ ਨਿਗਮ ਅਤੇ ਗਮਾਡਾ ਵੱਲੋਂ ਇੱਕ ਦੂਜੇ ਉੱਪਰ ਜਿੰਮੇਵਾਰੀ ਸੁੱਟਣ ਕਾਰਨ ਫੇਜ 10 ਵਿਚ ਸਿਨੇਮਾ ਸਾਈਟ ਬਣੀ ਜੰਗਲ

ਐਸ ਏ ਐਸ ਨਗਰ, 10 ਅਕਤੂਬਰ (ਸ.ਬ.) ਗਮਾਡਾ ਅਤੇ ਨਗਰ ਨਿਗਮ ਮੁਹਾਲੀ ਦੀ ਆਪਸੀ ਖਹਿਬਾਜੀ ਕਾਰਨ ਅਤੇ ਦੋਵਾਂ ਦੇ ਅਧਿਕਾਰੀਆਂ ਵਲੋਂ ਇਕ ਦੂਜੇ ਉਪਰ ਹੀ ਜਿੰਮੇਵਾਰੀ ਸੁੱਟੇ ਜਾਣ ਕਾਰਨ ਫੇਜ 10 ਦੇ ਸਿਲਵੀ ਪਾਰਕ ਦੇ ਸਾਹਮਣੇ ਵਾਲੀ ਮਾਰਕੀਟ ਵਿਚ ਸਥਿਤ ਸਿਨੇਮਾ ਸਾਈਟ ਇੱਕ ਜੰਗਲ ਦਾ ਰੂਪ ਧਾਰਨ ਕਰ ਗਈ ਹੈ| ਇਸ ਸਿਨੇਮਾ ਸਾਈਟ ਦੀ ਨਾ ਤਾਂ ਗਮਾਡਾ ਸਫਾਈ ਕਰਵਾ ਰਿਹਾ ਹੈ ਅਤੇ ਨਾ ਹੀ ਨਗਰ ਨਿਗਮ ਸਫਾਈ ਕਰਵਾ ਰਿਹਾ ਹੈ|
ਇਸ ਸਬੰਧੀ ਜਾਣਕਾਰੀ ਦਿੰਦਿਆਂ ਮਾਰਕੀਟ ਵੈਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਸ ਕਰਨੈਲ ਸਿੰਘ ਮਾਨ ਨੇ ਦਸਿਆ ਕਿ ਬਹੁਤ ਸਾਲਾਂ ਤੋਂ ਇਸ ਮਾਰਕੀਟ ਵਿਚ  ਸਿਨੇਮਾ ਸਾਈਟ ਖਾਲੀ ਪਈ ਹੈ| ਇਸ ਖਾਲੀ ਪਈ ਥਾਂ ਵਿਚ 5 -5 ਫੁੱਟ ਉਚੀ ਗਾਜਰ ਬੂਟੀ ਅਤੇ ਹੋਰ ਜਹਿਰੀਲੀਆਂ ਬੂਟੀਆਂ ਉਗੀਆਂ ਹੋਈਆਂ ਹਨ| ਇਥੋਂ ਹੀ ਬੱਚੇ ਅਤੇ ਬਜੁਰਗ ਲੰਘ ਕੇ ਸਿਲਵੀ ਪਾਰਕ ਵਿਚ ਖੇਡਣ ਅਤੇ ਸੈਰ ਕਰਨ ਜਾਂਦੇ ਹਨ, ਇਥੋਂ ਲੰਘਣ ਸਮੇਂ ਲੋਕ ਇਸ ਗਾਜਰ ਬੂਟੀ ਦੇ ਸੰਪਰਕ ਵਿਚ ਆ ਜਾਂਦੇ ਹਨ, ਜਿਸ ਕਾਰਨ ਉਹਨਾਂ ਨੂੰ ਚਮੜੀ ਦੇ ਰੋਗ ਲੱਗ ਰਹੇ ਹਨ| ਇਸ ਗਾਜਰ ਬੂਟੀ ਅਤੇ ਹੋਰ ਘਾਹ ਫੂਸ ਵਿਚ ਕਈ ਤਰਾਂ ਜਹਿਰੀਲੇ ਜਾਨਵਰ ਵੀ ਪੈਦਾ ਹੋ ਗਏ ਹਨ ਜੋ ਕਿ ਕਦੇ ਵੀ ਕਿਸੇ ਵੀ ਵਿਅਕਤੀ ਖਾਸ ਕਰਕੇ ਬਚਿਆਂ ਨੂੰ ਕੱਟ ਸਕਦੇ ਹਨ |
ਉਹਨਾਂ ਕਿਹਾ ਕਿ ਇਸ ਥਾਂ ਦੀ ਸਫਾਈ ਲਈ ਉਹਨਾਂ ਨੇ ਗਮਾਡਾ ਦੇ ਅਧਿਕਾਰੀਆਂ ਤੱਕ ਕਈ ਵਾਰ ਪਹੁੰਚ ਕੀਤੀ ਹੈ ਤੇ ਹਰ ਵਾਰ ਹੀ ਗਮਾਡਾ ਦੇ ਅਧਿਕਾਰੀ ਇਹ ਕਹਿ ਦਿੰਦੇ ਹਨ ਕਿ ਇਥੇ ਸਫਾਈ ਕਰਵਾਉਣ ਦਾ ਕੰਮ ਨਗਰ ਨਿਗਮ ਮੁਹਾਲੀ ਦਾ ਹੈ| ਜਦੋਂ ਉਹ ਇਥੇ ਸਫਾਈ ਕਰਵਾਉਣ ਲਈ ਨਗਰ ਨਿਗਮ ਅਧਿਕਾਰੀਆਂ ਕੋਲ ਜਾਂਦੇ ਹਨ ਤਾਂ ਨਗਰ ਨਿਗਮ ਦੇ ਅਧਿਕਾਰੀ ਉਹਨਾਂ ਨੂੰ ਇਹ ਕਹਿ ਕੇ ਮੋੜ ਦਿੰਦੇ ਹਨ ਕਿ ਇਹ ਥਾਂ ਸਿਨੇਮਾ ਦੀ ਸਾਈਟ ਹੈ ਜਿਸ ਦੀ ਸਫਾਈ ਕਰਵਾਉਣ ਦਾ ਕੰਮ ਗਮਾਡਾ ਦੇ ਅਧੀਨ ਹੈ ਅਤੇ ਗਮਾਡਾ ਵਲੋਂ ਹੀ ਇਸ ਥਾਂ ਦੀ ਸਫਾਈ ਕਰਵਾਈ ਜਾਵੇਗੀ| ਉਹਨਾ ਕਿਹਾ ਕਿ ਗਮਾਡਾ ਅਤੇ ਨਗਰ ਨਿਗਮ ਦੇ ਇਸ ਰੇੜਕੇ ਕਾਰਨ ਇਸ ਥਾਂ ਦੀ ਸਫਾਈ ਨਹੀਂ ਹੋ ਰਹੀ ਅਤੇ ਇਹ ਥਾਂ ਜੰਗਲ ਦਾ ਰੂਪ ਧਾਰ ਗਈ ਹੈ, ਜਿਸ ਤੋਂ ਇਸ ਇਲਾਕੇ ਦੇ ਲੋਕਾਂ ਨੂੰ ਬਿਮਾਰੀਆਂ ਫੈਲਣ ਦਾ  ਖਤਰਾ ਬਣਿਆ ਹੋਇਆ ਹੈ|  ਉਹਨਾਂ ਮੰਗ ਕੀਤੀ ਕਿ ਇਸ ਸਿਨੇਮਾ ਸਾਈਟ ਦੀ ਸਫਾਈ ਕਰਵਾਉਣ ਦੀ ਜਿੰਮੇਵਾਰੀ ਤੈਅ ਕੀਤੀ ਜਾਵੇ ਅਤੇ ਇਸ ਥਾਂ ਦੀ ਤੁਰੰਤ ਸਫਾਈ ਕਰਵਾਈ ਜਾਵੇ| ਇਸ ਮੌਕੇ ਐਸੋਸੀਏਸ਼ਨ ਦੇ ਚੇਅਰਮੈਨ ਨਿਰੰਕਾਰ ਸਿੰਘ ਸਰਾਓਂ ਵੀ ਮੌਜੂਦ ਸਨ |

Leave a Reply

Your email address will not be published. Required fields are marked *