ਨਗਰ ਨਿਗਮ ਚੋਣਾਂ-ਆਪਣੇ ਉਮੀਦਵਾਰ ਨੂੰ ਜਾਣੋ ਵਾਰਡ ਨੰ: 9 ਤੋਂ ਚੋਣ ਮੈਦਾਨ ਵਿੱਚ ਹਨ ਬਲਰਾਜ ਕੌਰ ਧਾਲੀਵਾਲ


ਨਗਰ ਨਿਗਮ ਚੋਣਾਂ ਦੀ ਚੋਣ ਅਗਲੇ ਮਹੀਨੇ ਹੋਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ ਅਤੇ ਇਸ ਦੌਰਾਨ ਕਈ ਨਵੇਂ ਚਿਹਰੇ ਵੀ ਚੋਣ ਮੈਦਾਨ ਵਿੱਚ ਕਿਸਮਤ ਅਜਮਾਉਣ ਦੀ ਤਿਆਰੀ ਕਰ ਰਹੇ ਹਨ| ਅੱਜ ਅਸੀਂ ਤੁਹਾਡੀ ਮੁਲਾਕਾਤ ਇੱਕ ਅਜਿਹੇ ਹੀ ਨਵੇਂ ਚਿਹਰੇ ਨਾਲ ਕਰਵਾ ਰਹੇ ਹਾਂ ਜਿਹਨਾਂ ਵਲੋਂ ਵਾਰਡ ਨੰਬਰ 9 (ਫੇਜ਼ 7) ਤੋਂ ਚੋਣ ਲੜਣ ਦੀ ਤਿਆਰੀ ਕੀਤੀ ਜਾ ਰਹੀ ਹੈ| 
ਵਾਰਡ ਨੰਬਰ 9 ਤੋਂ ਚੋਣ ਲੜਨ ਜਾ ਰਹੇ ਸ੍ਰੀਮਤੀ ਬਲਰਾਜ ਕੌਰ ਧਾਲੀਵਾਲ ਪਿਛਲੇ ਲੰਬੇਂ ਸਮੇਂ ਤੋਂ ਸਮਾਜ ਸੇਵਾ ਦੇ ਖੇਤਰ ਵਿੱਚ ਸਰਗਰਮ ਹਨ ਅਤੇ ਲੋਕਾਂ ਦੀ ਮਦਦ ਲਈ ਹਰ  ਵੇਲੇ ਤਿਆਰ ਰਹਿੰਦੇ ਹਨ| ਉਹਨਾਂ ਦੇ ਪਤੀ ਗਗਨ ਧਾਲੀਵਾਲ ਵੀ ਸਮਾਜ ਸੇਵਾ ਦੇ ਖੇਤਰ ਵਿੱਚ ਕਾਫੀ ਸਰਗਰਮ ਹਨ|
ਬਲਰਾਜ ਕੌਰ ਧਾਲੀਵਾਲ ਬਠਿੰਡਾ ਦੇ ਜੰਮਪਲ ਹਨ| ਉਹਨਾਂ ਦੇ ਪਿਤਾ ਸ੍ਰੀ ਮੁਖਤਿਆਰ ਸਿੰਘ ਅਤੇ ਮਾਤਾ ਬਲਜੀਤ ਕੌਰ ਵੀ ਸਮਾਜਸੇਵਾ ਦੇ ਕੰਮ ਵਿੱਚ ਸਰਗਰਮ ਰਹੇ ਸਨ ਅਤੇ ਬਲਰਾਜ ਕੌਰ ਨੂੰ ਸਮਾਜ ਸੇਵਾ ਦੀ ਪ੍ਰੇਰਨਾ ਆਪਣੇ ਮਾਤਾ ਪਿਤਾ ਤੋਂ ਹੀ ਮਿਲੀ| 2000 ਵਿੱਚ ਗਗਨ ਧਾਲੀਵਾਲ ਨਾਲ ਵਿਆਹ ਤੋਂ ਬਾਅਦ ਉਹਨਾਂ ਨੂੰ ਪਤੀ ਵਲੋਂ ਸਮਾਜਸੇਵਾ ਦੇ ਕੰਮਾਂ ਵਿੱਚ ਪੂਰਾ ਸਹਿਯੋਗ ਦਿੱਤਾ ਗਿਆ ਅਤੇ ਉਹ ਮੁਹਾਲੀ ਵਿਖੇ ਸਮਾਜ ਸੇਵਾ ਵਿੱਚ ਸਰਗਰਮ ਹੋ ਗਏ| ਉਹ ਦੱਸਦੇ ਹਨ ਕਿ ਪਿਛਲੇ 20  ਸਾਲ ਤੋਂ ਉਹ ਆਪਣੇ ਪਤੀ ਦੇ ਨਾਲ ਸਿਹਤ ਮੰਤਰੀ ਸ੍ਰੀ ਬਲਬੀਰ ਸਿੰਘ ਦੀ ਰਹਿਨੁਮਾਈ ਹੇਠ ਸਮਾਜ ਸੇਵਾ ਵਿਚ ਸਰਗਰਮ ਹਨ| 
ਵਾਰਡ ਬਾਰੇ ਗੱਲ ਕਰਦਿਆਂ ਉਹਨਾਂ ਦਸਿਆ ਕਿ ਉਹਨਾਂ ਦੇ ਵਾਰਡ ਵਿੱਚ ਕਈ ਸਮੱਸਿਆਵਾਂ ਹਨ| ਵਾਰਡ ਵਿੱਚ ਰੋਡ ਗਲੀਆਂ ਟੁੱਟੀਆਂ ਹੋਈਆਂ ਹਨ, ਸੜਕਾਂ ਦਾ ਬੁਰਾ ਹਾਲ ਹੈ, ਇਸ ਤੋਂ ਇਲਾਵਾ ਆਵਾਰਾ ਕੁੱਤੇ ਅਤੇ ਆਵਾਰਾ ਪਸ਼ੂ ਵੱਡੀ ਸਮੱਸਿਆ ਬਣੇ ਹੋਏ ਹਨ| ਵਾਰਡ ਦੇ ਪਾਰਕਾਂ ਦਾ ਬੁਰਾ ਹਾਲ ਹੈ, ਸੀਵਰੇਜ ਦੀ ਨਿਕਾਸੀ ਦੇ ਪ੍ਰਬੰਧ ਠੀਕ ਨਹੀਂ ਹਨ ਜਿਸ ਕਾਰਨ ਲੋਕਾਂ ਨੂੰ ਭਾਰੀ ਪਰੇਸ਼ਾਨੀ ਸਹਿਣੀ ਪੈਂਦੀ ਹੈ| 
ਉਹਨਾਂ ਦਸਿਆ ਕਿ ਲਾਕਡਾਊਨ ਦੌਰਾਨ ਉਹਨਾਂ ਵਲੋਂ ਸਿਹਤ ਮੰਤਰੀ ਬਲਬੀਰ ਸਿੱਧੂ ਦੀ ਰਹਿਨੁਮਾਈ ਹੇਠ ਲੋੜਵੰਦਾਂ ਨੁੰ ਰਾਸ਼ਨ ਅਤੇ ਸਬਜੀਆਂ ਪਹੁੰਚਾਈਆਂ ਗਈਆਂ| ਇਸ ਤੋਂ ਇਲਾਵਾ ਵਾਰਡ ਦੇ ਜਿਹੜੇ ਇਲਾਕੇ ਵਿੱਚ ਸੀਵਰੇਜ ਬਲਾਕ ਹੋਣ ਦੀ ਸਮੱਸਿਆ ਸੀ, ਉੱਥੇ ਸ੍ਰ. ਸਿੱਧੂ ਦੀ ਮਦਦ ਨਾਲ ਸਮੱਸਿਆ ਦਾ ਹਲ ਕਰਵਾਇਆ ਗਿਆ ਅਤੇ ਸਮੇਂ ਸਮੇਂ ਤੇ ਇਲਾਕੇ ਦਰਖਤਾਂ ਦੀ ਛੰਗਾਈ ਕਰਵਾਈ ਗਈ| 
ਉਹਨਾਂ ਦਸਿਆ ਕਿ ਸਿਹਤ ਮੰਤਰੀ ਸ੍ਰ. ਬਲਬੀਰ ਸਿੰਘ ਸਿੱਧੂ ਦੀ ਅਗਵਾਈ ਵਿਚ ਉਹਨਾਂ ਵਲੋਂ ਵਾਰਡ ਦੇ ਜਰੂਰਤਮੰਦ ਲੋਕਾਂ ਨੂੰ ਬੁਢਾਪਾ ਪੈਨਸ਼ਨਾਂ ਲਗਵਾਈਆਂ ਗਈਆਂ ਹਨ ਅਤੇ ਨੀਲੇ ਅਤੇ ਆਯੂਸਮਾਨ ਕਾਰਡ ਬਣਵਾਏ ਗਏ ਹਨ| 
ਸ੍ਰੀਮਤੀ ਬਲਰਾਜ ਕੌਰ ਕਹਿੰਦੇ ਹਨ ਕਿ ਚੋਣ ਜਿੱਤਣ ਤੋਂ ਬਾਅਦ ਉਹ ਆਪਣੇ ਇਲਾਕੇ ਦਾ ਸਰਵਪੱਖੀ ਵਿਕਾਸ ਕਰਵਾਉਣਗੇ ਅਤੇ ਇਲਾਕੇ ਵਿਚ ਸੀਵਰੇਜ ਦੀ ਸਮੱਸਿਆ ਦਾ ਪੱਕਾ ਹਲ ਕੀਤਾ ਜਾਵੇਗਾ| ਇਸਤੋਂ ਇਲਾਵਾ ਮੱਛਰ ਮਾਰ ਦਵਾਈ ਦਾ ਲਗਾਤਾਰ ਛਿੜਕਾਅ ਕਰਵਾਉਣ ਅਤੇ ਆਵਾਰਾ ਪਸ਼ੂਆਂ ਅਤੇ ਆਵਾਰਾ ਕੁਤਿਆਂ ਦੀ ਸਮੱਸਿਆ ਦੇ ਹਲ ਲਈ ਲੋੜੀਂਦੇ ਕਦਮ ਚੁੱਕੇ ਜਾਣਗੇ| ਇਸਦੇ ਨਾਲ ਹੀ ਵਾਰਡ ਵਿੱਚ ਜਿਹਨਾਂ ਥਾਵਾਂ ਤੇ ਲੋੜ ਹੋਵੇਗੀ ਉੱਥੇ ਨਵੀਆਂ ਰੋਡ ਗਲੀਆਂ ਬਣਵਾਈਆਂ ਜਾਣਗੀਆਂ ਅਤੇ ਸੜਕਾਂ ਦੀ ਮੁਰੰਮਤ ਕਰਵਾਈ ਜਾਵੇਗੀ ਤਾਂ ਜੋ ਲੋਕਾਂ ਦੀ ਪਰੇਸ਼ਾਨੀ ਹਲ ਹੋਵੇ|
ਉਹਨਾਂ ਕਿਹਾ ਕਿ ਉਹਨਾਂ ਵਲੋਂ ਕੈਬਿਨਟ ਮੰਤਰੀ ਸ੍ਰ. ਬਲਬੀਰ ਸਿੰਘ ਸਿੱਧੂ ਦੀ ਰਹਿਨੁਮਾਈ ਅਤੇ ਅਸ਼ੀਰਵਾਦ ਨਾਲ ਹੀ ਇਹ ਚੋਣ ਲੜੀ ਜਾ ਰਹੀ ਹੈ ਅਤੇ ਉਹਨਾਂ ਨੂੰ ਪੂਰੀ ਆਸ ਹੈ ਕਿ ਵਾਰਡ ਦੇ ਵਸਨੀਕ ਉਹਨਾਂ ਤੇ ਭਰੋਸਾ ਕਰਕੇ ਉਹਨਾਂ ਨੂੰ ਸੇਵਾ ਦਾ ਮੌਕਾ ਜਰੂਰ ਦੇਣਗੇ| 

Leave a Reply

Your email address will not be published. Required fields are marked *