ਨਗਰ ਨਿਗਮ ਚੋਣਾਂ ਦੌਰਾਨ ਉਮੀਦਵਾਰਾਂ ਦੀ ਗਿਣਤੀ ਜਿਆਦਾ ਹੋਣ ਕਾਰਨ ਹੋਣਗੇ ਬਹੁ ਕੋਣੀ ਮੁਕਾਬਲੇ

ਨਗਰ ਨਿਗਮ ਚੋਣਾਂ ਦੌਰਾਨ ਉਮੀਦਵਾਰਾਂ ਦੀ ਗਿਣਤੀ ਜਿਆਦਾ ਹੋਣ ਕਾਰਨ ਹੋਣਗੇ ਬਹੁ ਕੋਣੀ ਮੁਕਾਬਲੇ
ਅਕਾਲੀ ਭਾਜਪਾ ਗਠਜੋੜ, ਕਾਂਗਰਸ, ਬਸਪਾ, ਆਪ ਤੋਂ ਇਲਾਵਾ ਅਕਾਲੀ ਦਲ ਟਕਸਾਲੀ ਅਤੇ ਅਕਾਲੀ ਦਲ ਢੀਂਡਸਾ ਵਲੋਂ ਉਤਾਰੇ ਜਾਣਗੇ ਉਮੀਦਵਾਰ
ਐਸ ਏ ਐਸ ਨਗਰ,11 ਅਗਸਤ (ਸ.ਬ.) ਨਗਰ ਨਿਗਮ ਮੁਹਾਲੀ ਦੀਆਂ ਚੋਣਾਂ ਦੀ ਚਰਚਾ ਦੀ ਸੁਗਬਹਾਟ ਸੁਣਾਈ ਦਿੰਦਿਆਂ ਹੀ ਜਿਥੇ ਨਿਗਮ ਚੋਣਾਂ ਲੜਨ ਦੇ ਚਾਹਵਾਨ ਉਮੀਦਵਾਰਾਂ ਵਲੋਂ ਆਪੋ ਆਪਣੀਆਂ ਸਰਗਰਮੀਆਂ ਤੇਜ਼ ਕਰ ਦਿੱਤੀਆਂ ਗਈਆਂ ਹਨ, ਉਥੇ ਵੱਖ- ਵੱਖ ਪਾਰਟੀਆਂ ਦੀ ਟਿਕਟ ਤੇ ਨਿਗਮ ਚੋਣ ਲੜਨ ਵਾਲੇ ਆਗੂਆਂ ਵਲੋਂ ਵੀ ਆਪੋ ਆਪਣੀਆਂ ਪਾਰਟੀ ਟਿਕਟਾਂ ਪੱਕੀਆਂ ਕਰਨ ਲਈ ਦੌੜ ਭੱਜ ਸ਼ੁਰੂ ਂਕਰ ਦਿੱਤੀ ਗਈ ਹੈ|
ਮੁਹਾਲੀ ਨਗਰ ਨਿਗਮ ਦੀਆਂ ਚੋਣਾਂ ਵਿੱਚ ਭਾਵੇਂ ਪੰਜਾਬ ਦੀ ਸੱਤਾਧਾਰੀ ਪਾਰਟੀ ਕਾਂਗਰਸ, ਨਿਗਮ ਤੇ ਪਹਿਲਾਂ ਤੋਂ ਕਾਬਿਜ ਰਹੇ ਅਕਾਲੀ-ਭਾਜਪਾ ਗਠਜੋੜ ਅਤੇ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਤੋਂ ਇਲਾਵਾ ਕੁੱਝ ਹੋਰਨਾਂ ਪਾਰਟੀਆਂ ਦੇ ਉਮੀਦਵਾਰ ਵੀ ਮੈਦਾਨ ਵਿੱਚ ਆਉਣੇ ਹਨ ਉੱਥੇ ਇਸ ਦੌਰਾਨ ਵੱਡੀ ਗਿਣਤੀ ਆਜਾਦ ਉਮੀਦਵਾਰਾਂ ਵਲੋਂ ਵੀ ਆਪਣੀ ਕਿਸਮਤ ਅਜਮਾਈ ਜਾਣੀ ਹੈ| ਇਹਨਾਂ ਆਜਾਦ ਉਮੀਦਵਾਰਾਂ ਬਾਰੇ ਇਹ ਗੱਲ ਆਖੀ ਜਾਂਦੀ ਹੈ ਕਿ ਉਹਨਾਂ ਵਿੱਚੋਂ ਜਿਆਦਾਤਰ ਭਾਵੇਂ ਜਿੱਤ ਹਾਸਿਲ ਕਰਨ ਦੇ ਸਮਰਥ ਨਹੀਂ ਹੁੰਦੇ ਪਰੰਤੂ ਇਹਨਾਂ ਕਾਰਨ ਚੋਣ ਲੜ ਰਹੇ ਪ੍ਰਮੁਖ ਉਮੀਦਵਾਰਾਂ ਦੀ ਜਿੱਤ ਹਾਰ ਦਾ ਹਿਸਾਬ ਕਿਤਾਬ ਜਰੂਰ ਬਦਲ ਜਾਂਦਾ ਹੈ ਅਤੇ ਕਈ ਵਾਰ ਇਹ ਆਜ਼ਾਦ ਉਮੀਦਵਾਰ ਚੋਣ ਜਿਤ ਕੇ ਵੱਡਾ ਉਲਟ ਫੇਰ ਵੀ ਕਰ ਦਿੰਦੇ ਹਨ|
ਪਿਛਲੀ ਵਾਰ ਹੋਈ ਨਿਗਮ ਚੋਣ ਦੀ ਗੱਲ ਕਰੀਏ ਤਾਂ ਪਿਛਲੀ ਵਾਰ ਹੋਈ ਚੋਣ ਦੌਰਾਨ ਅਕਾਲੀ ਭਾਜਪਾ ਗਠਜੋੜ ਨੂੰ 23 ਸੀਟਾਂ ਤੇ ਜਿੱਤ ਹਾਸਿਲ ਹੋਈ ਸੀ ਜਦੋਂਕਿ ਕਾਂਗਰਸ ਨੂੰ 14 ਸੀਟਾਂ ਮਿਲੀਆਂ ਸਨ| ਬਾਕੀ ਦੀਆਂ ਸੀਟਾਂ ਵਿੱਚੋਂ 11 ਸੀਟਾਂ ਦੇ ਨਿਗਮ ਦੇ ਸਾਬਕਾ ਮੇਅਰ ਸ੍ਰ. ਕੁਲਵੰਤ ਸਿੰਘ ਦੀ ਅਗਵਾਈ ਵਾਲਾ ਆਜਾਦ ਗਰੁੱਪ ਜੇਤੂ ਰਿਹਾ ਸੀ ਅਤੇ ਦੋ ਉਮੀਦਵਾਰ (ਮਨਜੀਤ ਸਿੰਘ ਸੇਠੀ ਅਤੇ ਹਰਵਿੰਦਰ ਕੌਰ ਲੰਗ) ਆਜਾਦ ਉਮੀਦਵਾਰ ਵਜੋਂ ਚੋਣ ਜਿੱਤੇ ਸਨ| ਉਸ ਵੇਲੇ ਸ੍ਰ. ਕੁਲਵੰਤ ਸਿੰਘ ਦਾ ਹਲਕਾ ਵਿਧਾਇਕ ਨਾਲ ਸਮਝੌਤਾ ਹੋ ਗਿਆ ਸੀ ਜਿਸਦੇ ਨਤੀਜੇ ਵਲੋਂ ਕਾਂਗਰਸ ਦੇ 14 ਕੌਂਸਲਰਾਂ ਅਤੇ ਦੋ ਆਜਾਦ ਕੌਂਸਲਰਾਂ ਦੇ ਸਮਰਥਨ ਨਾਲ ਸ੍ਰ. ਕੁਲਵੰਤ ਸਿੰਘ ਮੇਅਰ ਬਣਨ ਵਿੱਚ ਕਾਮਯਾਬ ਹੋ ਗਏ ਸਨ|
ਬਾਅਦ ਵਿੱਚ ਮੇਅਰ ਦੀ ਅਗਵਾਈ ਵਿੱਚ ਉਹਨਾਂ ਦੇ ਗਰੁੱਪ ਦੇ ਕੌਂਸਲਰ ਅਕਾਲੀ ਦਲ ਵਿੱਚ ਸ਼ਾਮਿਲ ਹੋ ਗਏ ਸਨ ਅਤੇ ਹੌਲੀ ਹੌਲੀ ਅਕਾਲੀ ਭਾਜਪਾ ਗਠਜੋੜ ਦੇ ਸਾਰੇ ਕੌਂਸਲਰ ਵੀ ਉਹਨਾਂ ਦੀ ਅਗਵਾਈ ਸਵੀਕਾਰ ਕਰ ਗਏ ਸਨ| ਇਸ ਦੌਰਾਨ ਅਕਾਲੀ ਭਾਜਪਾ ਗਠਜੋੜ ਦੀ ਟਿਕਟ ਤੇ ਚੋਣ ਜਿੱਤੇ ਤਿੰਨ ਕੌਂਸਲਰ (ਬੀ ਬੀ ਮੈਣੀ, ਜਸਪ੍ਰੀਤ ਕੌਰ ਅਤੇ ਹਰਦੀਪ ਸਿੰਘ ਸਰਾਓ) ਵਲੋਂ ਆਪਣੀਆਂ ਪਾਰਟੀਆਂ ਛੱਡ ਦਿੱਤੀਆਂ ਅਤੇ ਕਾਂਗਰਸ ਵਿੱਚ ਸ਼ਾਮਿਲ ਹੋ ਗਏ ਸਨ|
ਮੌਜੂਦਾ ਹਾਲਾਤ ਇਹ ਹਨ ਕਿ ਅਕਾਲੀ ਭਾਜਪਾ ਗਠਜੋੜ ਦੇ 31 ਸਾਬਕਾ ਕੌਂਸਲਰਾਂ ਵਿੱਚੋਂ ਜਿਆਦਾਤਰ ਵਲੋਂ ਚੋਣ ਲੜਣ ਦੀ ਤਿਆਰੀ ਕੀਤੀ ਜਾ ਰਹੀ ਹੈ ਅਤੇ ਕਾਂਗਰਸ ਦੇ 16 ਸਾਬਕਾ ਕੌਂਸਲਰ ਵੀ ਚੋਣ ਲੜਣ ਲਈ ਤਿਆਰੀਆਂ ਵਿੱਚ ਲੱਗੇ ਹਨ| ਇਸਤੋਂ ਇਲਾਵਾ ਪਿਛਲੀ ਵਾਰ ਆਜਾਦ ਤੌਰ ਤੇ ਚੋਣ ਜਿੱਤੇ ਦੋ ਸਾਬਕਾ ਕੌਂਸਲਰ ਵੀ ਚੋਣ ਲੜਣਗੇ ਜਦੋਂਕਿ ਅਕਾਲੀ ਭਾਜਪਾ ਗਠਜੋੜ ਤੋਂ ਕਾਂਗਰਸ ਵਿੱਚ ਸ਼ਾਮਿਲ ਹੋਇਆ ਇੱਕ ਸਾਬਕਾ ਕੌਂਸਲਰ ਵਿਦੇਸ਼ ਜਾ ਚੁੱਕਿਆ ਹੈ ਅਤੇ ਉਸਦੇ ਚੋਣ ਲੜਣ ਦੀ ਕੋਈ ਸੰਭਾਵਨਾ ਨਹੀਂ ਹੈ|
ਇਸਤੋਂ ਇਲਾਵਾ ਆਮ ਆਦਮੀ ਪਾਰਟੀ ਅਤੇ ਬਹੁਜਨ ਸਮਾਜ ਪਾਰਟੀ ਵਲੋਂ ਵੀ ਨਗਰ ਨਿਗਮ ਦੀਆਂ ਚੋਣਾਂ ਲੜਣ ਦਾ ਐਲਾਨ ਕੀਤਾ ਜਾ ਚੁੱਕਿਆ ਹੈ ਜਦੋਂਕਿ ਅਕਾਲੀ ਦਲ ਟਕਸਾਲੀ ਅਤੇ ਸ੍ਰ. ਸੁਖਦੇਵ ਸਿੰਘ ਢੀਂਡਸਾ ਦੀ ਅਗਵਾਈ ਵਾਲੇ ਅਕਾਲੀ ਦਲ ਵਲੋਂ ਵੀ ਇਹ ਚੋਣਾਂ ਲੜਣ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ ਜਿਸ ਨਾਲ ਇਹਨਾਂ ਚੋਣਾਂ ਦੌਰਾਨ ਬਹੁਕੋਣੀ ਮੁਕਾਬਲੇ ਹੋਣ ਦੀ ਆਸ ਬਣ ਗਈ ਹੈ|

Leave a Reply

Your email address will not be published. Required fields are marked *