ਨਗਰ ਨਿਗਮ ਚੋਣਾਂ ਦੌਰਾਨ ਕਾਂਗਰਸ ਅਤੇ ਅਕਾਲੀ ਭਾਜਪਾ ਗਠਜੋੜ ਨੂੰ ਚੁਣੌਤੀ ਦੇਣ ਲਈ ਤਿਆਰ ਹੈ ਆਮ ਆਦਮੀ ਪਾਰਟੀ

ਨਗਰ ਨਿਗਮ ਚੋਣਾਂ ਦੌਰਾਨ ਕਾਂਗਰਸ ਅਤੇ ਅਕਾਲੀ ਭਾਜਪਾ ਗਠਜੋੜ ਨੂੰ ਚੁਣੌਤੀ ਦੇਣ ਲਈ ਤਿਆਰ ਹੈ ਆਮ ਆਦਮੀ ਪਾਰਟੀ
ਪਾਰਟੀ ਆਗੂਆਂ ਵਲੋਂ ਸਾਰੀਆਂ 50 ਸੀਟਾਂ ਤੇ ਉਮੀਦਵਾਰ ਖੜ੍ਹੇ ਕਰਨ ਦੀ ਤਿਆਰੀ
ਭੁਪਿੰਦਰ ਸਿੰਘ
ਐਸ ਏ ਐਸ ਨਗਰ, 7 ਅਗਸਤ
ਨਗਰ ਨਿਗਮ ਦੀ ਆਉਣ ਵਾਲੀ ਚੋਣ ਲਈ ਜਿੱਥੇ ਵਾਰਡਬੰਦੀ ਦਾ ਕੰਮ ਜੋਰਾਂ ਤੇ ਹੈ ਉੱਥੇ ਇਸਦੇ ਨਾਲ ਹੀ ਚੋਣ ਮੈਦਾਨ ਵਿੱਚ ਉਤਰਨ ਵਾਲੇ ਉਮੀਦਵਾਰਾਂ ਵਲੋਂ ਵੀ ਤਿਆਰੀਆਂ ਆਰੰਭ ਦਿੱਤੀਆਂ ਗਈਆਂ ਹਨ| ਇਸ ਦੌਰਾਨ ਪੰਜਾਬ ਵਿਧਾਨਸਭਾ ਵਿੱਚ ਮੁੱਖ ਵਿਰੋਧੀ ਆਮ ਆਦਮੀ ਪਾਰਟੀ ਵਲੋਂ ਵੀ ਨਗਰ ਨਿਗਮ ਚੋਣਾਂ ਵਿੱਚ ਹੱਥ ਅਜਮਾਉਣ ਦਾ ਫੈਸਲਾ ਕਰ ਲਿਆ ਗਿਆ ਹੈ ਅਤੇ ਪਾਰਟੀ ਵਲੋਂ ਨਗਰ ਨਿਗਮ ਦੀਆਂ 50 ਸੀਟਾਂ ਤੇ ਚੋਣ ਲੜਣ ਦੀਆਂ ਤਿਆਰੀਆਂ ਤੇਜ ਕਰ ਦਿੱਤੀਆਂ ਗਈਆਂ ਹਨ|
ਪ੍ਰਾਪਤ ਜਾਣਕਾਰੀ ਅਨੁਸਾਰ ਇਸ ਵੇਲੇ ਆਮ ਆਦਮੀ ਪਾਰਟੀ ਵਲੋਂ ਸ਼ਹਿਰ ਵਿੱਚ ਚੋਣ ਲੜਣ ਦੇ ਚਾਹਵਾਨ ਪਾਰਟੀ ਵੰਲਟੀਅਰਾਂ ਵਲੋਂ ਆਪੋ ਆਪਣੇ ਖੇਤਰਾਂ ਵਿੱਚ ਜਨਸੰਪਰਕ            ਤੇਜ ਕਰ ਦਿੱਤਾ ਗਿਆ ਹੈ ਅਤੇ ਇਸਦੇ ਨਾਲ ਹੀ ਪਾਰਟੀ ਦੇ ਆਗੂਆਂ ਵਲੋਂ ਵਾਰਡ ਵਾਈਜ ਮੀਟਿੰਗ ਵੀ ਕੀਤੀਆਂ ਜਾ ਰਹੀਆਂ ਹਨ ਅਤੇ ਇਸ ਦੌਰਾਨ ਪਾਰਟੀ ਨੂੰ ਮਿਲਣ ਵਾਲੇ ਹੁੰਗਾਰੇ ਨਾਲ ਪਾਰਟੀ ਆਗੂ ਉਤਸ਼ਾਹ ਵਿੱਚ ਦਿਖ ਰਹੇ ਹਨ|
ਨਗਰ ਨਿਗਮ ਚੋਣਾਂ ਸੰਬੰਧੀ ਕੀਤੀ ਜਾਣ ਵਾਲੀ ਵਾਰਡਬੰਦੀ ਅਤੇ           ਰਾਖਵੇਂ ਹੋਣ ਵਾਲੇ ਵਾਰਡਾਂ ਬਾਰੇ ਹੁਣੇ ਕੋਈ ਪੁਖਤਾ ਜਾਣਕਾਰੀ ਮੌਜੂਦ ਨਾ ਹੋਣ ਕਾਰਨ ਪਾਰਟੀ ਆਗੂ ਹੁਣ ਤਕ ਪਿਛਲੇ ਵਾਰਡਾਂ ਦੇ ਅਨੁਸਾਰ ਹੀ ਮੀਟਿੰਗਾਂ ਕਰ ਰਹੇ ਹਨ ਅਤੇ ਨਵੀਂ ਵਾਰਡਬੰਦੀ ਸਾਮ੍ਹਣੇ ਆਉਣ ਤੋਂ ਬਾਅਦ ਹੀ ਇਹ ਤੈਅ ਹੋ ਪਾਏਗਾ ਕਿ ਪਾਰਟੀ ਵਲੋਂ ਕਿਹੜੇ ਉਮੀਦਵਾਰ ਮੈਦਾਨ ਵਿੱਚ ਉਤਾਰੇ ਜਾਣਗੇ ਪਰੰਤੂ ਪਾਰਟੀ ਦੇ ਆਗੂਆਂ ਅਤੇ ਵਾਲੰਟੀਅਰਾਂ ਵਲੋਂ ਵੱਖ ਵੱਖ ਵਾਰਡਾਂ ਵਿੱਚ ਮੀਟਿੰਗਾਂ ਦਾ ਅਮਲ ਜਰੂਰ ਤੇਜ ਕਰ ਦਿੱਤਾ ਗਿਆ ਹੈ ਅਤੇ ਉਹਨਾਂ ਨੂੰ ਆਮ ਲੋਕਾਂ ਦਾ ਹੁੰਗਾਰਾ ਵੀ ਮਿਲ ਰਿਹਾ ਹੈ| 
ਆਮ ਆਦਮੀ ਪਾਰਟੀ ਦੇ ਸਥਾਨਕ ਆਗੂ ਸ੍ਰ. ਵਿਨੀਤ ਵਰਮਾ ਕਹਿੰਦੇ ਹਨ ਕਿ ਪਹਿਲਾਂ ਨਗਰ ਕੌਂਸਲ ਅਤੇ ਹੁਣ ਨਗਰ ਨਿਗਮ ਤੇ ਵਾਰੀ ਬਦਲ ਕੇ ਕਾਬਿਜ ਹੋਣ ਵਾਲੇ ਕਾਂਗਰਸ ਅਤੇ ਅਕਾਲੀ ਭਾਜਪਾ ਗਠਜੋੜ ਦੀ ਕਾਰਗੁਜਾਰੀ ਪੂਰੀ ਤਰ੍ਹਾਂ ਨਿਰਾਸ਼ ਕਰਨ ਵਾਲੀ ਰਹੀ ਹੈ ਅਤੇ ਇਹਨਾਂ ਦੋਵਾਂ ਵਲੋਂ ਆਪਸ ਵਿੱਚ ਮਿਲੀਭੁਗਤ ਕਰਕੇ ਸਿਰਫ ਅਤੇ ਸਿਰਫ ਆਪਣੀਆਂ ਸਿਆਸੀ ਰੋਟੀਆਂ ਸੇਕੀਆਂ ਗਈਆਂ ਹਨ ਅਤੇ ਸ਼ਹਿਰ ਦਾ ਵਿਕਾਸ ਕਰਨ ਦੀ ਥਾਂ ਵਿਨਾਸ਼ ਕੀਤਾ ਗਿਆ ਹੈ| ਉਹਨਾਂ ਕਿਹਾ ਕਿ ਮੁਹਾਲੀ ਦੇ ਲੋਕ ਇਹਨਾਂ ਦੋਵਾਂ ਦੀ ਅਸਲੀਅਤ ਨੂੰ ਸਮਝ ਚੁਕੇ ਹਨ ਅਤੇ ਆਮ ਗੱਲਬਾਤ ਦੌਰਾਨ ਇਹ ਗੱਲ ਜਾਹਿਰ ਵੀ ਕਰਦੇ ਹਨ| 
ਉਹਨਾਂ ਕਿਹਾ ਕਿ ਆਮ ਆਦਮੀ ਪਾਰਟੀ ਵਲੋਂ ਇਸ ਗੱਲ ਨੂੰ ਸਿਧਾਂਤਕ ਮੰਜੂਰੀ ਦਿੱਤੀ ਜਾ ਚੁੱਕੀ ਹੈ ਕਿ ਪਾਰਟੀ ਵਲੋਂ ਨਗਰ ਨਿਗਮ ਦੀਆਂ ਚੋਣਾਂ ਪਾਰਟੀ ਦੇ ਚੋਣ ਨਿਸ਼ਾਨ ਤੇ ਲੜੀਆਂ ਜਾਣਗੀਆਂ ਅਤੇ ਇਸ ਸੰਬੰਧੀ ਮੁਹਾਲੀ ਦੇ ਵੱਖ ਵੱਖ ਫੇਜ਼ਾਂ ਵਿੱਚ ਮੀਟਿੰਗਾਂ ਦਾ ਦੌਰ ਜਾਰੀ ਹੈ| ਉਹਨਾਂ ਕਿਹਾ ਆਮ ਆਦਮੀ ਪਾਰਟੀ ਨਗਰ ਨਿਗਮ ਦੀਆਂ 50 ਸੀਟਾਂ ਤੇ ਚੋਣ ਲੜੇਗੀ ਅਤੇ ਪਾਰਟੀ ਦੀਆਂ ਮੀਟਿੰਗਾਂ ਦੌਰਾਨ ਆਮ ਲੋਕਾਂ ਤੋਂ ਮਿਲਣ ਵਾਲੇ ਹੁੰਗਾਰੇ ਨਾਲ ਉਹਨਾਂ ਨੂੰ ਪੂਰੀ ਆਸ ਹੈ ਕਿ ਪਾਰਟੀ ਦਾ ਪ੍ਰਦਰਸ਼ਨ ਆਸ ਤੋਂ ਕਿਤੇ ਬਿਹਤਰ ਹੋਵੇਗਾ| 
ਆਮ ਆਦਮੀ ਪਾਰਟੀ ਵਲੋਂ ਮੈਦਾਨ ਵਿੱਚ ਉਤਰਨ ਨਾਲ ਨਿਗਮ ਚੋਣਾਂ ਦੀ ਲੜਾਈ ਦੇ ਦਿਲਚਸਪ ਹੋਣ ਦੀ ਸੰਭਾਵਨਾ ਬਣ ਗਈ ਹੈ ਅਤੇ              ਵੇਖਣਾ ਇਹ ਹੈ ਕਿ ਆਮ ਆਦਮੀ ਪਾਰਟੀ ਨਿਗਮ ਚੋਣਾਂ ਦੌਰਾਨ ਕਿਹੋ ਜਿਹਾ ਪ੍ਰਦਰਸ਼ਨ ਕਰਨ ਵਿੱਚ ਕਾਮਯਾਬ ਹੁੰਦੀ ਹੈ|

Leave a Reply

Your email address will not be published. Required fields are marked *