ਨਗਰ ਨਿਗਮ ਚੋਣਾਂ ਦੌਰਾਨ ਸਾਰੀਆਂ ਸੀਟਾਂ ਤੇ ਉਮੀਦਵਾਰ ਖੜ੍ਹੇ ਕਰੇਗੀ ਬਸਪਾ

ਐਸ.ਏ.ਐਸ.ਨਗਰ, 11 ਅਗਸਤ (ਸ.ਬ.) ਨਗਰ ਨਿਗਮ ਚੋਣਾਂ ਲਈ ਸਿਆਸੀ ਸਰਗਰਮੀਆ ਹੌਲੀ-ਹੌਲੀ ਜੋਰ ਫੜ੍ਹ ਰਹੀਆਂ ਹਨ ਅਤੇ ਇਸ ਦੌਰਾਨ ਬਹੁਜਨ ਸਮਾਜ ਪਾਰਟੀ ਨੇ ਐਲਾਨ ਕੀਤਾ ਹੈ ਕਿ ਉਸ ਵਲੋਂ ਮੁਹਾਲੀ ਨਗਰ ਨਿਗਮ ਚੋਣਾਂ ਦੌਰਾਨ ਸਾਰੀਆਂ ਸੀਟਾਂ ਤੇ ਉਮੀਦਵਾਰ ਖੜ੍ਹੇ ਕੀਤੇ ਜਾਣਗੇ ਅਤੇ ਬਹੁਜਨ ਸਮਾਜ ਪਾਰਟੀ ਇਹ ਚੋਣਾਂ ਪਾਰਟੀ ਦੇ ਨਿਸ਼ਾਨ ਤੇ ਲੜੇਗੀ| 
ਪਾਰਟੀ ਦੀ ਜਿਲ੍ਹਾ ਇਕਾਈ ਦੇ ਜਨਰਲ ਸਕੱਤਰ ਸ੍ਰ. ਸੁਖਦੇਵ ਸਿੰਘ ਚਪੜਚਿੜੀ ਨੇ ਦੱਸਿਆ ਕਿ ਪਾਰਟੀ ਵਲੋਂ ਇਸ ਸੰਬਧੀ ਪ੍ਰਕ੍ਰਿਆ ਸ਼ੁਰੂ ਕਰ ਦਿੱਤੀ ਗਈ ਹੈ ਜਿਸ ਦੌਰਾਨ ਵੱਖ-ਵੱਖ ਵਾਰਡਾਂ ਵਿੱਚ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ ਅਤੇ ਚੋਣ ਲੜ੍ਹਨ ਦੇ ਚਾਹਵਾਨ ਉਮੀਦਵਾਰਾਂ ਤੋਂ ਅਰਜੀਆਂ ਦੀ ਮੰਗ ਕੀਤੀ ਗਈ ਹੈ| ਉਹਨਾਂ ਕਿਹਾ ਕਿ ਬਹੁਜਨ ਸਮਾਜ ਪਾਰਟੀ ਨਿਗਮ ਚੋਣਾਂ ਦੌਰਾਨ 50 ਸੀਟਾਂ ਤੇ ਚੋਣ ਲੜ੍ਹਨ ਲਈ ਤਿਆਰ ਹੈ|  
ਉਹਨਾਂ ਕਿਹਾ ਕਿ ਭਾਵੇਂ ਹੁਣ ਤਕ ਪਾਰਟੀ ਦਾ ਕਿਸੇ ਨਾਲ ਗਠਜੋੜ ਨਹੀਂ ਹੋਇਆ ਹੈ ਪਰ ਪਾਰਟੀ ਵਲੋਂ ਹਮਖਿਆਲ ਪਾਰਟੀਆਂ ਨਾਲ ਗਠਜੋੜ ਦੀ ਗੱਲ ਕੀਤੀ ਜਾ ਰਹੀ ਹੈ ਅਤੇ ਜੇਕਰ ਕੋਈ ਸਮਝੌਤਾ ਹੋਇਆ ਤਾਂ ਉਸ ਅਨੁਸਾਰ ਸੀਟਾਂ ਦੀ ਵੰਡ ਕੀਤੀ ਜਾਵੇਗੀ| 
ਉਹਨਾਂ ਕਿਹਾ ਕਿ ਨਿਗਮ ਉਪਰ ਵਾਰੀ ਬਦਲ ਕੇ ਕਾਬਿਜ ਹੋਣ ਵਾਲੇ ਅਕਾਲੀ-ਭਾਜਪਾ ਗਠਜੋੜ ਅਤੇ ਕਾਂਗਰਸ ਪਾਰਟੀ ਵਲੋਂ ਸ਼ਹਿਰ ਦਾ ਵਿਕਾਸ ਕਰਨ ਦੀ ਥਾਂ ਵਿਨਾਸ਼ ਕੀਤਾ ਗਿਆ ਹੈ ਅਤੇ ਹੁਣ ਲੋਕ ਇਨ੍ਹਾਂ ਦੀ ਅਸਲੀਅਤ ਸਮਝ ਚੁੱਕੇ ਹਨ| ਉਹਨਾਂ ਕਿਹਾ ਕਿ ਪਾਰਟੀ ਨੂੰ ਵਸਨੀਕਾਂ ਵਲੋਂ ਵਧਿਆ ਹੁੰਗਾਰਾ ਮਿਲ ਰਿਹਾ ਹੈ ਅਤੇ ਨਿਗਮ ਚੋਣਾਂ ਦੌਰਾਨ ਪਾਰਟੀ ਵਧੀਆ ਕਾਰਗੁਜਾਰੀ ਦਾ ਪ੍ਰਦਰਸ਼ਨ ਕਰੇਗੀ| 

Leave a Reply

Your email address will not be published. Required fields are marked *