ਨਗਰ ਨਿਗਮ ਚੋਣਾਂ ਨੂੰ ਲੈ ਕੇ ਸਿਆਸੀ ਮਾਹੌਲ ਭਖਣਾ ਸ਼ੁਰੂ

ਨਗਰ ਨਿਗਮ ਚੋਣਾਂ ਨੂੰ ਲੈ ਕੇ ਸਿਆਸੀ ਮਾਹੌਲ ਭਖਣਾ ਸ਼ੁਰੂ
ਕਾਂਗਰਸ ਅਤੇ ਅਕਾਲੀ ਭਾਜਪਾ ਗਠਜੋੜ ਵਲੋਂ ਇੱਕ ਦੂਜੇ ਦੇ ਖਿਲਾਫ ਸਿਆਸੀ ਦੂਸ਼ਣਬਾਜੀ ਤੇਜ
ਭੁਪਿੰਦਰ ਸਿੰਘ
ਐਸ.ਏ.ਐਸ. ਨਗਰ, 6 ਅਗਸਤ 

ਨਗਰ ਨਿਗਮ ਦੀ ਆਉਣ ਵਾਲੀ ਚੋਣ ਨੂੰ ਲੈ ਕੇ ਸਿਆਸੀ ਮਾਹੌਲ ਨੇ ਗਰਮੀ ਫੜਣੀ ਸ਼ੁਰੂ ਕਰ ਦਿੱਤੀ ਹੈ ਅਤੇ ਕਾਂਗਰਸ ਅਤੇ ਅਕਾਲੀ ਭਾਜਪਾ ਗਠਜੋੜ ਵਲੋਂ ਇੱਕ ਦੂਜੇ ਦੇ ਖਿਲਾਫ ਸਿਆਸੀ ਦੂਸ਼ਣਬਾਜੀ ਤੇਜ ਕਰ ਦਿੱਤੀ ਗਈ ਹੈ| ਇਸ ਸੰਬੰਧੀ ਜਿੱਥੇ ਇੱਕ ਦਿਨ ਪਹਿਲਾਂ ਅਕਾਲੀ ਦਲ ਦੇ ਸਾਬਕਾ ਕੌਂਸਲਰਾਂ ਵਲੋਂ ਕੈਬਨਿਟ ਮੰਤਰੀ ਸ੍ਰ. ਬਲਬੀਰ ਸਿੰਘ ਸਿੱਧੂ ਉੱਪਰ ਸ਼ਹਿਰ ਦੇ ਵਿਕਾਸ ਕਾਰਜਾਂ ਨੂੰ ਲੈ ਕੇ ਕਈ ਇਲਜਾਮ ਲਗਾਉਂਦਿਆਂ ਉਹਨਾਂ ਵਲੋਂ ਕੀਤੇ ਜਾ ਰਹੇ ਐਲਾਨਾਂ ਨੂੰ ਚੋਣ ਸਟੰਟ ਦੱਸਿਆ ਗਿਆ ਸੀ ਉੱਥੇ ਅੱਜ ਜਵਾਬੀ ਹਮਲਾ ਕਰਦਿਆਂ ਕਾਂਗਰਸ ਦੇ ਸਾਬਕਾ ਕੌਂਸਲਰਾਂ ਅਤੇ ਹੋਰਨਾਂ ਆਗੂਆਂ ਵਲੋਂ ਕਿਹਾ ਗਿਆ ਹੈ ਕਿ ਕੈਬਿਨਟ ਮੰਤਰੀ ਸ੍ਰ. ਬਲਬੀਰ ਸਿੰਘ ਸਿੱਧੂ ਵਲੋਂ ਸ਼ਹਿਰ ਵਿੱਚ ਕਰਵਾਏ ਜਾ ਰਹੇ ਕਰੋੜਾਂ ਰੁਪਈਆਂ ਦੇ ਵਿਕਾਸ ਕਾਰਜ ਅਕਾਲੀਆਂ ਨੂੰ ਰਾਸ ਨਹੀਂ ਆ ਰਹੇ ਅਤੇ ਉਹ ਇਹਨਾਂ ਨੂੰ ਹੁੰਦਾ ਵੇਖ ਕੇ ਵੀ ਕਬੂਤਰ ਵਾਂਗ ਅੱਖਾਂ ਬੰਦ ਕਰਕੇ ਬੈਠ ਗਏ ਹਨ| 
ਇਸ ਦੌਰਾਨ ਅੱਜ ਅਕਾਲੀ ਦਲ ਵਲੋਂ ਮੋਰਚਾ ਸੰਭਾਲਦਿਆਂ ਯੂਥ ਅਕਾਲੀ ਦਲ ਦੇ ਜਿਲ੍ਹਾ ਸ਼ਹਿਰੀ ਦੇ ਪ੍ਰਧਾਨ ਪਰਵਿੰਦਰ ਸਿੰਘ ਸੋਹਾਣਾਂ ਨੇ ਇਲਜਾਮ ਲਗਾਇਆ ਹੈ ਕਿ ਨਗਰ ਨਿਗਮ ਚੋਣਾ ਸੰਬੰਧੀ ਕਾਂਗਰਸ ਵੱਲੋਂ ਧੱਕੇਸ਼ਾਹੀਆਂ ਦਾ ਦੌਰ ਸ਼ੁਰੂ ਕਰ ਦਿੱਤਾ ਗਿਆ ਹੈ ਅਤੇ ਕੈਬਿਨਟ ਮੰਤਰੀ ਸ੍ਰ. ਬਲਬੀਰ ਸਿੰਘ ਸਿੱਧੂ ਵੱਲੋਂ ਇਨ੍ਹਾਂ  ਧੱਕੇਸ਼ਾਹੀਆਂ ਨਾਲ ਨਿਗਮ ਚੋਣਾਂ ਜਿੱਤਣ ਲਈ ਹੁਣ ਤੋਂ ਵਿਉਂਤਬੰਦੀ ਬਣਾ ਲਈ ਗਈ ਹੈ| ਉਹਨਾਂ ਇਲਜਾਮ ਲਗਾਇਆ ਹੈ ਕਿ ਕੈਬਨਿਟ ਮੰਤਰੀ ਵਲੋਂ ਮੁਹਾਲੀ ਨਗਰ ਨਿਗਮ ਦੀ ਚੋਣ ‘ਸਿੱਧੂ ਐਂਡ ਕੰਪਨੀ ਪ੍ਰਾਈਵੇਟ ਲਿਮਟਿਡ’ ਦੇ ਬੈਨਰ ਹੇਠ ਕਰਵਾਉਣ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ| 
ਨਗਰ ਨਿਗਮ ਦੇ ਸਾਬਕਾ ਸੀਨੀਅਰ ਡਿਪਟੀ ਮੇਅਰ ਸ੍ਰੀ ਰਿਸ਼ਭ ਜੈਨ, ਵਾਰਡਬੰਦੀ ਕਮੇਟੀ ਮੈਂਬਰ ਸ੍ਰ. ਕੁਲਜੀਤ ਸਿੰਘ ਬੇਦੀ, ਅਮਰੀਕ ਸਿੰਘ ਸੋਮਲ, ਜਸਬੀਰ ਸਿੰਘ ਮਣਕੂ (ਦੋਵੇਂ ਸਾਬਕਾ ਕੌਂਸਲਰ), ਜਸਪ੍ਰੀਤ ਸਿੰਘ ਗਿੱਲ ਪ੍ਰਧਾਨ ਸਿਟੀ ਕਾਂਗਰਸ ਅਤੇ ਯੂਥ ਆਗੂ ਐਡਵੋਕੇਟ ਨਰਪਿੰਦਰ ਸਿੰਘ ਰੰਗੀ ਨੇ  ਅੱਜ ਇੱਥੇ ਜਾਰੀ ਬਿਆਨ ਵਿੱਚ ਇਲਜਾਮ ਲਗਾਇਆ ਕਿ ਜੰਗੀ ਪੱਧਰ ਤੇ ਹੋ ਰਹੇ ਵਿਕਾਸ ਕਾਰਜਾਂ ਕਾਰਨ ਅਕਾਲੀ ਕੌਂਸਲਰ ਬੁਖਲਾ ਗਏ ਹਨ ਅਤੇ ਇਹਨਾਂ ਨੂੰ ਆਪਣੀ ਹਾਰ ਤੈਅ ਨਜਰ ਆ ਰਹੀ ਹੈ ਇਸ ਲਈ ਉਹ ਸ੍ਰ. ਬਲਬੀਰ ਸਿੰਘ ਸਿੱਧੂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਹੇ ਹਨ| 
ਕਾਂਗਰਸੀ ਆਗੂਆਂ ਨੇ ਕਿਹਾ ਕਿ ਸ੍ਰ. ਸਿੱਧੂ ਦੇ ਯਤਨਾਂ ਸਦਕਾ ਹੀ ਮੁਹਾਲੀ ਵਿੱਚ ਮੈਡੀਕਲ ਕਾਲਜ ਬਣਨਾ ਸੰਭਵ ਹੋ ਸਕਿਆ ਹੈ ਅਤੇ ਕਾਲਜ ਦੀਆਂ ਕਲਾਸਾਂ ਸ਼ੁਰੂ ਹੋ ਚੁੱਕੀਆਂ ਹਨ| ਇਸਦੇ ਨਾਲ ਹੀ 600 ਬੈਡਾਂ ਦਾ ਨਵਾਂ ਹਸਪਤਾਲ ਵੀ ਬਣਨ ਜਾ ਰਿਹਾ ਹੈ ਅਤੇ ਫੇਜ਼ 6 ਦੇ ਸਿਵਲ ਹਸਪਤਾਲ ਨੂੰ ਸ਼ਿਫ਼ਟ ਕਰਕੇ ਸ਼ਹਿਰ ਵਿੱਚ ਕਿਸੇ ਹੋਰ ਥਾਂ ਤੇ ਬਣਾਇਆ ਜਾ ਰਿਹਾ ਹੈ| ਇਸਦੇ ਨਾਲ ਹੀ ਫੇਜ਼ 3ਬੀ1 ਵਾਲੀ ਸਰਕਾਰੀ ਡਿਸਪੈਂਸਰੀ ਨੂੰ  ਅਪਗ੍ਰੇਡ ਕਰਕੇ 10 ਕਰੋੜ ਰੁਪਏ ਦੀ ਲਾਗਤ ਨਾਲ 50 ਬੈਡਾਂ ਦੇ ਹਸਪਤਾਲ ਵਿੱਚ ਤਬਦੀਲ ਕੀਤਾ ਜਾ ਰਿਹਾ ਹੈ| 
ਉਹਨਾਂ ਦਾਅਵਾ ਕੀਤਾ ਕਿ ਸ੍ਰ ਸਿੱਧੂ ਵਲੋਂ ਸ਼ਹਿਰ ਦੇ ਕੰਮਾਂ ਲਈ ਆਪਣੇ ਅਖਤਿਆਰੀ ਕੋਟੇ ਵਿੱਚੋਂ ਵੱਡੀਆਂ ਗ੍ਰਾਂਟਾ ਦਿੱਤੀਆਂ ਹਨ| ਨਗਰ ਨਿਗਮ ਨੂੰ ਦਰੱਖ਼ਤਾਂ ਦੀ ਛੰਗਾਈ ਕਰਨ 37 ਲੱਖ ਰੁਪਏ ਦੀ ਲਾਗਤ ਦੀਆਂ ਦੋ ਛੰਗਾਈ ਮਸ਼ੀਨਾਂ ਨਗਰ ਨਿਗਮ ਨੂੰ ਲਿਆ ਕੇ ਦਿੱਤੀਆਂ ਗਈਆਂ ਹਨ ਅਤੇ ਮੁਹਾਲੀ ਦੀਆਂ ਰੈਜ਼ੀਡੈਂਟਸ ਤੇ ਵੈਲਫ਼ੇਅਰ                 ਐਸੋਸੀਏਸ਼ਨਾਂ ਨੂੰ ਲੋਕ ਭਲਾਈ ਦੇ ਕੰਮਾਂ ਲਈ 50 ਲੱਖ ਰੁਪਏ ਦੀਆਂ ਗਰਾਂਟਾਂ ਵੰਡੀਆਂ ਗਈਆਂ ਹਨ| 
ਉਹਨਾਂ ਦਾਅਵਾ ਕੀਤਾ ਕਿ ਸ੍ਰ. ਸਿੱਧੂ ਵਲੋਂ ਜਿੱਥੇ ਸ਼ਹਿਰ ਦੇ ਵਿਕਾਸ ਕਾਰਜਾਂ ਲਈ ਸਰਕਾਰ ਕੋਲੋਂ 15 ਕਰੋੜ ਰੁਪਏ ਦੀ ਗਰਾਂਟ ਲਿਆਂਦੀ ਗਈ ਹੈ ਉੱਥੇ ਪਿੰਡ ਕੁੰਭੜਾ ਵਿੱਚ 19 ਲੱਖ ਰੁਪਏ ਦੀ ਲਾਗਤ ਨਾਲ ਪਾਣੀ ਵਾਲਾ ਟਿਊਬਵੈਲ ਲਗਾ ਦਿੱਤਾ ਗਿਆ ਹੈ| ਕਈ ਸਾਲਾਂ ਤੋਂ ਰੁਕਿਆ ਕਜੌਲੀ ਵਾਟਰ ਵਰਕਸ ਪ੍ਰੋਜੈਕਟ ਦੇ ਟਰੀਟਮੈਂਟ ਪਲਾਂਟ ਦਾ ਕੰਮ 115 ਕਰੋੜ ਦੀ ਲਾਗਤ ਨਾਲ ਚਾਲੂ ਕਰਵਾਇਆ ਗਿਆ ਹੈ ਅਤੇ ਉਥੋਂ ਮੁਹਾਲੀ ਸ਼ਹਿਰ ਲਈ ਗਮਾਡਾ ਰਾਹੀਂ 60 ਕਰੋੜ ਰੁਪਏ ਦੀ ਲਾਗਤ ਨਾਲ ਪਾਈਪ ਲਾਈਨ ਵਿਛਾਈ ਜਾ ਰਹੀ ਹੈ| ਸ਼ਹਿਰ ਦੀ 14.5 ਕਰੋੜ ਰੁਪਏ ਦੀ ਵਾਟਰ ਸਪਲਾਈ ਅਪਗ੍ਰੇਡੇਸ਼ਨ ਸਕੀਮ ਨੂੰ ਮਨਜ਼ੂਰੀ ਦਿੱਤੀ ਗਈ ਹੈ ਅਤੇ ਖਸਤਾ ਹਾਲਤ ਵਿੱਚ ਪਏ ਫੇਜ਼ 3ਬੀ1 ਦੇ ਕਮਿਊਨਿਟੀ ਸੈਂਟਰ ਦੀ ਇਮਾਰਤ ਨੂੰ ਢਾਹ ਕੇ ਅਤਿ ਆਧੁਨਿਕ ਢੰਗ ਦਾ ਬਣਾਇਆ ਜਾ ਰਿਹਾ ਹੈ| 
ਉਨ੍ਹਾਂ ਕਿਹਾ ਕਿ ਆਪਣੇ ਅਕਾਲੀ ਸਰਕਾਰ ਦੇ ਕਾਰਜਕਾਲ ਦੌਰਾਨ                ਧੱਕੇਸ਼ਾਹੀਆਂ ਕਰਨ ਵਾਲੇ ਅਕਾਲੀ ਕੌਂਸਲਰਾਂ ਨੂੰ ਹੁਣ ਕੈਬਨਿਟ ਮੰਤਰੀ ਸ੍ਰ. ਬਲਬੀਰ ਸਿੰਘ ਸਿੱਧੂ ਵੱਲੋਂ ਕੀਤੇ ਗਏ ਵਿਕਾਸ ਕਾਰਜ ਵੀ ਧੱਕੇਸ਼ਾਹੀਆਂ ਜਾਪਣ ਲੱਗ ਪਏ ਹਨ ਅਤੇ ਇਹ ਅਕਾਲੀ ਕੌਂਸਲਰਾਂ ਦੀ ਬੁਖਲਾਹਟ ਦਾ ਨਤੀਜਾ ਹੈ|
ਇਸ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੀ ਯੂਥ ਵਿੰਗ ਦੇ ਜ਼ਿਲ੍ਹਾ ਸ਼ਹਿਰੀ ਪ੍ਰਧਾਨ ਸ੍ਰ. ਪਰਵਿੰਦਰ ਸਿੰਘ ਸੋਹਾਣਾ ਨੇ ਇਲਜਾਮ ਲਗਾਇਆ ਹੈ ਕਿ ਨਗਰ ਨਿਗਮ ਚੋਣਾ ਨੂੰ ਲੈ ਕੇ ਹਲਕਾ ਮੁਹਾਲੀ ਤੋਂ ਕਾਂਗਰਸੀ ਵਿਧਾਇਕ ਅਤੇ ਕੈਬਨਿਟ ਮੰਤਰੀ ਸ੍ਰ. ਬਲਬੀਰ ਸਿੰਘ ਸਿੱਧੂ ਵੱਲੋਂ ਧੱਕੇਸ਼ਾਹੀਆਂ ਦਾ ਦੌਰ ਸ਼ੁਰੂ ਕਰ ਦਿੱਤਾ ਗਿਆ ਹੈ ਅਤੇ ਇਨ੍ਹਾਂ ਧੱਕੇਸ਼ਾਹੀਆਂ ਨਾਲ ਨਿਗਮ ਚੋਣਾਂ ਜਿੱਤਣ ਲਈ ਹੁਣ ਤੋਂ ਵਿਉਂਤਬੰਦੀ ਬਣਾ ਲਈ ਗਈ ਹੈ| 
ਇੱਥੇ ਜਾਰੀ ਬਿਆਨ ਵਿੱਚ  ਉਹਨਾਂ ਕਿਹਾ ਕਿ ਕੈਬਨਿਟ ਮੰਤਰੀ ਵਲੋਂ ਮੁਹਾਲੀ ਨਗਰ ਨਿਗਮ ਦੀ ਚੋਣ ‘ਸਿੱਧੂ ਐਂਡ ਕੰਪਨੀ ਪ੍ਰਾਈਵੇਟ ਲਿਮਟਿਡ’ ਦੇ ਬੈਨਰ ਹੇਠ ਕਰਵਾਉਣ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ ਜਿਸਦੇ ਤਹਿਤ ਸ੍ਰ. ਸਿੱਧੂ ਨੇ ਮੁਹਾਲੀ ਦੀ ਨਵੇਂ ਸਿਰਿਉਂ ਕਰਵਾਈ ਜਾਣ ਵਾਲੀ ਵਾਰਡਬੰਡੀ ਦੇ ਲਈ ਵਾਰਡਬੰਦੀ ਬੋਰਡ ਵਿੱਚ ਆਪਣੇ ਭਰਾ ਅਮਰਜੀਤ ਸਿੰਘ ਜੀਤੀ ਸਿੱਧੂ ਅਤੇ ਸਾਬਕਾ ਕਾਂਗਰਸੀ ਕੌਂਸਲਰ ਕੁਲਜੀਤ ਸਿੰਘ ਬੇਦੀ ਨੂੰ ਮੈਂਬਰ ਵਜੋਂ ਨਾਮਜ਼ਦ ਕਰਵਾਇਆ ਹੈ ਤਾਂ ਜੋ ਉਹ ਮਨਮਰਜੀ ਦੀ ਵਾਰਡਬੰਦੀ ਨੂੰ ਪਾਸ ਕਰਵਾ ਸਕਣ| 
ਉਹਨਾਂ ਕਿਹਾ ਕਿ ਇਸ ਹਲਕਾ ਵਿਧਾਇਕ ਹੋਣ ਕਾਰਨ ਸ੍ਰ. ਸਿੱਧੂ ਨੇ ਤਾਂ ਪਹਿਲਾਂ ਹੀ ਇਸ ਬੋਰਡ ਦਾ ਮੈਂਬਰ ਬਣਨਾ ਹੀ ਸੀ ਅਤੇ ਹੁਣ ਇਸ ਵਾਰਡਬੰਦੀ ਕਮੇਟੀ ਵਿੱਚ ਉਹਨਾਂ ਨੇ ਆਪਣੇ ਭਰਾ ਅਤੇ ਇੱਥ ਸਾਬਕਾ ਕਾਂਗਰਸੀ ਕੌਂਸਲਰ ਨੂੰ ਸ਼ਾਮਿਲ ਕਰਕੇ ਅਤੇ ਕਿਸੇ ਵੀ ਹੋਰ ਦੂਸਰੀ ਰਾਜਨੀਤਿਕ ਪਾਰਟੀ ਨੂੰ ਨੁਮਾਇੰਦਗੀ ਨਾ ਦੇ ਕੇ ਸਿੱਧੂ ਨੇ ਲੋਕਤੰਤਰ ਦਾ ਘਾਣ ਕੀਤਾ ਹੈ| ਉਹਨਾਂ ਮੰਗ ਕੀਤੀ ਹੈ ਕਿ ਸਥਾਨਕ ਸਰਕਾਰਾਂ ਵਿਭਾਗ ਪੰਜਾਬ ਵੱਲੋਂ 31 ਜੁਲਾਈ ਨੂੰ ਜਾਰੀ ਕੀਤੇ ਗਏ ਇਸ ਵਾਰਡਬੰਦੀ ਨੋਟੀਫਿਕੇਸ਼ਨ ਨੂੰ ਤੁਰੰਤ ਰੱਦ ਕਰਕੇ ਵਾਰਡਬੰਦੀ ਬੋਰਡ ਵਿੰਚ ਸਾਰੀਆਂ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਸ਼ਾਮਿਲ ਕੀਤਾ         ਜਾਵੇ|

Leave a Reply

Your email address will not be published. Required fields are marked *