ਨਗਰ ਨਿਗਮ ਚੋਣਾਂ ਲਈ ਚੋਣ ਮੈਦਾਨ ਭਖਣਾ ਸ਼ੁਰੂ ਕੈਬਿਨਟ ਮੰਤਰੀ ਬਲਬੀਰ ਸਿੰਘ ਸਿੱਧੂ ਵਲੋਂ ਨਿਗਮ ਚੋਣਾਂ ਲਈ ਚੋਣ ਪ੍ਰਚਾਰ ਸ਼ੁਰੂ


ਭੁਪਿੰਦਰ ਸਿੰਘ
ਐਸ ਏ ਐਸ ਨਗਰ, 19 ਨਵੰਬਰ 

ਨਗਰ ਨਿਗਮ ਚੋਣਾਂ ਲਈ ਮੈਦਾਨ ਭਖਣਾ ਸ਼ੁਰੂ ਹੋ ਗਿਆ ਹੈ ਅਤੇ ਇਸ ਦੌਰਾਨ ਜਿੱਥੇ ਵੱਖ ਵੱਖ ਉਮੀਦਵਾਰਾਂ ਵਲੋਂ ਆਪਣੇ ਪੱਧਰ ਤੇ ਚੋਣ ਪ੍ਰਚਾਰ ਆਰੰਭ ਕੀਤਾ ਗਿਆ ਹੈ ਉੱਥੇ ਸਿਹਤ ਮੰਤਰੀ ਸ੍ਰ. ਬਲਬੀਰ ਸਿੰਘ ਸਿੱਧੂ ਵਲੋਂ ਅੱਜ ਸ਼ਹਿਰ ਵਿੱਚ ਵੱਖ ਵੱਖ ਥਾਵਾਂ ਤੇ ਕੀਤੀਆਂ ਗਈਆਂ ਮੀਟਿੰਗਾਂ ਦੌਰਾਨ ਕਾਂਗਰਸ ਦੀ ਟਿਕਟ ਤੇ ਚੋਣ ਲੜਣ ਵਾਲੇ ਉਮੀਦਵਾਰਾਂ ਦੀ ਵੋਟਰਾਂ ਨਾਲ ਜਾਣ ਪਹਿਚਾਣ ਕਰਵਾਉਂਦਿਆਂ ਉਹਨਾਂ ਨੂੰ ਜਿਤਾਉਣ ਦੀ ਅਪੀਲ ਵੀ ਕੀਤੀ| 
ਸ੍ਰ. ਸਿੱਧੂ ਵਲੋਂ ਅੱਜ ਸਵੇਰੇ  ਸੈਕਟਰ 71 ਵਿੱਚ ਵਿਕਾਸ ਕਾਰਜਾਂ ਦੀ ਸ਼ੁਰੂਆਤ ਕਰਦਿਆਂ ਨਗਰ ਨਿਗਮ ਚੋਣਾਂ ਲੜਨ ਵਾਲੇ ਕਾਂਗਰਸ ਦੇ ਦੋ ਉਮੀਦਵਾਰਾਂ ਸ੍ਰ. ਅਮਰੀਕ ਸਿੰਘ ਸੋਮਲ ਅਤੇ ਸ੍ਰੀ ਪ੍ਰਦੀਪ ਸੋਨੀ ਦੀ ਵੋਟਰਾਂ ਨਾਲ ਜਾਣ ਪਹਿਚਾਣ ਕਰਵਾਈ ਗਈ| ਇਸੇ ਤਰ੍ਹਾਂ ਉਹਨਾਂ ਵਲੋਂ ਬਾਅਦ ਦੁਪਹਿਰ ਫੇਜ਼ 7 ਵਿੱਚ ਸਿਟੀਜਨ ਵੈਲਫੇਅਰ ਐਂਡ ਡਿਵਲਪਮੈਂਟ ਫੋਰਮ ਮੁਹਾਲੀ ਦੇ ਪ੍ਰਧਾਨ ਨੂੰ ਰਸਮੀ ਤੌਰ ਤੇ ਕਾਂਗਰਸ ਪਾਰਟੀ ਵਿੱਚ ਸ਼ਾਮਿਲ ਕਰਦਿਆਂ ਉਹਨਾਂ ਨੂੰ ਫੇਜ਼ 7 ਦੇ ਵਾਰਡ ਨੰਬਰ 12 ਤੋਂ ਚੋਣ ਲੜਾਉਣ ਦਾ ਐਲਾਨ ਕੀਤਾ ਅਤੇ ਲੋਕਾਂ ਨੂੰ ਪਰਮਜੀਤ ਸਿੰਘ ਹੈਪੀ ਨੂੰ ਜਿਤਾਉਣ ਦੀ ਅਪੀਲ ਵੀ ਕੀਤੀ| 
ਆਪਣੇ ਇਹਨਾਂ ਪ੍ਰੋਗਰਾਮਾਂ ਦੌਰਾਨ ਜਿੱਥੇ ਸ੍ਰ ਸਿੱਧੂ ਵਲੋਂ ਜਨਤਕ ਮੀਟਿੰਗਾਂ ਦੌਰਾਨ ਪੰਜਾਬ ਸਰਕਾਰ ਵਲੋਂ ਮੁਹਾਲੀ ਦੇ ਕਰਵਾਏ ਗਏ ਵਿਕਾਸ ਦੇ ਸੋਹਲੇ ਗਾਏ ਜਾ ਰਹੇ ਹਨ ਅਤੇ ਨਾਲ ਹੀ ਲੋਕਾਂ ਨੂੰ ਕਾਂਗਰਸ ਨੂੰ ਵੋਟਾਂ ਪਾਉਣ ਦੀ ਅਪੀਲ ਕੀਤੀ ਜਾ ਰਹੀ ਹੈ| 
ਸ੍ਰ. ਸਿੱਧੂ ਵਲੋਂ ਨਗਰ ਨਿਗਮ ਚੋਣਾਂ ਲਈ ਕਾਂਗਰਸੀ ਉਮੀਦਵਾਰਾਂ ਦੇ ਹੱਕ ਵਿਚ ਚੋਣ ਪ੍ਰਚਾਰ ਆਰੰਭ ਕੀਤੇ ਜਾਣ ਨਾਲ ਇਸ ਚਰਚਾ ਨੇ ਵੀ ਜੋਰ ਫੜ ਲਿਆ ਹੈ ਕਿ ਨਿਗਮ ਚੋਣਾਂ ਛੇਤੀ ਹੀ ਕਰਵਾ ਦਿੱਤੀਆਂ ਜਾਣਗੀਆਂ| ਇਸ ਦੌਰਾਨ ਜਿੱਥੇ ਅਕਾਲੀ ਦਲ ਸਮੇਤ ਹੋਰ ਪਾਰਟੀਆਂ ਵਲੋਂ ਹੁਣੇ ਨਿਗਮ ਚੋਣਾਂ ਬਾਰੇ ਸਰਗਰਮੀਆਂ ਦੀ ਸ਼ੁਰੂਆਤ ਕੀਤੀ ਜਾਣੀ ਹੈ ਸ੍ਰ. ਸਿੱਧੂ ਵਲੋਂ ਇੱਕ ਝਟਕੇ ਨਾਲ ਚੋਣ ਮੁਹਿੰਮ ਦੀ ਸ਼ੁਰੂਆਤ ਕਰਕੇ ਬਾਕੀਆਂ ਨੂੰ ਇੱਕ ਝਟਕਾ ਵੀ ਦੇ ਦਿੱਤਾ ਗਿਆ ਹੈ ਅਤੇ ਲੱਗਦਾ ਹੈ ਕਿ ਅਗਲੇ ਕੁੱਝ ਦਿਨਾਂ ਦੌਰਾਨ ਚੋਣ ਸਰਗਰਮੀਆਂ ਪੂਰਾ ਜੋਰ ਫੜ ਜਾਣਗੀਆਂ|

Leave a Reply

Your email address will not be published. Required fields are marked *