ਨਗਰ ਨਿਗਮ ਚੋਣਾਂ ਲਈ ਭਖੀਆਂ ਸਰਗਰਮੀਆਂ, ਸਾਬਕਾ ਮੇਅਰ ਕੁਲਵੰਤ ਸਿੰਘ ਦੀ ਅਗਵਾਈ ਵਿੱਚ ਹੋਈ ਸਾਬਕਾ ਕੌਂਸਲਰਾਂ ਦੀ ਮੀਟਿੰਗ ਦੌਰਾਨ 30 ਸੀਟਾਂ ਦੇ ਉਮੀਦਵਾਰਾਂ ਬਾਰੇ ਬਣੀ ਸਹਿਮਤੀ ਬਾਕੀ ਸੀਟਾਂ ਬਾਰੇ ਵੀ ਛੇਤੀ ਹੋਵੇਗਾ ਫੈਸਲਾ, ਨਿਗਮ ਚੋਣਾਂ ਜਿੱਤ ਕੇ ਆਪਣਾ ਮੇਅਰ ਬਣਾਵਾਂਗੇ : ਕੁਲਵੰਤ ਸਿੰਘ


ਐਸ ਏ ਐਸ ਨਗਰ, 30 ਨਵੰਬਰ (ਸ.ਬ.) ਨਗਰ ਨਿਗਮ ਚੋਣਾਂ ਵਾਸਤੇ ਪੰਜਾਬ ਸਰਕਾਰ ਦੇ ਸਥਾਨਕ ਸਰਕਾਰ ਵਿਭਾਗ ਵਲੋਂ ਨੋਟਿਫਿਕੇਸ਼ਨ ਜਾਰੀ ਕੀਤੇ ਜਾਣ ਤੋਂ ਬਾਅਦ ਚੋਣ ਸਰਗਰਮੀਆਂ ਅਚਾਨਕ ਤੇਜੀ ਫੜ ਗਈਆਂ ਹਨ| ਇਸ ਦੌਰਾਨ ਨਗਰ ਨਿਗਮ ਦੇ ਸਾਬਕਾ ਮੇਅਰ ਸ੍ਰ. ਕੁਲਵੰਤ ਸਿੰਘ ਦੀ ਅਗਵਾਈ ਵਿੱਚ ਹੋਈ ਸਾਬਕਾ ਕੌਂਸਲਰਾਂ ਦੀ ਮੀਟਿੰਗ ਵਿੱਚ ਕੀਤੀ ਗਈ ਵਿਚਾਰ ਚਰਚਾ ਤੋਂ ਬਾਅਦ 30 ਸੀਟਾਂ ਦੇ ਉਮੀਦਵਾਰਾਂ ਦੇ ਨਾਵਾ ਬਾਰੇ ਫੈਸਲਾ ਕਰ ਲਿਆ ਗਿਆ ਹੈ ਜਦੋਂਕਿ ਬਾਕੀ ਦੀਆਂ ਸੀਟਾਂ ਤੇ ਚੋਣ ਲੜਣ ਵਾਲੇ ਉਮੀਦਵਾਰਾਂ ਬਾਰੇ ਇੱਕ ਦੋ ਦਿਨਾਂ ਵਿੱਚ ਫੈਸਲਾ ਕਰਕੇ 50 ਉਮੀਦਵਾਰਾਂ ਦੇ ਐਲਾਨ ਦੀ ਗੱਲ ਆਖੀ ਜਾ ਰਹੀ ਹੈ| 
ਇਸ ਸੰਬੰਧੀ ਸੰਪਰਕ ਕਰਨ ਤੇ ਸਾਬਕਾ ਮੇਅਰ ਸ੍ਰ. ਕੁਲਵੰਤ ਸਿੰਘ ਨੇ ਕਿਹਾ ਕਿ ਉਹਨਾਂ ਵਲੋਂ ਸਾਬਕਾ ਕੌਂਸਲਰਾਂ ਨਾਲ ਮੀਟਿੰਗ ਕਰਕੇ ਆਪਸੀ ਸਹਿਮਤੀ ਨਾਲ ਉਮੀਦਵਾਰਾਂ ਦੇ ਨਾਮ ਤੈਅ ਕਰਨ ਦੀ ਪ੍ਰਕ੍ਰਿਆ ਆਰੰਭੀ ਗਈ ਹੈ ਅਤੇ ਅਕਾਲੀ ਦਲ ਦੇ 26 ਸਾਬਕਾ ਕੌਂਸਲਰਾਂ ਦੀਆਂ ਸੀਟਾਂ ਬਾਰੇ ਸਹਿਮਤੀ ਕਾਇਮ ਕਰਕੇ ਕੁਲ 30 ਸੀਟਾਂ ਦੇ ਉਮੀਦਵਾਰ ਤੈਅ ਕਰ ਲਏ ਗਏ ਹਨ ਜਦੋਂਕਿ ਬਾਕੀ ਦੇ ਉਮੀਦਵਾਰਾਂ ਬਾਰੇ ਫੈਸਲਾ ਹੁਣੇ ਕੀਤਾ ਜਾਣਾ ਹੈ| 
ਉਹਨਾਂ ਕਿਹਾ ਕਿ ਕਾਂਗਰਸ ਪਾਰਟੀ ਭਾਵੇਂ ਜਿੰਨੇ ਮਰਜੀ ਦਾਅਵੇ ਕਰ ਲਵੇ ਪਰੰਤੂ ਅਲੀਅਤ ਇਹ ਹੈ ਕਿ ਉਹਨਾਂ ਨੂੰ ਸ਼ਹਿਰ ਦੇ ਲੋਕਾਂ ਦਾ ਸਮਰਥਨ ਹਾਸਿਲ ਹੈ ਅਤੇ ਉਹ ਬਹੁਮਤ ਹਾਸਿਲ ਕਰਕੇ ਆਪਣਾ ਮੇਅਰ ਬਣਾਉਣਗੇ| ਬਾਕੀ ਦੀਆਂ ਸੀਟਾਂ ਬਾਰੇ ਉਹਨਾਂ ਕਿਹਾ ਕਿ ਇਹਨਾਂ ਵਾਰਡਾਂ ਵਿੱਚ ਚੋਣ ਲੜਣ ਦੇ ਚਾਹਵਾਨ ਉਮੀਦਵਾਰਾਂ ਦੀ ਗਿਣਤੀ ਵੱਧ ਹੋਣ ਕਾਰਨ ਇਹਨਾਂ ਬਾਰੇ ਵਿਚਾਰ ਕੀਤਾ ਜਾ ਰਿਹਾ ਹੈ ਅਤੇ ਅਗਲੇ ਇੱਕ ਦੋ ਦਿਨਾਂ ਦੌਰਾਨ  50 ਸੀਟਾਂ ਦੇ ਉਮੀਦਵਾਰ ਤੈਅ ਕਰਨ ਉਪਰੰਤ ਉਮੀਦਵਾਰਾਂ ਬਾਰੇ ਰਸਮੀ ਐਲਾਨ ਕਰ ਦਿੱਤਾ ਜਾਵੇਗਾ| 
ਸਥਾਨਕ ਸਰਕਾਰ ਵਿਭਾਗ ਵਲੋਂ 13 ਫਰਵਰੀ ਤਕ ਚੋਣ ਅਮਲ ਮੁਕੰਮਲ ਕਰਨ ਦੀ ਸੰਬੰਧੀ ਨੋਟਿਫਿਕੇਸ਼ਨ ਜਾਰੀ ਕੀਤਾ ਗਿਆ ਹੈ ਜਿਸ ਅਨੁਸਾਰ ਜੇਕਰ ਵੋਟਾਂ ਪਾਊਣ ਤੋਂ ਬਾਅਦ ਚੋਣ ਅਮਲ ਮੁਕੰਮਲ ਹੋਣ ਦੀ ਪ੍ਰਕਿਆ ਵਿੱਚ ਲਗਣ ਵਾਲੇ ਸਮੇਂ ਨੂੰ ਘਟਾ ਦਿੱਤਾ ਜਾਵੇ ਤਾਂ ਇਹ ਚੋਣਾਂ ਜਨਵਰੀ ਮਹੀਨੇ ਵਿੱਚ ਹੀ ਕਰਵਾਈਆਂ ਜਾਣੀਆਂ ਹਨ ਅਤੇ ਇਸ ਸੰਬੰਧੀ ਚੋਣ ਕਮਿਸ਼ਨ ਵਲੋਂ ਆਉਂਦੇ ਦਿਨਾਂ ਦੌਰਾਨ ਚੋਣ ਪ੍ਰੋਗਰਾਮ ਦਾ ਐਲਾਨ ਕੀਤੇ ਜਾਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ| 
ਭਾਜਪਾ ਨਾਲ ਵੀ ਹੋ ਸਕਦਾ ਹੈ ਸਮਝੌਤਾ
ਸਾਬਕਾ ਮੇਅਰ ਕੁਲਵੰਤ ਸਿੰਘ ਦੀ ਅਗਵਾਈ ਵਿੱਚ ਭਾਵੇਂ 30 ਉਮੀਦਵਾਰਾ ਦੀ ਸੂਚੀ ਤਿਆਰ ਕਰ ਲਈ ਗਈ ਹੈ ਅਤੇ ਬਾਕੀ ਦੀਆਂ ਸੀਟਾਂ ਤੇ ਉਮੀਦਵਾਰ ਤੈਅ ਕਰਨ ਦੀ ਪ੍ਰਕ੍ਰਿਆ ਚਲ ਰਹੀ ਹੈ ਪਰੰਤੂ ਸੂਤਰ ਦੱਸਦੇ ਹਨ ਕਿ ਇਸ ਦੌਰਾਨ ਭਾਰਤੀ ਜਨਤਾ ਪਾਰਟੀ ਨਾਲ ਸੀਟਾ ਦੀ ਵੰਡ ਬਾਰੇ ਵੀ ਗੱਲ ਬਾਤ ਕੀਤੀ ਜਾ ਸਕਦੀ ਹੈ| ਪਿਛਲੀ ਵਾਰ ਨਿਗਮ ਚੋਣਾਂ ਦੌਰਾਨ ਅਕਾਲੀ ਦਲ ਦੇ ਨਾਲ ਚੋਣ ਲੜਣ ਵਾਲੀ ਭਾਰਤੀ ਜਨਤਾ ਪਾਰਟੀ ਵਲੋਂ ਇਸ ਵਾਰ 50 ਸੀਟਾਂ ਤੇ ਚੋਣ ਲੜਣ ਦੀ ਤਿਆਰੀ ਕੀਤੀ ਜਾ ਰਹੀ ਹੈ ਅਤੇ ਇਸ ਦੌਰਾਨ ਵੱਖ ਵੱਖ ਵਾਰਡਾਂ ਵਿੱਚ ਚੋਣ ਲੜ ਰਹੇ ਕੁੱਝ ਆਜਾਦ ਉਮੀਦਵਾਰਾਂ ਵਲੋਂ ਭਾਜਪਾ ਦਾ ਪੱਲਾ ਵੀ ਫੜਿਆ ਜਾ ਚੁੱਕਿਆ ਹੇ| ਸੂਤਰਾਂ ਅਨੁਸਾਰ ਭਾਜਪਾ ਨਾਲ ਸੀਟਾਂ ਦੀ ਵੰਡ ਸੰਬੰਧੀ ਮੇਅਰ ਕੁਲਵੰਤ ਸਿੰਘ ਦਾ ਰੁੱਖ ਕਾਫੀ ਲਰਮ ਹੈ ਅਤੇ ਜੇ ਦੋਵੇਂ ਧਿਰਾਂ ਵਿੱਚ ਆਪਸੀ ਸਹਿਮਤੀ ਕਾਇਮ ਹੋ ਗਈ ਤਾਂ ਇਹਨਾਂ ਵਿੱਚ ਚੋਣ ਸਮਝੌਤਾ ਵੀ ਹੋ ਸਕਦਾ ਹੈ|

Leave a Reply

Your email address will not be published. Required fields are marked *