ਨਗਰ ਨਿਗਮ ਚੋਣਾਂ : ਵਾਰਡਬੰਦੀ ਦਾ ਪ੍ਰਸਤਾਵਿਤ ਨਕਸ਼ਾ ਜਾਰੀ ਲੋਕਾਂ ਦੇ ਵੇਖਣ ਲਈ ਨਕਸ਼ਾ ਨਗਰ ਨਿਗਮ ਦੇ ਕਾਨਫਰੰਸ ਹਾਲ ਵਿੱਚ ਰੱਖਿਆ, ਇੱਕ ਹਫਤੇ ਤਕ ਜਾਰੀ ਕਰਵਾਏ ਜਾ ਸਕਣਗੇ ਇਤਰਾਜ਼


ਭੁਪਿੰਦਰ ਸਿੰਘ
ਐਸ ਏ ਐਸ ਨਗਰ, 26 ਅਕਤੂਬਰ

ਨਗਰ ਨਿਗਮ ਦੀਆਂ ਹੋਣ ਵਾਲੀਆਂ ਚੋਣਾਂ ਲਈ ਇੱਕ ਕਦਮ ਹੋਰ ਅੱਗੇ ਪੱਟਦਿਆਂ ਸਥਾਨਕ ਸਰਕਾਰ ਵਿਭਾਗ ਵਲੋਂ ਨਗਰ ਨਿਗਮ ਦੀ ਵਾਰਡਬੰਦੀ ਦਾ ਨਕਸ਼ਾ ਜਾਰੀ ਕਰ ਦਿੱਤਾ ਗਿਆ ਹੈ ਜਿਹੜਾ ਇੱਕ ਹਫਤੇ ਤਕ ਨਗਰ ਨਿਗਮ ਐਸ ਏ ਐਸ ਨਗਰ ਦੇ ਕਾਨਫਰੰਸ ਹਾਲ ਵਿੱਚ ਲੋਕਾਂ ਦੇ           ਦੇਖਣ ਲਈ ਰਖਵਾ ਦਿੱਤਾ ਗਿਆ ਹੈ ਜਿਹੜਾ ਇੱਥ ਹਫਤੇ ਤਕ ਲੋਕਾਂ ਦੇ         ਵੇਖਣ ਲਈ ਰਖਵਾਇਆ ਜਾਵੇਗਾ| 
ਨਗਰ ਨਿਗਮ ਦੇ ਕਮਿਸ਼ਨਰ ਡਾ. ਕਮਲ ਕੁਮਾਰ ਗਰਗ ਨੇ ਦੱਸਿਆ ਕਿ ਸਥਾਨਕ ਸਰਕਾਰ ਵਿਭਾਗ ਵਲੋਂ ਅੱਜ ਇੱਥੇ ਵਾਰਡਬੰਦੀ ਦਾ ਪ੍ਰਸਤਾਵਿਤ ਨਕਸ਼ਾ ਆਮ ਲੋਕਾਂ ਦੇ ਵੇਖਣ ਲਈ ਰਖਵਾ ਦਿੱਤਾ ਗਿਆ ਹੈ ਜਿਹੜਾ ਅਗਲੇ ਇੱਕ ਹਫਤੇ (ਐਤਵਾਰ ਸ਼ਾਮ) ਤਕ ਵੇਖਿਆ ਜਾ ਸਕੇਗਾ| ਉਹਨਾਂ ਦੱਸਿਆ ਕਿ ਜੇਕਰ ਕਿਸੇ ਵਿਅਕਤੀ ਨੇ ਇਸ ਪ੍ਰਸਤਾਵਿਤ ਵਾਰਡਬੰਦੀ ਬਾਰੇ ਕੋਈ ਇਤਰਾਜ ਦਰਜ ਕਰਵਾਉਣਾ ਹੈ ਤਾਂ ਉਹ ਐਵਤਾਰ ਸ਼ਾਮ 5 ਵਜੇ ਤਕ ਨਗਰ ਨਿਗਮ ਦੇ ਦਫਤਰ ਵਿੱਚ ਆਪਣਾ ਲਿਖਤੀ ਇਤਰਾਜ ਦਰਜ ਕਰਵਾ ਸਕਦਾ ਹੈ| ਉਹਨਾਂ ਦੱਸਿਆ ਕਿ ਇਸ ਉਪਰੰਤ ਵਾਰਡਬੰਦੀ ਸੰਬੰਧੀ ਆਏ ਸਮੂਹ ਇਤਰਾਜਾਂ ਨੂੰ ਵਾਰਡਬੰਦੀ ਬੋਰਡ ਦੀ ਅਗਲੀ ਮੀਟਿੰਗ ਦੌਰਾਨ ਵਿਚਾਰਿਆ ਜਾਵੇਗਾ ਅਤੇ ਉਸਤੋਂ ਬਾਅਦ ਵਾਰਡਬੰਦੀ ਦੀ ਫਾਈਨਲ ਪ੍ਰਕਾਸ਼ਨਾ ਕਰ ਦਿੱਤੀ ਜਾਵੇਗੀ| 
ਅੱਜ ਸਵੇਰੇ ਜਿਵੇਂ ਹੀ ਨਗਰ ਨਿਗਮ ਦੇ ਦਫਤਰ ਵਿੱਚ ਵਾਰਡਬੰਦੀ ਦਾ ਪ੍ਰਸਤਾਵਿਤ ਨਕਸ਼ਾ ਰੱਖੇ ਜਾਣ ਦੀ ਜਾਣਕਾਰੀ ਜਨਤਕ ਹੋਈ ਉੱਥੇ ਚੋਣ ਲੜਣ ਦੇ ਚਾਹਵਾਨ ਉਮੀਦਵਾਰ, ਸਾਬਕਾ ਕੌਂਸਲਰ ਅਤੇ ਹੋਰ ਲੋਕ ਨਕਸ਼ਾ ਵੇਖਣ ਲਈ ਪਹੁੰਚਣੇ ਸ਼ੁਰੂ ਹੋ ਗਏ| ਇਸ ਮੌਕੇ ਨਿਗਮ ਦਫਤਰ ਵਿੱਚ ਨਕਸ਼ਾ ਵੇਖਣ ਪਹੁੰਚੇ ਲੋਕਾਂ ਦਾ ਕਹਿਣਾ ਸੀ ਕਿ ਵਾਰਡਬੰਦੀ ਦਾ ਨਕਸ਼ਾ ਤਿਆਰ ਕਰਨ ਵੇਲੇ ਲਗਭਗ ਸਾਰੇ ਹੀ ਵਾਰਡਾਂ ਨਾਲ ਕਾਫੀ ਜਿਆਦਾ ਛੇੜਛਾੜ ਕੀਤੀ ਗਈ ਹੈ ਜਿਸ ਕਾਰਨ ਸਾਰੇ ਹੀ ਵਾਰਡਾਂ ਦਾ ਨਕਸ਼ਾ ਪੂਰੀ ਤਰ੍ਹਾਂ ਬਦਲ ਗਿਆ ਹੈ| 
ਇਸ ਮੌਕੇ ਨਕਸ਼ਾ ਵੇਖਣ ਲਈ ਪਹੁੰਚੇ ਅਕਾਲੀ ਦਲ ਦੇ ਸਾਬਕਾ ਕੌਂਸਲਰਾਂ ਸ੍ਰੀ ਪਰਮਜੀਤ ਸਿੰਘ ਕਾਹਲੋਂ, ਕਮਲਜੀਤ ਸਿੰਘ ਰੂਬੀ, ਹਰਪਾਲ ਸਿੰਘ ਚਾਨਾ ਅਤੇ ਆਰ ਪੀ ਸ਼ਰਮਾ ਨੇ ਕਿਹਾ ਕਿ ਕੈਬਿਨਟ ਮੰਤਰੀ ਸ੍ਰ. ਬਲਬੀਰ ਸਿੰਘ ਸਿੱਧੂ ਵਲੋਂ ਤਿਆਰ ਕੀਤੇ ਗਏ ਇਸ ਨਕਸ਼ੇ ਵਿੱਚ  ਅਕਾਲੀ ਦਲ ਅਤੇ ਭਾਜਪਾ ਦੇ ਕੌਂਸਲਰਾਂ ਦੇ ਵਾਰਡਾਂ ਨਾਲ ਜਾਣ ਬੁੱਝ ਕੇ ਛੇੜਛਾੜ ਕੀਤੀ ਗਈ ਹੈ ਅਤੇ ਕਈ ਜਿਆਦਾਤਰ ਮਰਦ ਕੌਂਸਲਰਾਂ ਦੇ ਵਾਰਡਾਂ ਨੂੰ ਮਹਿਲਾਵਾਂ ਲਈ ਰਾਖਵੇਂ ਕਰ ਦਿੱਤਾ ਗਿਆ ਹੈ ਤਾਂ ਜੋ ਉਹ ਚੋਣ ਨਾ ਲੜ ਸਕਣ| ਉਹਨਾਂ ਕਿਹਾ ਕਿ ਇਹਨਾਂ ਕਾਰਵਾਈਆਂ ਨਾਲ ਕਾਂਗਰਸ ਮਜਬੂਤ ਨਹੀਂ ਹੋ ਸਕਦੀ ਅਤੇ ਅਕਾਲੀ ਦਲ ਨੂੰ ਲੋਕਾਂ ਦਾ ਭਰਪੂਰ ਸਮਰਥਨ ਮਿਲੇਗਾ| ਇੱਥੇ ਇਹ ਜਿਕਰ ਕਰਨਾ ਬਣਦਾ ਹੈ ਕਿ ਅਕਾਲੀ ਦਲ ਦੇ ਇਹਨਾਂ ਚਾਰ ਸਾਬਕਾ ਕੌਂਸਲਰਾਂ ਦੇ ਵਾਰਡ ਵੀ ਮਹਿਲਾਵਾਂ ਲਈ ਰਾਖਵੇਂ ਕਰ ਦਿੱਤੇ ਗਏ ਹਨ| 
ਇਸ ਦੌਰਾਨ ਕਾਂਗਰਸ ਦੇ ਸਾਬਕਾ ਕੌਂਸਲਰ ਸ੍ਰ. ਅਮਰੀਕ ਸਿੰਘ ਸੋਮਲ ਨੇ ਕਿਹਾ ਕਿ ਇਸ ਨਕਸ਼ੇ ਵਿੱਚ ਮੁਹਾਲੀ ਦੇ ਫੇਜ਼ਾਂ ਅਤੇ ਸੈਕਟਰਾਂ ਦੀ ਜਾਣਕਾਰੀ ਨਹੀਂ ਦਿੱਤੀ ਗਈ ਹੈ ਜਿਸ ਕਾਰਨ ਇਹ ਨਕਸ਼ਾ ਪੂਰੀ ਤਰ੍ਹਾਂ ਸਮਝ ਵਿੱਚ ਨਹੀਂ ਆ ਰਿਹਾ ਅਤੇ ਇਸ ਵਿੱਚ ਮੁਹਾਲੀ ਦੇ ਫੇਜ਼ਾਂ ਅਤੇ ਸੈਕਟਰਾਂ ਦਾ         ਵੇਰਵਾ ਵੀ ਦਰਜ ਕੀਤਾ ਜਾਣਾ ਚਾਹੀਦਾ ਹੈ| 
ਨਗਰ ਨਿਗਮ ਦੀਆਂ ਪ੍ਰਸਤਾਵਿਤ ਚੋਣਾਂ ਲਈ ਵਾਰਡਬੰਦੀ ਦਾ ਪਹਿਲਾ ਨਕਸ਼ਾ ਜਾਰੀ ਹੋਣ ਦੇ ਨਾਲ ਹੀ ਸ਼ਹਿਰ ਦੀ ਸਿਆਸਤ ਵੀ ਗਰਮੀ ਫੜ ਗਈ ਹੈ ਅਤੇ ਚੋਣ ਲੜਣ ਦੇ ਚਾਹਵਾਨਾਂ ਵਲੋਂ ਆਪੋ ਆਪਣੇ ਵਾਰਡਾਂ ਦੇ ਨਕਸ਼ਿਆਂ ਅਨੁਸਾਰ ਅਗਲੀ ਰਣਨੀਤੀ ਤਿਆਰ ਕਰਨ ਦਾ ਕੰਮ ਤੇਜ ਕਰ ਦਿੱਤਾ ਗਿਆ ਹੈ ਜਿਸ ਕਾਰਨ ਆਉਣ ਵਾਲ ਦਿਨਾਂ ਦੌਰਾਨ ਚੋਣ ਸਰਗਰਮੀਆਂ ਦੇ ਪੂਰੀ ਤਰ੍ਹਾਂ ਭਖ ਜਾਣ ਦੀ ਉਮੀਦ ਹੈ| 

Leave a Reply

Your email address will not be published. Required fields are marked *