ਨਗਰ ਨਿਗਮ ਚੋਣਾਂ : ਵਾਰਡਬੰਦੀ ਬੋਰਡ ਦੀ ਮੀਟਿੰਗ 23 ਅਕਤੂਬਰ ਨੂੰ ਨਗਰ ਨਿਗਮ ਨੇ ਮੁਕੰਮਲ ਕੀਤਾ ਸ਼ਹਿਰ ਦੀ ਆਬਾਦੀ ਦੇ ਸਰਵੇ ਦਾ ਕੰਮ


ਐਸ ਏ ਐਸ ਨਗਰ, 20 ਅਕਤੂਬਰ (ਸ.ਬ.)  ਨਗਰ ਨਿਗਮ ਐਸ ਏ ਐਸ ਨਗਰ ਦੀਆਂ ਚੋਣਾ ਲਈ ਵਾਰਡਬੰਦੀ ਤਿਆਰ ਕਰਨ ਲਈ ਪੰਜਾਬ ਸਰਕਾਰ ਦੇ ਸਥਾਨਕ ਸਰਕਾਰ ਵਿਭਾਗ ਵਲੋਂ ਕਾਇਮ ਕੀਤੇ ਗਏ ਵਾਰਡਬੰਦੀ ਬੋਰਡ ਦੀ ਮੀਟਿੰਗ 23 ਅਕਤੂਬਰ ਨੂੰ ਚੰਡੀਗੜ੍ਹ ਦੇ ਸੈਕਟਰ 35 ਵਿੱਚ ਸਥਿਤ ਸਥਾਨਕ ਸਰਕਾਰ ਵਿਭਾਗ ਦੇ ਦਫਤਰ ਵਿੱਚ ਆਯੋਜਿਤ ਕੀਤੀ ਜਾਵੇਗੀ ਜਿਸ ਦੌਰਾਨ ਨਗਰ ਨਿਗਮ ਦੀ ਪ੍ਰਸਤਾਵਿਤ ਵਾਰਡਬੰਦੀ ਦੇ ਖਰੜੇ ਨੂੰ ਮੰਜੂਰੀ ਦਿੱਤੇ ਜਾਣ ਦੀ ਸੰਭਾਵਨਾ ਹੈ ਜਿਸਤੋਂ ਬਾਅਦ ਵਾਰਡਬੰਦੀ ਦਾ ਇਹ ਖਰੜਾ ਦਾਅਵੇ ਅਤੇ ਇਤਰਾਜਾਂ ਲਈ ਨਗਰ ਨਿਗਮ ਐਸ ਏ ਐਸ ਨਗਰ ਦੇ ਦਫਤਰ ਵਿੱਚ ਲੋਕਾਂ ਦੇ ਵੇਖਣ ਲਈ ਰੱਖਿਆ ਜਾਣਾ ਹੈ| 
ਪ੍ਰਾਪਤ ਜਾਣਕਾਰੀ ਅਨੁਸਾਰ ਨਗਰ ਨਿਗਮ ਦੀ ਵਾਰਡਬੰਦੀ ਦਾ ਖਰੜਾ ਤਿਆਰ ਕਰਨ ਦਾ ਕੰਮ ਕਾਫੀ ਤੇਜੀ ਨਾਲ ਚਲ ਰਿਹਾ ਹੈ ਅਤੇ ਨਵੀਂ ਆਬਾਦੀ ਦੇ ਅੰਕੜਿਆਂ ਅਨੁਸਾਰ ਬਲਡਾਕ ਬਣਾ ਕੇ ਨਵੀਂ ਵਾਰਡਬੰਦੀ ਕੀਤੀ ਜਾ ਰਹੀ ਹੈ ਜਿਸਦੇ ਇੱਕ ਦੋ ਦਿਨਾਂ ਵਿੱਚ ਤਿਆਰ ਹੋ ਜਾਣ ਦੀ ਸੰਭਾਵਨਾ ਹੈ ਅਤੇ 23 ਅਕਤੂਬਰ ਨੂੰ ਹੋਣ ਵਾਲੀ ਵਾਰਡਬੰਦੀ ਬੋਰਡ ਦੀ ਮੀਟਿੰਗ ਵਿੱਚ ਇਹ ਖਰੜਾ ਪੇਸ਼ ਕੀਤਾ ਜਾਣਾ ਹੈ| 
ਇਸ ਦੌਰਾਨ ਨਗਰ ਨਿਗਮ ਵਲੋਂ ਸ਼ਹਿਰ ਦੀ ਆਬਾਦੀ ਦੇ ਸਰਵੇ ਦਾ ਕੰਮ ਨਵੇਂ ਸਿਰੇ ਤੋਂ ਮੁਕੰਮਲ ਕਰ ਲਿਆ ਗਿਆ ਹੈ ਜਿਸ ਦੌਰਾਨ ਸ਼ਹਿਰ ਦੇ ਨਗਰ ਨਿਗਮ ਦੇ ਅਧੀਨ ਆਉਂਦੇ                ਖੇਤਰ ਦੀ ਕੁਲ ਆਬਾਦੀ 179375 ਦਰਜ ਕੀਤੀ ਗਈ ਹੈ| ਇੱਥੇ ਜਿਕਰਯੋਗ ਹੈ ਕਿ ਇਸਤੋਂ ਪਹਿਲਾ ਨਗਰ ਨਿਗਮ ਵਲੋਂ ਕਰਵਾਏ ਗਏ ਆਬਾਦੀ ਦੇ ਸਰਵੇ ਵਿੱਚ ਸ਼ਹਿਰ ਦੀ ਆਬਾਦੀ ਦਾ ਅੰਕੜਾ 1 ਲੱਖ 52 ਹਜਾਰ ਦੇ ਆਸ ਪਾਸ ਸੀ ਜਿਹੜਾ ਪਿਛਲੀ ਵਾਰ ਹੋਈਆਂ ਚੋਣਾਂ ਦੌਰਾਨ ਇਕੱਤਰ ਕੀਤੇ ਗਏ ਆਬਾਦੀ ਦੇ ਅੰਕੜੇ (1 ਲੱਖ 64 ਹਜਾਰ) ਦੇ ਮੁਕਾਬਲੇ 12 ਹਜਾਰ ਘੱਟ ਦਰਜ ਕੀਤਾ ਗਿਆ ਸੀ| ਉਸ ਵੇਲੇ ਇਹ ਗੱਲ ਸਾਮ੍ਹਣੇ ਆਈ ਸੀ ਕਿ ਨਗਰ ਨਿਗਮ ਦੇ ਕਰਮਚਾਰੀਆਂ ਵਲੋਂ ਸਰਵੇ ਦੇ ਕੰਮ ਦੌਰਾਨ ਲਾਪਰਵਾਹੀ ਵਰਤੀ ਗਈ ਸੀ ਅਤੇ ਵੱਡੀ ਗਿਣਤੀ ਘਰਾਂ ਨੂੰ ਬੰਦ ਦਰਸਾ ਦਿੱਤਾ ਗਿਆ ਸੀ ਜਿਸਤੋਂ ਬਾਅਦ ਨਗਰ ਨਿਗਮ ਦੇ ਕਮਿਸ਼ਨਰ ਸ੍ਰੀ ਕਮਲ ਕੁਮਾਰ ਗਰਗ ਵਲੋਂ ਨਵੇਂ ਸਿਰੇ ਤੋਂ ਸਰਵੇ ਕਰਨ ਅਤੇ ਬੰਦ ਵਿਖਾਏ ਗਏ ਘਰਾਂ ਵਿੱਚ ਮੁੜ ਸਰਵੇ ਕਰਨ ਦੇ ਹੁਕਮ ਜਾਰੀ ਕੀਤੇ ਸਨ| 
ਪ੍ਰਾਪਤ ਜਾਣਕਾਰੀ ਅਨੁਸਾਰ ਹੁਣ ਨਵੇਂ ਸਿਰੇ ਤੋਂ ਕੀਤੇ ਗਏ ਇਸ ਸਰਵੇ ਦੌਰਾਨ ਸ਼ਹਿਰ ਦੀ ਆਬਾਦੀ ਦਾ ਅੰਕੜਾ 179 301 ਤੇ ਪਹੁੰਚ ਗਿਆ ਹੈ ਜਿਹੜੀ ਨਿਗਮ ਵਲੋਂ ਪਿਛਲੀ ਵਾਰ ਕੀਤੇ ਗਏ ਸਰਵੇ ਤੋਂ 27 ਹਜਾਰ ਜਿਆਦਾ ਹੈ ਅਤੇ ਪਿਛਲੀ ਵਾਰ ਹੋਈਆਂ ਚੋਣਾ ਦੌਰਾਨ ਸ਼ਹਿਰ ਦੇ ਆਬਾਦੀ ਦੇ ਅੰਕੜੇ ਤੋਂ ਵੀ 15 ਹਜਾਰ ਵੱਧ ਹੈ| 
ਸੰਪਰਕ ਕਰਨ ਤੇ ਵਾਰਡਬੰਦੀ ਬੋਰਡ ਦੇ ਗੈਰ ਸਰਕਾਰੀ ਮੈਂਬਰ ਅਤੇ ਕੈਬਿਨਟ ਮੰਤਰੀ ਸ੍ਰ. ਬਲਬੀਰ ਸਿੰਘ ਸਿੱਧੂ ਦੇ ਭਰਾ ਅਮਰਜੀਤ ਸਿੰਘ ਜੀਤੀ ਸਿੱਧੂ ਨੇ ਕਿਹਾ ਕਿ ਸ਼ਹਿਰ ਦੀ ਆਬਾਦੀ ਦੇ ਸਰਵੇ ਤੋਂ ਬਾਅਦ ਵਾਰਡਬੰਦੀ ਦਾ ਕੰਮ ਵੀ ਮੁਕੰਮਲ ਕੀਤਾ ਜਾ ਰਿਹਾ ਹੈ ਅਤੇ 23 ਅਕਤੂਬਰ ਨੂੰ ਹੋਣ ਵਾਲੀ ਮੀਟਿੰਗ ਵਿੱਚ ਵਾਰਡਬੰਦੀ ਦੇ ਖਰੜੇ ਨੂੰ ਪ੍ਰਵਾਨਗੀ ਦੇ ਦਿੱਤੀ ਜਾਵੇਗੀ ਤਾਂ ਜੋ ਇਸਨੂੰ ਸ਼ਹਿਰ ਵਾਸੀਆਂ ਦੀ ਜਾਣਕਾਰੀ, ਦਾਅਵਿਆਂ ਅਤੇ ਇਤਰਾਜਾਂ ਲਈ ਨਿਗਮ ਦੇ ਦਫਤਰ ਵਿੱਚ ਰੱਖਿਆ ਜਾ ਸਕੇ|

Leave a Reply

Your email address will not be published. Required fields are marked *