ਨਗਰ ਨਿਗਮ ਚੋਣਾਂ ਵਿੱਚ ਚੰਗੇ ਕਿਰਦਾਰ ਵਾਲੇ ਆਜ਼ਾਦ ਉਮੀਦਵਾਰਾਂ ਦੀ ਮਦਦ ਕਰਾਂਗੇ : ਬੱਬੀ ਬਾਦਲ

ਐਸ.ਏ.ਐਸ.ਨਗਰ, 6 ਫਰਵਰੀ (ਸ.ਬ.) ਸ਼੍ਰੋਮਣੀ ਅਕਾਲੀ ਦਲ ਯੂਥ ਵਿੰਗ ਟਕਸਾਲੀ ਦੇ ਪ੍ਰਧਾਨ ਹਰਸੁਖਇੰਦਰ ਸਿੰਘ ਬੱਬੀ ਬਾਦਲ ਨੇ ਕਿਹਾ ਹੈ ਕਿ ਸਿਆਸੀ ਪਾਰਟੀਆਂ ਤੋਂ ਪੰਜਾਬ ਦੇ ਲੋਕਾਂ ਦਾ ਭਰੋਸਾ ਉੱਠ ਚੁੱਕਾ ਹੈ ਅਤੇ ਕਿਸੇ ਵੀ ਪਾਰਟੀ ਨੇ ਮੁਹਾਲੀ ਸ਼ਹਿਰ ਦੇ ਵਿਕਾਸ ਨੂੰ ਤਰਜੀਹ ਨਹੀਂ ਦਿੱਤੀ ਸਗੋਂ ਆਪਣੇ ਖੁਦ ਦੇ ਵਿਕਾਸ ਨੂੰ ਤਰਜੀਹ ਦਿੱਤੀ ਹੈ।

ਪਾਰਟੀਬਾਜ਼ੀ ਤੋਂ ਉੱਤੇ ਉਠ ਕੇ ਵਧੀਆ ਸੇਵਾ ਦੀ ਭਾਵਨਾ ਰੱਖਣ ਵਾਲੇ ਉੱਚੇ ਸੁੱਚੇ ਕਿਰਦਾਰ ਵਾਲੇ ਅਤੇ ਮੁਹਾਲੀ ਸ਼ਹਿਰ ਦੇ ਵਿਕਾਸ ਨੂੰ ਤਰਜੀਹ ਦੇਣ ਵਾਲੇ ਵਿਅਕਤੀਆਂ ਨੂੰ ਨਿਗਮ ਚੋਣਾਂ ਵਿੱਚ ਜਿਤਾਉਣ ਦੀ ਅਪੀਲ ਕਰਦਿਆਂ ਉਹਨਾਂ ਕਿਹਾ ਕਿ ਅੱਜ ਵੀ ਬਲਬੀਰ ਸਿੰਘ ਸਿੱਧੂ ਅਤੇ ਅਜਾਦ ਗਰੁੱਪ ਮੁਹਾਲੀ ਸ਼ਹਿਰ ਦੇ ਲੋਕਾਂ ਦੇ ਵਿਕਾਸ ਦੀ ਲੜਾਈ ਨਹੀਂ ਸਗੋਂ ਪਰਿਵਾਰ ਦੇ ਵਿਕਾਸ ਦੀ ਲੜਾਈ ਲੜ ਰਹੇ ਹਨ।

ਉਹਨਾਂ ਦੋਸ਼ ਲਗਾਇਆ ਕਿ ਮੁਹਾਲੀ ਤੋਂ ਸਰਕਾਰ ਦੇ ਮੰਤਰੀ ਵੱਲੋਂ ਚੋਣਾਂ ਵਿੱਚ ਖੜੇ ਉਮੀਦਵਾਰਾਂ ਦੇ ਜਿੱਥੇ ਕਾਗਜ ਰੱਦ ਕਰਵਾਏ ਗਏ ਉੱਥੇ ਹੀ ਉਮੀਦਵਾਰਾਂ ਨੂੰ ਡਰਾਇਆ ਧਮਕਾਇਆ ਜਾ ਰਿਹਾ ਹੈ। ਉਹਨਾਂ ਕਿਹਾ ਕਿ ਕਾਂਗਰਸ ਸਰਕਾਰ ਦੀ ਇਸ ਧੱਕੇਸ਼ਾਹੀ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਸਗੋਂ ਡੱਟ ਕੇ ਜਵਾਬ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਦੁੱਖ ਦੀ ਗੱਲ ਹੈ ਕਿ ਇਸ ਵੇਲੇ ਜਦੋਂ ਪੰਜਾਬ ਦਾ ਅੰਨਦਾਤਾ ਆਪਣੇ ਹੱਕਾਂ ਦੀ ਲੜਾਈ ਲੜ ਰਿਹਾ ਹੈ ਤਾਂ ਅਜਿਹੇ ਸਮੇਂ ਸਰਕਾਰ ਵੱਲੋਂ ਕਿਸਾਨ ਅੰਦੋਲਨ ਨੂੰ ਕਮਜ਼ੋਰ ਕਰਨ ਲਈ ਮਿਉਂਸਪਲ ਚੋਣਾਂ ਕਰਵਾਈਆਂ ਜਾ ਰਹੀਆਂ ਹਨ।

ਉਹਨਾਂ ਮੁਹਾਲੀ ਦਾ ਨਵਾਂ ਮੇਅਰ ਇਸਤਰੀ ਵਰਗ ਵਿੱਚੋਂ ਬਣਾਉਣ ਦੀ ਮੰਗ ਕਰਦਿਆ ਕਿਹਾ ਕਿ ਨਗਰ ਨਿਗਮ ਦੀਆਂ 50 ਫੀਸਦੀ ਸੀਟਾਂ ਮਹਿਲਾਵਾਂ ਲਈ ਰਾਖਵੀਆਂ ਹਨ ਇਸ ਲਈ ਮੇਅਰ ਵੀ ਇਸਤਰੀ ਵਰਗ ਵਿੱਚੋਂ ਹੀ ਹੋਣਾ ਚਾਹੀਦਾ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਹਰਜੀਤ ਸਿੰਘ, ਜਰਨੈਲ ਸਿੰਘ ਹੇਮਕੁੰਟੀਆ, ਹਰਪਾਲ ਸਿੰਘ, ਬਲਜੀਤ ਸਿੰਘ ਖੋਖਰ, ਮਹਿੰਦਰ ਸਿੰਘ, ਹਰਚੇਤ ਸਿੰਘ, ਭੁਪਿੰਦਰ ਸਿੰਘ, ਲਖਵਿੰਦਰ ਸਿੰਘ, ਰਮਨਦੀਪ ਸਿੰਘ, ਅਮਰੀਕ ਸਿੰਘ , ਗਗਨਦੀਪ ਸਿੰਘ, ਰਣਜੀਤ ਸਿੰਘ ਬਰਾੜ, ਗੁਰਸੇਵਕ ਸਿੰਘ, ਗੁਰਵਿੰਦਰ ਸਿੰਘ, ਜਗਤਾਰ ਸਿੰਘ ਘੜੂੰਆਂ, ਨਰਿੰਦਰ ਸਿੰਘ, ਪਲਵਿੰਦਰ ਸਿੰਘ, ਗੁਰਤੇਜ ਸਿੰਘ ਸਿੱਧੂ ਅਤੇ ਕਰਮਜੀਤ ਸਿੰਘ ਹਾਜ਼ਿਰ ਸਨ।

Leave a Reply

Your email address will not be published. Required fields are marked *