ਨਗਰ ਨਿਗਮ ਚੋਣਾਂ ਸੰਬੰਧੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕੀਤੀ ਮੁਹਾਲੀ ਦੇ ਸਾਬਕਾ ਕੌਸਲਰਾਂ ਨਾਲ ਮੀਟਿੰਗ ਤਕੜੇ ਹੋ ਕੇ ਚੋਣ ਲੜਣ ਲਈ ਕਿਹਾ, ਉਮੀਦਵਾਰਾਂ ਤੋ 30 ਦਸੰਬਰ ਤਕ ਅਰਜੀਆਂ ਮੰਗੀਆਂ
ਐਸ ਏ ਐਸ ਨਗਰ, 22 ਦਸੰਬਰ (ਸ ਬ) ਨਗਰ ਨਿਗਮ ਚੋਣਾਂ ਸੰਬੰਧੀ ਅਕਾਲੀ ਦਲ ਦੇ ਉਮੀਦਵਾਰ ਤੈਅ ਕਰਨ ਲਈ ਬਣਾਈ ਗਈ ਪੰਜ ਮੈਬਰੀ ਕਮੇਟੀ ਦਾ ਵਿਰੋਧ ਵੱਧ ਜਾਣ ਤੋ ਬਾਅਦ ਅਕਾਲੀ ਦਲ ਵਲੋ ਇਸ ਕਾਰਨ ਹੋਣ ਵਾਲੇ ਨੁਕਸਾਨ ਤੋ ਬਚਣ ਲਈ ਕਾਰਵਾਈ ਆਰੰਭ ਦਿੱਤੀ ਹੈ ਜਿਸਦੇ ਤਹਿਤ ਪਾਰਟੀ ਪ੍ਰਧਾਨ ਸ੍ਰ ਸੁਖਬੀਰ ਸਿੰਘ ਬਾਦਲ ਵਲੋ ਅੱਜ ਚੰਡੀਗੜ੍ਹ ਵਿੱਚ ਪਾਰਟੀ ਦਫਤਰ ਵਿਖੇ ਮੁਹਾਲੀ ਨਗਰ ਨਿਗਮ ਦੇ ਸਾਬਕਾ ਮੇਅਰ, ਸਾਬਕਾ ਅਕਾਲੀ ਕੌਸਲਰਾਂ ਅਤੇ ਪਾਰਟੀ ਦੀ ਟਿਕਟ ਤੇ ਚੋਣ ਲੜਣ ਦੇ ਚਾਹਵਾਨ ਉਮੀਦਵਾਰਾਂ ਨਾਲ ਮੀਟਿੰਗ ਕੀਤੀ ਅਤੇ ਸਾਰਿਆਂ ਨੂੰ ਤਕੜੇ ਹੋ ਕੇ ਚੋਣ ਲੜਣ ਦੀ ਤਿਆਰੀ ਕਰਨ ਲਈ ਕਿਹਾ। ਇਸ ਮੀਟਿੰਗ ਵਿੱਚ ਨਗਰ ਨਿਗਮ ਦੀ ਚੋਣ ਸੰਬੰਧੀ ਉਮੀਦਵਾਰਾਂ ਦੀ ਚੋਣ ਲਈ ਬਣਾਈ ਗਈ ਪੰਜ ਮੈਬਰੀ ਕਮੇਟੀ ਦੇ ਸਾਰੇ ਮੈਬਰ ਵੀ ਸ਼ਾਮਿਲ ਹੋਏ। ਮੀਟਿੰਗ ਦੌਰਾਨ ਖਾਸ ਗੱਲ ਇਹ ਰਹੀ ਕਿ ਸੁਖਾਵੇ ਮਾਹੌਲ ਵਿੱਚ ਹੋਈ ਇਸ ਮੀਟਿੰਗ ਦੌਰਾਨ ਸਾਰਿਆਂ ਨੇ ਪਾਰਟੀ ਪ੍ਰਧਾਨ ਦੀ ਗੱਲ ਨਾਲ ਸਹਿਮਤੀ ਜਾਹਿਰ ਕੀਤੀ ਅਤੇ ਕਿਹਾ ਜਾ ਸਕਦਾ ਹੈ ਕਿ ਪਾਰਟੀ ਪ੍ਰਧਾਨ ਦੀ ਨਿੱਜੀ ਦਖਲਅੰਦਾਜੀ ਨਾਲ ਕਾਫੀ ਹੱਦ ਤਕ ਡੈਮੇਜ ਕੰਟਰੋਲ ਕਰ ਲਿਆ ਗਿਆ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਮੀਟਿੰਗ ਦੌਰਾਨ ਸ੍ਰ ਸੁਖਬੀਰ ਸਿੰਘ ਬਾਦਲ ਨੇ ਇਹ ਸਪਸ਼ਟ ਕੀਤਾ ਕਿ ਅਕਾਲੀ ਦਲ ਵਲੋ ਨਗਰ ਨਿਗਮ ਮੁਹਾਲੀ ਦੀ ਚੋਣ ਬਹੁਤ ਅਹਿਮੀਅਤ ਰੱਖਦੀ ਹੈ ਅਤੇ ਇਸ ਦੌਰਾਨ ਉਹ ਖੁਦ ਅਤੇ ਪਾਰਟੀ ਦੇ ਹੋਰ ਸੀਨੀਅਰ ਆਗੂ ਵੀ ਸਰਗਰਮੀ ਨਾਲ ਹਿੱਸਾ ਲੈਣਗੇ। ਇਸ ਮੌਕੇ ਸ੍ਰ ਬਾਦਲ ਵਲੋ ਮੇਅਰ ਕੁਲਵੰਤ ਸਿੰਘ ਦੇ ਕਾਰਜਕਾਲ ਦੌਰਾਨ ਕੀਤੇ ਗਏ ਵਿਕਾਸ ਕਾਰਜਾਂ ਦੀ ਖੁੱਲ ਕੇ ਤਾਰੀਫ ਕੀਤੀ ਅਤੇ ਕਿਹਾ ਕਿ ਮੁਹਾਲੀ ਦਾ ਜਿੰਨਾ ਵੀ ਵਿਕਾਸ ਹੋਇਆ ਹੈ ਉਹ ਅਕਾਲੀ ਸਰਕਾਰ ਵੇਲੇ ਹੀ ਹੋਇਆ ਹੈ ਜਦੋਕਿ ਕਾਂਗਰਸ ਨੇ ਤਾਂ ਸਿਰਫ ਲੁੱਟ ਖਸੁੱਟ ਹੀ ਕੀਤੀ ਹੈ। ਉਹਨਾਂ ਕਿਹਾ ਕਿ ਚੋਣਾਂ ਦੌਰਾਨ ਉਹ ਖੁਦ ਮੁਹਾਲੀ ਵਿਖੇ ਕਾਂਗਰਸ ਸਰਕਾਰ ਵਲੋ ਕੀਤੇ ਘਪਲਿਆਂ ਨੂੰ ਜਨਤਕ ਕਰਣਗੇ ਅਤੇ ਪਾਰਟੀ ਦੀ ਜਿੱਤ ਲਈ ਉਹਨਾਂ ਤੋ ਇਲਾਵਾ ਹਰਸਿਮਰਤ ਕੌਰ ਬਾਦਲ, ਬਿਕਰਮ ਸਿੰਘ ਮਜੀਠੀਆ ਅਤੇ ਹੋਰ ਸੀਨੀਅਰ ਆਗੂ ਚੋਣ ਪ੍ਰਚਾਰ ਵਿੱਚ ਸ਼ਾਮਿਲ ਹੋਣਗੇ। ਉਹਨਾਂ ਕਿਹਾ ਕਿ ਪਾਰਟੀ ਵਲੋ ਨਗਰ ਨਿਗਮ ਦੀ ਚੋਣ ਪਾਰਟੀ ਦੇ ਚੋਣ ਨਿਸ਼ਾਨ ਤੇ ਲੜੀ ਜਾਵੇਗੀ ਅਤੇ ਚੋਣ ਲੜਣ ਦੇ ਚਾਹਵਾਨ ਉਮੀਦਵਾਰ 31 ਦਸੰਬਰ ਤਕ ਅਰਜੀਆਂ ਦੇ ਸਕਦੇ ਹਨ ਜਿਸਤੋ ਬਾਅਦ ਪਾਰਟੀ ਵਲੋ ਆਪਣੇ ਅਧਿਕਾਰਤ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਜਾਵੇਗਾ।
ਡੇਰਾਬਸੀ ਹਲਕੇ ਦੇ ਵਿਧਾਇਕ ਅਤੇ ਪਾਰਟੀ ਦੇ ਖਜਾਂਚੀ ਸ੍ਰੀ ਐਨ ਕੇ ਸ਼ਰਮਾ, ਜਿਹੜੇ ਖੁਦ ਵੀ ਇਸ ਮੀਟਿੰਗ ਵਿੱਚ ਸ਼ਾਮਿਲ ਸਨ ਨੇ ਦੱਸਿਆ ਕਿ ਪਾਰਟੀ ਵਲੋ 5 ਜਨਵਰੀ ਤੋ ਪਹਿਲਾਂ ਪਾਰਟੀ ਦੇ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਜਾਵੇਗਾ ਅਤੇ ਪਾਰਟੀ ਪ੍ਰਧਾਨ ਸ੍ਰ ਸੁਖਬੀਰ ਸਿੰਘ ਬਾਦਲ ਖੁਦ ਇਹਨਾਂ ਚੋਣਾ ਦੌਰਾਨ ਅਗਵਾਈ ਦੇਣਗੇ। ਉਹਨਾਂ ਕਿਹਾ ਕਿ ਪਾਰਟੀ ਦੀ ਟਿਕਟ ਤੇ ਚੋਣ ਲੜਣ ਦੇ ਚਾਹਵਾਨ ਉਮੀਦਵਾਰਾਂ ਦੀ ਵੱਡੀ ਗਿਣਤੀ ਨਾਲ ਪਤਾ ਲੱਗਦਾ ਹੈ ਕਿ ਮੁਹਾਲੀ ਵਿੱਚ ਅਕਾਲੀ ਦਲ ਦੀ ਸਥਿਤੀ ਬਹੁਤ ਮਜਬੂਤ ਹੈ ਅਤੇ ਨਗਰ ਨਿਗਮ ਮੁਹਾਲੀ ਦੀ ਚੋਣ ਵਿੱਚ ਅਕਾਲੀ ਦਲ ਦੀ ਵੱਡੀ ਜਿੱਤ ਹੋਵੇਗੀ।
ਸਾਬਕਾ ਮੈਬਰ ਪਾਰਲੀਮੈਟ ਪ੍ਰੋ ਪ੍ਰੇਮ ਸਿੰਘ ਚੰਦੂਮਾਜਰਾ ਨੇ ਇਸ ਸੰਬੰਧੀ ਦੱਸਿਆ ਕਿ ਅੱਜ ਦੀ ਮੀਟਿੰਗ ਬਹੁਤ ਸੁਖਾਵੇ ਮਾਹੌਲ ਵਿੱਚ ਹੋਈ ਹੈ ਅਤੇ ਇਸ ਦੌਰਾਨ ਪਾਰਟੀ ਪ੍ਰਧਾਨ ਸ੍ਰ ਸੁਖਬੀਰ ਸਿੰਘ ਬਾਦਲ ਵਲੋ ਨਿਗਮ ਚੌਣਾਂ ਲੜਣ ਵਾਲੇ ਉਮੀਦਵਾਰਾਂ ਨਾਲ ਨਿੱਜੀ ਤੌਰ ਤੇ ਗੱਲ ਕਰਕੇ ਉਹਨਾਂ ਦਾ ਹੌਸਲਾ ਵਧਾਇਆ ਗਿਆ ਹੈ। ਉਹਨਾਂ ਕਿਹਾ ਕਿ ਪਾਰਟੀ ਪੂਰੀ ਤਰ੍ਹਾਂ ਇੱਕਜੁੱਟ ਹੈ ਅਤੇ ਅਕਾਲੀ ਦਲ ਤਕੜਾ ਹੋ ਕੇ ਚੋਣ ਲੜੇਗਾ। ਉਹਨਾਂ ਕਿਹਾ ਕਿ 31 ਦਸੰਬਰ ਤਕ ਮਿਲੀਆਂ ਅਰਜੀਆਂ ਤੇ ਵਿਚਾਰ ਕਰਨ ਲਈ 1 ਜਨਵਰੀ ਨੂੰ ਮੀਟਿੰਗ ਕੀਤੀ ਜਾਵੇਗੀ ਅਤੇ ਜਿਆਦਾਤਰ ਸੀਟਾਂ ਉਸੇ ਦਿਨ ਐਲਾਣ ਦਿੱਤੀਆਂ ਜਾਣਗੀਆਂ ਜਦੋਕਿ ਬਾਕੀ ਦੀਆਂ ਸੀਟਾਂ ਬਾਰੇ ਫੈਸਲਾ ਵੀ ਇੱਕ ਦੋ ਦਿਨਾਂ ਵਿੱਚ ਹੋ ਜਾਵੇਗਾ।