ਨਗਰ ਨਿਗਮ ਚੋਣਾਂ ਸੰਬੰਧੀ ਕਾਂਗਰਸ ਦਾ 34 ਸੂਤਰੀ ਚੋਣ ਮਨੋਰਥ ਪੱਤਰ ਜਾਰੀ

ਐਸ ਏ ਐਸ ਨਗਰ, 10 ਫਰਵਰੀ (ਸ.ਬ.) ਮੁਹਾਲੀ ਨਗਰ ਨਿਗਮ ਚੋਣਾਂ ਲਈ ਪੰਜਾਬ ਦੇ ਸਿਹਤ ਮੰਤਰੀ ਤੇ ਮੁਹਾਲੀ ਤੋਂ ਮੌਜੂਦਾ ਕਾਂਗਰਸੀ ਵਿਧਾਇਕ ਬਲਬੀਰ ਸਿੰਘ ਸਿੱਧੂ ਨੇ ਅੱਜ ਕਾਂਗਰਸ ਦਾ 34 ਸੂਤਰੀ ਚੋਣ ਮਨੋਰਥ ਪੱਤਰ ਜਾਰੀ ਕੀਤਾ। ਇਸ ਮੌਕੇ ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਵਲੋਂ ਚੋਣ ਮਨੋਰਥ ਪੱਤਰ ਵਿੱਚ ਜਿਹੜੇ ਵਾਇਦੇ ਕੀਤੇ ਗਏ ਹਨ ਉਹਨਾਂ ਨੂੰ ਪੂਰਾ ਕੀਤਾ ਜਾਵੇਗਾ ਉਹ ਜੋ ਕਹਿ ਰਹੇ ਹਨ ਉਹ ਕਰਣਗੇ।

ਨਿਗਮ ਚੋਣਾਂ ਬਾਰੇ ਉਹਲਾਂ ਕਿਹਾ ਕਿ ਉਹਨਾਂ ਦਾ ਕਿਸੇ ਨਾਲ ਕੋਈ ਮੁਕਾਬਲਾ ਨਹੀਂ ਹੈ ਅਤੇ ਕਾਂਗਰਸ ਸਾਰੇ ਵਾਰਡਾਂ ਵਿੱਚ ਅੱਗੇ ਹੈ। ਉਹਨਾਂ ਕਿਹਾ ਕਿ ਵਿਰੋਧੀਆਂ ਦੀ ਤਾਂ ਇਹ ਹਾਲਤ ਹੈ ਕਿ ਕਿਸੇ ਵੀ ਪਾਰਟੀ ਜਾਂ ਧੜੇ ਨੂੰ ਪੂਰੇ ਉਮੀਦਵਾਰ ਤਕ ਨਹੀਂ ਮਿਲੇ ਅਤੇ ਵਿਰੋਧੀ ਸਿਰਫ ਦਿਖਾਵੇ ਦੀ ਲੜਾਈ ਲੜ ਰਹੇ ਹਨ।

ਸਾਬਕਾ ਮੇਅਰ ਸz. ਕੁਲਵੰਤ ਸਿੰਘ ਵਲੋਂ ਮੁਹਾਲੀ ਦੀ ਗੈਸ ਪਾਈਪ ਲਾਈਨ ਦਾ ਕੰਮ ਰੁਕਵਾਉਣ ਸੰਬੰਧੀ ਪੁੱਛੇ ਇੱਕ ਸਵਾਲ ਦੇ ਜਵਾਬ ਵਿੱਚ ਉਹਨਾਂ ਕਿਹਾ ਕਿ ਇਹ ਇਲਜਾਮ ਪੂਰੀ ਤਰ੍ਹਾਂ ਬੇਬੁਨਿਆਦ ਹੈ ਅਤੇ ਤੰਥਾ ਤੇ ਆਧਾਰਿਤ ਨਹੀਂ ਹੈ। ਉਹਨਾਂ ਕਿਹਾ ਕਿ ਅਸਲੀਅਤ ਇਹ ਹੈ ਕਿ ਗੈਸ ਪਾਈਪ ਲਾਈਨ ਪਾਉਣ ਵਾਲੀ ਕੰਪਨੀ ਵਲੋਂ ਪਾਈਪ ਲਾਈਨ ਪਾਉਣ ਲਈ ਕੀਤੀ ਜਾਣ ਵਾਲੀ ਖੁਦਾਈ ਦੌਰਾਨ ਜਿਹਨਾਂ ਥਾਵਾਂ ਤੇ ਰੋਡ ਕੱਟ ਲਗਾਏ ਜਾਣੇ ਹਨ ਉਹਨਾਂ ਸੰਬੰਧੀ ਬਣਦੀ ਰਕਮ ਨਿਗਮ ਕੋਲ ਜਮ੍ਹਾਂ ਨਹੀਂ ਕਰਵਾਈ ਗਈ ਹੈ ਜਿਸ ਕਾਰਨ ਇਹ ਕੰਮ ਸ਼ੁਰੂ ਨਹੀਂ ਹੋਇਆ ਹੈ ਅਤੇ ਜਦੋਂ ਕੰਪਨੀ ਵਲੋਂ ਨਗਰ ਨਿਗਮ ਵਿੱਚ ਪੈਸੇ ਜਮ੍ਹਾਂ ਕਰਵਾ ਦਿੱਤੇ ਜਾਣਗੇ ਇਹ ਕੰਮ ਸ਼ੁਰੂ ਹੋ ਜਾਵੇਗਾ।

ਕਾਂਗਰਸ ਪਾਰਟੀ ਵਲੋਂ ਜਾਰੀ ਚੋਣ ਮਨੋਰਥ ਪੱਤਰ ਵਿੱਚ ਸ਼ਹਿਰ ਵਾਸੀਆਂ ਨਾਲ ਕਈ ਵਾਇਦੇ ਕੀਤੇ ਗਏ ਹਨ ਜਿਹਨਾਂ ਵਿੱਚ ਰਿਹਾਇਸ਼ੀ ਮਕਾਨਾਂ ਲਈ ਨੀਡ ਬੇਸਡ ਪਾਲਿਸੀ ਨੂੰ ਲਾਗੂ ਕਰਨਾ, ਕਮਰਸ਼ੀਅਲ ਬੂਥਾਂ ਅਤੇ ਬੇ-ਸ਼ਾਪ ਵਿਚ ਪਹਿਲੀ ਮੰਜਿਲ ਦੀ ਉਸਾਰੀ ਦੀ ਇਜਾਜਤ ਦਿਵਾਊਣਾ, ਜਨਤਕ ਟਰਾਂਸਪੋਰਟ ਲਈ ਮੁਹਾਲੀ ਸ਼ਹਿਰ ਵਿਚ ਲੋਕਾਂ ਨੂੰ ਵਧੀਆ ਅਤੇ ਸਸਤੀ ਟਰਾਂਸਪੋਰਟ ਸੇਵਾ ਮੁਹੱਈਆ ਕਰਵਾਉਣ ਵਾਸਤੇ ਸਿਟੀ ਬੱਸ ਸਰਵਿਸ ਜਾਂ ਇਸਦਾ ਕੋਈ ਹੋਰ ਢੁਕਵਾਂ ਬਦਲ ਮੁਹੱਈਆ ਕਰਵਾਉਣਾ, ਲੋਕਾਂ ਦੀਆਂ ਸਮੱਸਿਆਵਾਂ ਨੂੰ ਦੇਖਦੇ ਹੋਏ ਇੱਕ ਕਿਸੇ ਢੁੱਕਵੀਂ ਜਗ੍ਹਾ ਉੱਤੇ ਨਵਾਂ ਬੱਸ ਸਟੈਂਡ ਉਸਾਰਨਾ, ਮੁਹਾਲੀ ਸ਼ਹਿਰ ਵਿਚ ਚੱਲ ਰਹੇ ਸਰਕਾਰੀ ਸਕੂਲਾਂ ਨੂੰ ਅਪਗ੍ਰੇਡ ਕਰਨ ਦੇ ਨਾਲ-ਨਾਲ ਨਵੇਂ ਮਾਡਲ ਸਕੂਲ ਖੋਲ੍ਹਣਾ ਅਤੇ ਸਰਕਾਰੀ ਸਕੂਲਾਂ ਵਿਚ ਕਿੰਡਰਗਾਰਟਨ-ਪ੍ਰੀ-ਪ੍ਰਾਇਮਰੀ ਕਾਲਸਾਂ ਦੀ ਸਹੂਲਤ ਦੇਣਾ ਵੀ ਸ਼ਾਮਿਲ ਹੈ।

ਇਸਦੇ ਨਾਲ ਹੀ ਗਮਾਡਾ ਅਧੀਨ ਚੱਲ ਰਹੇ ਖੇਡ ਸਟੇਡੀਅਮਾਂ ਨੂੰ ਨਗਰ ਨਿਗਮ ਦੇ ਅਧੀਨ ਲਿਆ ਕੇ ਨੌਜਵਾਨ ਬੱਚੇ-ਬੱਚੀਆਂ ਅਤੇ ਬਜੁਰਗਾਂ ਵਾਸਤੇ ਇਹ ਖੇਡ ਸਟੇਡੀਅਮ ਦੀਆਂ ਸਾਰੀਆਂ ਸਹੂਲਤਾਂ ਮਾਮੂਲੀ ਫੀਸਾਂ ਉੱਤੇ ਮੁਹੱਈਆ ਕਰਵਾਉਣ, ਬੱਚਿਆਂ ਲਈ ਨਵੇਂ ਖੇਡ ਮੈਦਾਨ ਬਣਾਉਣ, ਮੁਹਾਲੀ ਵਿਚਲੇ ਫਾਇਰ ਸਟੇਸ਼ਨ ਨੂੰ ਅਪਗ੍ਰੇਡ ਕਰਨ ਅਤੇ ਲੋੜ ਅਨੁਸਾਰ ਨਵੇਂ ਫਾਇਰ ਬਿਗ੍ਰੇਡ ਸੈਂਟਰ ਬਣਾਉਣ, ਸ਼ਹਿਰ ਨੂੰ ਹਰ ਤਰ੍ਹਾਂ ਦੇ ਜੁਰਮ ਤੋਂ ਮੁਕਤ ਕਰਨ ਅਤੇ ਜੁਰਮ ਹੋਣ ਦੀ ਸੂਰਤ ਵਿਚ ਮੁਜਰਮ ਨੂੰ ਕਾਬੂ ਕਰਨ ਲਈ ਅਹਿਮ ਸਥਾਨਾਂ ਉੱਤੇ ਸੀਸੀਟੀਵੀ ਕੈਮਰੇ ਲਗਾਉਣ ਦੀ ਗੱਲ ਵੀ ਕੀਤੀ ਗਈ ਹੈ।

ਕਾਂਗਰਸ ਵਲੋਂ ਮੁਹਾਲੀ ਦੀਆਂ ਮਾਰਕੀਟਾਂ ਦੇ ਸੁੰਦਰੀਕਰਨ ਦੇ ਨਾਲ – ਨਾਲ ਹੀ ਇੱਥੇ ਆਉਣ ਵਾਲੇ ਗ੍ਰਾਹਕਾਂ ਲਈ ਮੁਫਤ ਵਾਈ-ਫਾਈ ਸੇਵਾ ਮੁਹੱਈਆ ਕਰਵਾਉਣ, ਸਨਅਤਕਾਰਾਂ ਨੂੰ ਸਕਿਲਡ ਵਰਕਰ ਮੁਹੱਈਆ ਕਰਵਾਉਣ ਲਈ ਮੁਹਾਲੀ ਵਿਚ ਇੱਕ ਆਧੁਨਿਕ ਸਕਿੱਲ ਇੰਸਟੀਟਿਊਟ ਡਿਵੈਲਪਮੈਂਟ ਇੰਸਟੀਟਿਊਟ ਦੀ ਸਥਾਪਨਾ ਕਰਨ, ਮੁਹਾਲੀ ਵਿਚ ਨਵੇਂ ਉਦਯੋਗ ਸਥਾਪਿਤ ਕਰਨ ਅਤੇ ਪੂੰਜੀ ਨਿਵੇਸ਼ ਲਈ ਵਿਸ਼ੇਸ਼ ਯਤਨ ਕਰਨ, ਸ਼ਹਿਰ ਦੀਆਂ ਸੜਕਾਂ ਦੀ ਰੀਕਾਰਪੇਂਟਿੰਗ ਕਰਨ, ਸ਼ਹਿਰ ਵਿੱਚ ਇੱਕ ਅਤਿਆਧੁਨਿਕ ਸਹੂਲਤਾਂ ਨਾਲ ਲੈਸ ਨਵੀਂ ਗਊਸ਼ਾਲਾ ਬਣਾਉਣ ਅਤੇ ਕੁੱਤਿਆਂ ਨੂੰ ਸੰਭਾਲਣ ਦਾ ਪ੍ਰਬੰਧ ਕਰਨ ਦੇ ਨਾਲ ਨਾਲ ਸ਼ਹਿਰ ਦੇ ਕੂੜੇ-ਕਰਕਟ ਅਤੇ ਰਹਿੰਦ-ਖੂੰਹਦ ਦਾ ਯੋਗ ਤਰੀਕੇ ਨਾਲ ਨਿਪਟਾਰਾ ਕਰਨ ਲਈ ਢੁਕਵੇਂ ਪ੍ਰਬੰਧ ਕਰਨ ਦੀ ਗੱਲ ਵੀ ਕੀਤੀ ਗਈ ਹੈ ਅਤੇ ਵਾਤਾਵਰਣ ਨੂੰ ਸ਼ੁੱਧ ਅਤੇ ਸਿਹਤਮੰਦ ਬਣਾਉਣ ਲਈ ਸ਼ਹਿਰ ਨੂੰ ਪਾਲੀਥੀਨ ਮੁਕਤ ਕਰਨ ਵਾਸਤੇ ਵੀ ਯੋਗ ਉਪਰਾਲੇ ਕਰਨ ਦਾ ਵਾਇਦਾ ਵੀ ਕੀਤਾ ਗਿਆ ਹੈ।

Leave a Reply

Your email address will not be published. Required fields are marked *