ਨਗਰ ਨਿਗਮ ਚੋਣਾਂ : 24 ਅਗਸਤ ਨੂੰ ਹੋਵੇਗੀ ਨਗਰ ਨਿਗਮ ਦੇ ਵਾਰਡਬੰਦੀ ਬੋਰਡ ਦੀ ਮੀਟਿੰਗ

ਨਗਰ ਨਿਗਮ ਚੋਣਾਂ : 24 ਅਗਸਤ ਨੂੰ ਹੋਵੇਗੀ ਨਗਰ ਨਿਗਮ ਦੇ ਵਾਰਡਬੰਦੀ ਬੋਰਡ ਦੀ ਮੀਟਿੰਗ
ਚੰਡੀਗੜ੍ਹ ਵਿੱਚ ਸਥਾਨਕ ਸਰਕਾਰ ਵਿਭਾਗ ਦੇ ਡਾਇਰੈਕਟਰ ਦੇ ਦਫਤਰ ਵਿੱਚ ਬਾਅਦ ਦੁਪਹਿਰ ਹੋਵੇਗੀ ਮੀਟਿੰਗ
ਭੁਪਿੰਦਰ ਸਿੰਘ
ਐਸ ਏ ਐਸ ਨਗਰ, 21 ਅਗਸਤ
ਨਗਰ ਨਿਗਮ ਐਸ ਏ ਐਸ ਨਗਰ ਦੀ ਵਾਰਡਬੰਦੀ ਬਾਰੇ ਚਲ ਰਹੀਆਂ ਕਿਆਸ ਅਰਾਈਆਂ ਦੇ ਦੌਰਾਨ ਸਥਾਨਕ ਸਰਕਾਰ ਵਿਭਾਗ ਦੇ ਡਾਇਰੈਕਟਰ ਵਲੋਂ 24 ਅਗਸਤ ਨੂੰ ਵਾਰਡਬੰਦੀ ਬੋਰਡ ਦੀ ਮੀਟਿੰਗ ਸੱਦ ਲਈ ਗਈ ਹੈ| ਇਹ ਮੀਟਿੰਗ ਡਾਇਰੈਕਟਰ ਦਫਤਰ ਵਿਖੇ ਬਾਅਦ ਦੁਪਹਿਰ 3 ਵਜੇ ਹੋਣੀ ਹੈ| 
ਨਗਰ ਨਿਗਮ ਦੇ ਕਮਿਸ਼ਨਰ ਸ੍ਰੀ ਕਮਲ ਕੁਮਾਰ ਨੇ ਇਸ ਸੰਬੰਧੀ ਸੰਪਰਕ ਕਰਨ ਤੇ ਇਸ ਮੀਟਿੰਗ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਨਗਰ ਨਿਗਮ ਦੇ ਵਾਰਡਬੰਦੀ ਬੋਰਡ ਦੀ ਮੀਟਿੰਗ 24 ਅਗਸਤ ਨੂੰ ਕਰਵਾਈ ਜਾ ਰਹੀ ਹੈ ਜਿਸ ਵਿੱਚ ਨਗਰ ਨਿਗਮ ਦੀ ਪ੍ਰਸਤਾਵਿਤ ਵਾਰਡਬਦੀ ਬਾਰੇ ਵਿਚਾਰ ਵਟਾਂਦਰਾ ਕੀਤਾ ਜਾਵੇਗਾ| 
ਇੱਥੇ ਜਿਕਰਯੋਗ ਹੈ ਕਿ ਨਗਰ ਨਿਗਮ ਐਸ ਏ ਐਸ ਨਗਰ ਦੀ ਵਾਰਡਬੰਦੀ ਦਾ ਕੰਮ ਪਿਛਲੇ ਇੱਕ ਮਹੀਨੇ ਤੋਂ ਚਰਚਾ ਦੇ ਕੇਂਦਰ ਵਿੱਚ ਹੈ| ਇਸ ਸੰਬੰਧੀ ਸਥਾਨਕ ਸਰਕਾਰ ਵਿਭਾਗ ਵਲੋਂ ਪਹਿਲਾਂ (24 ਜੁਲਾਈ ਨੂੰ) ਨਗਰ ਨਿਗਮ ਦੇ ਕਮਿਸ਼ਨਰ ਨੂੰ ਪੱਤਰ ਲਿਖ ਕੇ 30 ਜੁਲਾਈ ਤਕ ਵਾਰਡਬੰਦੀ ਮੁਕੰਮਲ ਕਰਕੇ ਸਥਾਨਕ ਸਰਕਾਰ ਵਿਭਾਗ ਦੇ ਦਫਤਰ ਵਿੱਚ ਜਮ੍ਹਾਂ ਕਰਵਾਉਣ ਲਈ ਕਿਹਾ ਗਿਆ ਸੀ| ਇਸਤੋਂ ਬਾਅਦ ਨਗਰ ਨਿਗਮ ਵਲੋਂ ਸਥਾਨਕ ਸਰਕਾਰ ਵਿਭਾਗ ਨੂੰ ਪੱਤਰ ਲਿਖ ਕੇ ਜਾਣਕਾਰੀ ਮੰਗੀ ਗਈ ਸੀ ਕਿ ਇਸ ਸੰਬੰਧੀ ਰੂਲਾਂ ਦੀ ਜਾਣਕਾਰੀ ਦਿੱਤੀ ਜਾਵੇ ਜਿਹਨਾਂ ਦੇ ਤਹਿਤ ਵਾਰਡਬੰਦੀ ਕੀਤੀ ਜਾਣੀ ਹੈ| 
ਇਸਤੋਂ ਬਾਅਦ ਡਾਇਰੈਕਟਰ ਸਥਾਨਕ ਸਰਕਾਰ ਵਿਭਾਗ ਵਲੋਂ 31 ਜੁਲਾਈ ਨੂੰ ਨਗਰ ਨਿਗਮ ਦੀ ਵਾਰਡਬੰਦੀ ਦਾ ਕੰਮ ਮੁਕੰਮਲ ਕਰਨ ਲਈ ਬੋਰਡ ਦਾ ਗਠਨ ਕਰ ਦਿੱਤਾ ਗਿਆ ਸੀ ਜਿਸ ਵਿੱਚ ਸਥਾਨਕ ਸਰਕਾਰ ਵਿਭਾਗ ਦੇ ਡਾਹਿਰੈਕਟਰ ਤੋਂ ਇਲਾਵਾ ਜਿਲ੍ਹੇ ਦੇ ਡਿਪਟੀ ਕਮਿਸ਼ਨਰ (ਜਾਂ ਉਹਨਾਂ ਵਲੋਂ ਨਾਮਜਦ ਕੋਈ ਅਧਿਕਾਰੀ), ਨਗਰ ਨਿਗਮ ਦੇ ਕਮਿਸ਼ਨਰ, ਹਲਕਾ ਵਿਧਾਇਕ, ਸਥਾਨਕ ਸਰਕਾਰ ਵਿਭਾਗ ਦੇ ਡਿਪਟੀ ਡਾਇਰੈਕਟਰ ਅਰਬਨ, ਨਗਰ ਨਿਗਮ ਦੇ ਜਾਇੰਟ ਕਮਿਸ਼ਨਰ ਤੋਂ ਇਲਾਵਾ ਦੋ ਗੈਰ ਸਰਕਾਰੀ ਮੈਂਬਰਾਂ ਵਜੋਂ ਸ੍ਰ. ਕੁਲਜੀਤ ਸਿੰਘ ਬੇਦੀ ਅਤੇ ਅਮਰਜੀਤ ਸਿੰਘ ਸਿੱਧੂ  ਨੂੰ ਵੀ ਮੈਂਬਰ ਬਣਾਇਆ ਗਿਆ ਸੀ| 
ਉਸਤੋਂ ਬਾਅਦ ਤੋਂ ਹੀ ਇਹ ਕਿਆਸਅਰਾਈਆਂ ਲਗਾਈਆਂ ਜਾ ਰਹੀਆਂ ਹਨ ਕਿ ਵਾਰਡਬੰਦੀ ਬੋਰਡ ਦੀ ਮੀਟਿੰਗ ਵਿੱਚ ਵਾਰਡਬੰਦੀ ਦੀ ਰੂਪਰੇਖਾ ਉਲੀਕੀ ਜਾਵੇਗੀ ਪਰੰਤੂ ਇਸ ਸੰਬੰਧੀ ਮੀਟਿੰਗ ਬਾਰੇ ਕੋਈ ਸਪਸ਼ਟ ਜਾਣਕਾਰੀ ਨਾ ਹੋਣ ਕਾਰਨ ਇਹ ਚਰਚਾ ਜੋਰ ਫੜਣ ਲੱਗ ਗਈ ਸੀ ਕਿ ਨਿਗਮ ਚੋਣਾਂ ਲਈ ਕੀਤੀ ਜਾਣ ਵਾਲੀ ਵਾਰਡਬੰਦੀ ਦਾ ਕੰਮ ਹੁਣੇ ਹੋਰ ਲਮਕ ਸਕਦਾ ਹੈ| ਇਸ ਦੌਰਾਨ ਜੀਰਕਪੁਰ ਨਗਰ ਕੌਂਸਲ ਦੀ ਵਾਰਡਬੰਦੀ ਦੇ ਖਿਲਾਫ ਮਾਣਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿੱਚ ਪਾਏ ਗਏ ਕੇਸ ਤੋਂ ਬਾਅਦ ਮਾਣਯੋਗ ਅਦਾਲਤ ਵਲੋਂ ਜੀਰਕਪੁਰ ਦੀ ਵਾਰਡਬੰਦੀ ਤੇ ਲਗਾਈ ਗਈ ਅੰਤਰਿਮ ਸਟੇਅ ਤੋਂ ਬਾਅਦ ਇਹ ਚਰਚਾ ਚਲ ਰਹੀ ਸੀ ਕਿ ਨਗਰ ਨਿਗਮ ਐਸ ਏ ਐਸ ਨਗਰ ਦੀ ਵਾਰਡਬੰਦੀ ਬਾਰੇ ਹੋਣ ਵਾਲੀ ਕੋਈ ਵੀ ਕਾਰਵਾਈ ਹੁਣ ਜੀਰਕਪੁਰ ਦੀ ਵਾਰਡੰਬਦੀ ਬਾਰੇ ਅਦਾਲਤ ਦੀ ਅਗਲੀ ਕਾਰਵਾਈ ਤੇ ਨਿਰਭਰ ਕਰੇਗੀ ਅਤੇ ਇਸ ਦੌਰਾਨ 24 ਅਗਸਤ ਨੂੰ ਵਾਰਡਬੰਦੀ ਬੋਰਡ ਦੀ ਮੀਟਿੰਗ ਤੈਅ ਹੋਣ ਨਾਲ ਹੁਣ ਇਹ ਆਸ ਬਣਦੀ ਦਿਖ ਰਹੀ ਹੈ ਕਿ ਇਸ ਮੀਟਿੰਗ ਤੋਂ ਬਾਅਦ ਨਗਰ ਨਿਗਮ ਦੀ ਵਾਰਡਬੰਦੀ ਬਾਰੇ ਭੰਬਲਭੂਸਾ ਕਾਫੀ ਹੱਦ ਤਕ ਦੂਰ ਹੋ ਜਾਵੇਗਾ|
ਹਾਲਾਕਿ ਇਹ ਤਾਂ ਨਹੀਂ ਕਿਹਾ ਜਾ ਸਕਦਾ ਕਿ 24 ਅਗਸਤ ਨੂੰ ਹੋਣ ਵਾਲੀ ਮੀਟਿੰਗ ਵਿਚ ਨਗਰ ਨਿਗਮ ਦੀ ਵਾਰਡਬੰਦੀ ਦਾ ਕੰਮ ਮੁਕੰਮਲ ਹੋ ਜਾਵੇਗਾ ਪਰੰਤੂ ਇਹ ਮੀਟਿੰਗ ਰੱਖੇ ਜਾਣ ਨਾਲ ਨਿਗਮ ਦੀ ਵਾਰਡਬੰਦੀ ਦੀ ਰੁਕੀ ਹੋਈ ਕਾਰਵਾਈ ਅੱਗੇ ਜਰੂਰ ਤੁਰ ਪਈ ਹੈ ਅਤੇ ਵੇਖਣਾ ਇਹ ਹੈ ਕਿ ਆਮ ਜਨਤਾ ਲਈ ਨਗਰ ਨਿਗਮ ਦੀ ਨਵੀਂ ਵਾਰਡਬੰਦੀ ਦਾ ਨਕਸ਼ਾ ਕਦੋਂ ਜਾਰੀ ਹੁੰਦਾ ਹੈ|

Leave a Reply

Your email address will not be published. Required fields are marked *