ਨਗਰ ਨਿਗਮ ਚੋਣਾ ਸੰਬੰਧੀ ਚੋਣ ਕਮਿਸ਼ਨ ਵਲੋਂ 5 ਜਨਵਰੀ ਤੱਕ ਜਾਰੀ ਕੀਤਾ ਜਾ ਸਕਦਾ ਹੈ ਚੋਣ ਪ੍ਰੋਗਰਾਮ 7 ਫਰਵਰੀ ਨੂੰ ਪੈ ਸਕਦੀਆਂ ਹਨ ਸੂਬੇ ਦੀਆਂ 9 ਨਗਰ ਨਿਗਮਾਂ ਦੀਆਂ ਵੋਟਾਂ


ਭੁਪਿੰਦਰ ਸਿੰਘ
ਐਸ ਏ ਐਸ ਨਗਰ, 1 ਜਨਵਰੀ

ਪੰਜਾਬ ਸਰਕਾਰ ਵਲੋਂ ਸੂਬੇ ਦੀਆਂ 9 ਨਗਰ ਨਿਗਮਾਂ ਅਤੇ 109 ਨਗਰ ਕੌਂਸਲਾਂ ਦੀਆਂ ਚੋਣਾ ਸੰਬੰਧੀ 13 ਫਰਵਰੀ ਤਕ ਚੋਣ ਅਮਲ ਮੁਕੰਮਲ ਕਰਨ ਸੰਬੰਧੀ ਪੰਜਾਬ ਦੇ ਸੂਬਾ ਚੋਣ ਕਮਿਸ਼ਨ ਨੂੰ ਚਿੱਠੀ ਜਾਰੀ ਕੀਤੇ ਜਾਣ ਤੋਂ ਬਾਅਦ ਪੰਜਾਬ ਰਾਜ ਚੋਣ ਕਮਿਸ਼ਨ ਵਲੋਂ ਆਉਂਦੇ ਦਿਨਾਂ (5 ਜਨਵਰੀ ਤਕ) ਦੌਰਾਨ ਇਹਨਾਂ ਚੋਣਾਂ ਸੰਬੰਧੀ ਚੋਣ ਪ੍ਰੋਗਰਾਮ ਦਾ ਐਲਾਨ ਕੀਤਾ ਜਾ ਸਕਦਾ ਹੈ। ਇਸ ਸੰਬੰਧੀ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਵੀ ਇਹ ਗੱਲ ਆਖੀ ਜਾ ਰਹੀ ਹੈ ਕਿ ਸੂਬਾ ਸਰਕਾਰ ਵਲੋਂ ਛੇਤੀ ਹੀ ਇਹ ਚੋਣਾਂ ਕਰਵਾ ਦਿੱਤੀਆਂ ਜਾਣਗੀਆਂ।
ਇਸ ਦੌਰਾਨ ਪੰਜਾਬ ਸਰਕਾਰ ਵਲੋਂ ਸੂਬੇ ਵਿੱਚ ਲਗਾਇਆ ਗਿਆ ਰਾਤ ਦਾ ਕਰਫਿਊ ਵੀ ਖਤਮ ਕਰ ਦਿੱਤਾ ਗਿਆ ਹੈ ਅਤੇ ਨਾਲ ਹੀ ਜਨਤਕ ਸਮਾਗਮਾਂ ਦੌਰਾਨ ਖੁੱਲੀਆਂ ਥਾਵਾਂ ਤੇ ਹੋਣ ਵਾਲੇ ਇਕੱਠਾਂ ਲਈ 500 ਵਿਅਕਤੀਆਂ ਦੇ ਇਕੱਠੇ ਹੋਣ ਦੀ ਪ੍ਰਵਾਨਗੀ ਵੀ ਜਾਰੀ ਕਰ ਦਿੱਤੀ ਗਈ ਹੈ ਜਿਸ ਨਾਲ ਚੋਣ ਪ੍ਰਚਾਰ ਦੇ ਅਮਲ ਦੌਰਾਨ ਹੋਣ ਵਾਲੀਆਂ ਛੋਟੀਆਂ ਰੈਲੀਆਂ ਕੀਤੀਆਂ ਜਾ ਸਕਦੀਆਂ ਹਨ। ਨਗਰ ਨਿਗਮ ਅਤੇ ਨਗਰ ਕੌਂਸਲ ਚੋਣਾਂ ਦੌਰਾਨ ਜਿਆਦਾਤਰ ਛੋਟੀਆਂ ਰੈਲੀਆਂ (ਜਾਂ ਵੱਡੀਆਂ ਮੀਟਿੰਗਾਂ) ਹੀ ਆਯੋਜਿਤ ਕੀਤੀਆਂ ਜਾਂਦੀਆਂ ਹਨ ਅਤੇ ਇਹ ਕਿਹਾ ਜਾ ਰਿਹਾ ਹੈ ਕਿ ਸਰਕਾਰ ਵਲੋਂ ਚੋਣਾਂ ਦਾ ਮਾਹੌਲ ਸਾਜਗਾਰ ਕਰਨ ਲਈ ਹੀ ਰਾਤ ਦਾ ਕਰਫਿਊ ਖਤਮ ਕਰਨ ਦਾ ਫੈਸਲਾ ਕੀਤਾ ਗਿਆ ਹੈ।
ਪਹਿਲਾਂ ਇਹ ਕਿਹਾ ਜਾ ਰਿਹਾ ਸੀ ਕਿ ਇੱਕ ਪਾਸੇ ਕਿਸਾਨ ਸੰਘਰਸ਼ ਦੇ ਜੋਰ ਫੜ ਜਾਣ ਅਤੇ ਦੂਜੇ ਪਾਸੇ ਸੂਬੇ ਵਿੱਚ ਕੋਰੋਨਾ ਮਹਾਮਾਰੀ ਦੇ ਲਗਾਤਾਰ ਵੱਧਦੇ ਮਾਮਲਿਆਂ ਕਾਰਨ ਇਹ ਚੋਣਾਂ ਇੱਕ ਵਾਰ ਫਿਰ ਅੱਗੇ ਪਾਈਆਂ ਜਾ ਸਕਦੀਆਂ ਹਨ ਪਰੰਤੂ ਹੁਣ ਕੋਰੋਨਾ ਵਾਇਰਸ ਦੇ ਪੀੜਿਤਾਂ ਦੇ ਮਾਮਲਿਆਂ ਵਿੱਚ ਆਈ ਕਮੀ ਨਾਲ ਸਰਕਾਰ ਨੂੰ ਕੁੱਝ ਹੋਰ ਛੋਟਾਂ ਦੇਣ ਦਾ ਮੌਕਾ ਮਿਲ ਗਿਆ ਹੈ। ਕਿਸਾਨ ਸੰਘਰਸ਼ ਦੇ ਮਾਮਲੇ ਵਿੱਚ ਵੀ ਕੇਂਦਰ ਸਰਕਾਰ ਦਾ ਰੁੱਖ ਨਰਮ ਪੈਂਦਾ ਦਿਖ ਰਿਹਾ ਹੈ ਅਤੇ ਆਸ ਕੀਤੀ ਜਾ ਰਹੀ ਹੈ ਕਿ ਇਹ ਮਸਲਾ ਵੀ ਆਉਣ ਵਾਲੇ ਦਿਨਾਂ ਦੌਰਾਨ ਹਲ ਹੋਣ ਵੱਲ ਵੱਧ ਰਿਹਾ ਹੈ।
ਜੇਕਰ ਐਸ ਏ ਐਸ ਨਗਰ ਦੀ ਗੱਲ ਕਰੀਏ ਤਾਂ ਪਿਛਲੇ ਕੁੱਝ ਦਿਨਾਂ ਤੋਂ ਚੋਣ ਸਰਗਰਮੀਆਂ ਵੀ ਜੋਰ ਫੜਦੀਆਂ ਦਿਖ ਰਹੀਆਂ ਹਨ। ਇਸ ਦੌਰਾਨ ਜਿੱਥੇ ਆਮ ਆਦਮੀ ਪਾਰਟੀ ਵਲੋਂ ਆਪਣੀਆਂ ਸਰਗਰਮੀਆਂ ਵਧਾਉਂਦਿਆਂ ਵੱਖ ਵੱਖ ਵਾਰਡਾਂ ਤੋਂ ਚੋਣ ਲੜਣ ਦੇ ਚਾਹਵਾਨ ਉਮੀਦਵਾਰਾਂ ਨੂੰ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਕਰਨ ਦੀ ਮੁਹਿੰਮ ਤੇਜ ਕਰ ਦਿੱਤੀ ਗਈ ਹੈ ਉੱਥੇ ਕਾਂਗਰਸ ਪਾਰਟੀ ਤੋਂ ਚੋਣ ਲੜਣ ਦੇ ਚਾਹਵਾਨ ਉਮੀਦਵਾਰ ਵੀ ਆਪਣੀ ਸਰਗਰਮੀਆਂ ਤੇਜ ਕਰਦੇ ਦਿਖ ਰਹੇ ਹਨ।
ਹਾਲਾਂਕਿ ਚੋਣ ਸਰਗਰਮੀਆਂ ਦੇ ਮਾਮਲੇ ਵਿੱਚ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਕੁੱਝ ਹੱਦ ਤਕ ਪਿਛੜੇ ਦਿਖ ਰਹੇੇ ਹਨ। ਅਕਾਲੀ ਦਲ ਵਲੋਂ ਆਪਣੇ ਉਮੀਦਵਾਰਾਂ ਦੀ ਚੋਣ ਲਈ ਜਿਹੜੀ ਕਮੇਟੀ ਬਣਾਈ ਗਈ ਸੀ ਉਸ ਵਲੋਂ ਪਾਰਟੀ ਦੇ ਅਧਿਕਾਰਤ ਉਮੀਦਵਾਰਾਂ ਦੇ ਐਲਾਨ ਦਾ ਕੰਮ ਵੀ ਪਿਛੜਦਾ ਦਿਖ ਰਿਹਾ ਹੈ। ਪਹਿਲਾ ਇਹ ਗੱਲ ਆਖੀ ਗਈ ਸੀ ਪਾਰਟੀ ਵਲੋਂ 1 ਜਨਵਰੀ ਨੂੰ ਆਪਣੇ ਜਿਆਦਾਤਰ ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕਰ ਦਿੱਤਾ ਜਾਵੇਗਾ ਪਰੰਤੂ ਇਹ ਕੰਮ ਵੀ ਟਲ ਗਿਆ ਹੈ। ਦੂਜੇ ਪਾਸੇ ਭਾਜਪਾ ਦੀ ਹਾਲਤ ਇਹ ਹੈ ਕਿ ਉਸਨੂੰ ਵੱਖ ਵੱਖ ਵਾਰਡਾਂ ਤੋਂ ਚੋਣ ਲੜਣ ਲਈ ਤਕੜੇ ਉਮੀਦਵਾਰ ਨਹੀਂ ਮਿਲ ਰਹੇ ਅਤੇ ਕਿਸਾਨ ਸੰਘਰਸ਼ ਕਾਰਨ ਪਾਰਟੀ ਨੂੰ ਹੋਣ ਵਾਲਾ ਨੁਕਸਾਨ ਉਸ ਲਈ ਵੱਡੀ ਪਰੇਸ਼ਾਨੀ ਦਾ ਕਾਰਨ ਬਣਦਾ ਦਿਖ ਰਿਹਾ ਹੈ।

Leave a Reply

Your email address will not be published. Required fields are marked *