ਨਗਰ ਨਿਗਮ ਟੈਕਸਾਂ ਦੀ ਵਸੂਲੀ ਵਿੱਚ ਅੱਗੇ ਪਰ ਕਾਰਗੁਜਾਰੀ ਵਿੱਚ ਪਿੱਛੇ: ਅਤੁਲ ਸ਼ਰਮਾ

ਨਗਰ ਨਿਗਮ ਟੈਕਸਾਂ ਦੀ ਵਸੂਲੀ ਵਿੱਚ ਅੱਗੇ ਪਰ ਕਾਰਗੁਜਾਰੀ ਵਿੱਚ ਪਿੱਛੇ: ਅਤੁਲ ਸ਼ਰਮਾ
ਸ਼ਹਿਰ ਵਿੱਚ ਫਿਰਦੀਆਂ ਆਵਾਰਾ ਗਉਆਂ ਅਤੇ ਥਾਂ-ਥਾਂ ਤੇ ਖਿਲਰੀ ਗੰਦਗੀ ਨਾਲ ਉਠ ਰਹੇ ਹਨ ਨਿਗਮ ਦੀ ਕਾਰਗੁਜਾਰੀ ਤੇ ਸਵਾਲ
ਐਸ. ਏ. ਐਸ ਨਗਰ, 30 ਮਾਰਚ (ਸ.ਬ.) ਕਾਂਗਰਸੀ ਆਗੂ ਸ੍ਰੀ ਅਤੁਲ ਸ਼ਰਮਾ ਨੇ ਨਗਰ ਨਿਗਮ ਦੀ ਕਾਰਗੁਜਾਰੀ ਤੇ ਸਵਾਲ ਚੁੱਕਦਿਆਂ ਕਿਹਾ ਹੈ ਕਿ ਨਗਰ ਨਿਗਮ ਵੱਲੋਂ ਸ਼ਹਿਰ ਵਾਸੀਆਂ ਤੋਂ ਟੈਕਸਾਂ ਦੀ ਵਸੂਲੀ ਕਰਨ ਵਿੱਚ ਪੂਰਾ ਜੋਰ ਲਗਾਇਆ ਜਾਂਦਾ ਹੈ ਪਰੰਤੂ ਇਸਦੀ ਕਾਰਗੁਜਾਰੀ ਆਮ ਲੋਕਾਂ ਨੂੰ ਨਿਰਾਸ਼ ਕਰਨ ਵਾਲੀ ਹੈ| ਉਹਨਾਂ ਕਿਹਾ ਕਿ ਨਿਗਮ ਵਲੋਂ ਸ਼ਹਿਰ ਵਾਸੀਆਂ ਤੋਂ ਗਉ ਟੈਕਸ ਦੀ ਵਸੂਲੀ ਤਾਂ ਕੀਤੀ ਜਾ ਰਹੀ ਹੈ ਪਰੰਤੂ ਸ਼ਹਿਰ ਵਿੱਚ ਘੁੰਮਦੀਆਂ ਆਵਾਰਾ ਗਊਆਂ ਤੇ ਕਾਬੂ ਕਰਨ ਵੱਲ ਉਸਦਾ ਕੋਈ ਧਿਆਨ ਨਹੀਂ ਹੈ| ਉਹਨਾਂ ਕਿਹਾ ਕਿ ਹਾਲਾਤ ਇਹ ਹਨ ਕਿ ਆਵਾਰਾ ਗਉਆਂ ਸ਼ਹਿਰ ਵਿੱਚ ਥਾਂ-ਥਾਂ ਤੇ ਗੰਦਗੀ ਫੈਲਾਉਂਦੀਆਂ ਹਨ ਅਤੇ ਇਹਨਾਂ ਕਾਰਨ ਇੱਕ ਤੋਂ ਬਾਅਦ ਇੱਕ ਹਾਦਸੇ ਵੀ ਵਾਪਰਦੇ ਹਨ ਪਰੰਤੂ ਨਿਗਮ ਇਸ ਸੱਮਸਿਆ ਤੇ ਕਾਬੂ ਕਰਨ ਵਿੱਚ ਨਾਕਾਮ ਰਿਹਾ ਹੈ| ਉਹਨਾਂ ਕਿਹਾ ਕਿ ਹੁਣ ਤਾਂ ਇਹ ਆਵਾਰਾ ਪਸ਼ੂ ਸ਼ਹਿਰ ਦੇ ਪਾਰਕਾਂ ਵਿੱਚ ਵੀ ਘੁੰਮਦੇ ਰਹਿੰਦੇ ਹਨ ਜਿਸ ਕਾਰਣ ਲੋਕ ਪਾਰਕਾਂ ਵਿੱਚ ਸੈਰ ਕਰਨ ਤੋਂ ਵੀ ਡਰਦੇ ਹਨ| ਉਸਤੋਂ ਪਹਿਲਾਂ ਇਹ ਆਵਾਰਾ ਪਸ਼ੂ ਕਈ ਵਾਰ ਸ਼ਹਿਰ ਵਾਸੀਆਂ ਤੇ ਹਮਲਾ ਵੀ ਕਰ ਚੁੱਕੇ ਹਨ|
ਸ੍ਰੀ ਸ਼ਰਮਾ ਨੇ ਕਿਹਾ ਕਿ ਇਸੇ ਤਰ੍ਹਾਂ ਨਿਗਮ ਵਲੋਂ ਸਵੱਛ ਭਾਰਤ ਸਰਚਾਰਜ ਦੇ ਰੂਪ ਵਿੱਚ ਵੱਡੀ ਰਕਮ ਇਕੱਤਰ ਕੀਤੀ ਜਾਂਦੀ ਹੈ ਪਰੰਤੂ ਸ਼ਹਿਰ ਦੀ ਬਦਹਾਲ ਸਫਾਈ ਵਿਵਸਥਾ ਆਪਣੀ ਤਰਸਯੋਗ ਹਾਲਤ ਖੁਦ ਬਿਆਨ ਕਰਦੀ ਹੈ| ਸ਼ਹਿਰ ਦੀ ਸਫਾਈ ਦੇ ਨਾਮ ਤੇ ਨਿਗਮ ਵਲੋਂ ਭਾਵੇਂ ਕਰੋੜਾਂ ਰੁਪਏ ਖਰਚ ਕੀਤੇ ਜਾਂਦੇ ਹਨ ਪਰੰਤੂ ਉਸਦੀ ਕਾਰਗੁਜਰੀ ਕਿਸੇ ਪੱਖੋਂ ਵੀ ਤਸੱਲੀਬਖਸ਼ ਨਹੀਂ ਹੈ|
ਉਹਨਾਂ ਕਿਹਾ ਕਿ ਨਗਰ ਨਿਗਮ ਦੇ ਸੰਬੰਧਿਤ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਜਵਾਬਦੇਹ ਬਣਾਏ ਬਿਨਾਂ ਹਾਲਾਤ ਵਿੱਚ ਸੁਧਾਰ ਨਹੀਂ ਹੋ ਸਕਦਾ ਅਤੇ ਇਸ ਸੰਬੰਧੀ ਸਰਕਾਰ ਵਲੋਂ ਤੁਰੰਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ|

Leave a Reply

Your email address will not be published. Required fields are marked *