ਨਗਰ ਨਿਗਮ ਦਫਤਰ ਵਿੱਚੋਂ ਵਿਵਾਦਿਤ ਟ੍ਰੀ-ਪਰੂਨਿੰਗ ਮਸ਼ੀਨ ਦਾ ਰਿਕਾਰਡ ਗਾਇਬ

ਨਗਰ ਨਿਗਮ ਦਫਤਰ ਵਿੱਚੋਂ ਵਿਵਾਦਿਤ ਟ੍ਰੀ-ਪਰੂਨਿੰਗ ਮਸ਼ੀਨ ਦਾ ਰਿਕਾਰਡ ਗਾਇਬ
ਸਾਬਕਾ ਕੌਂਸਲਰ ਕੁਲਜੀਤ ਸਿੰਘ ਬੇਦੀ ਵੱਲੋਂ ਉਚ ਅਧਿਕਾਰੀਆਂ ਸਮੇਤ ਵਿਭਾਗ ਦੇ ਮੰਤਰੀ ਨੂੰ ਲਿਖਤੀ ਸ਼ਿਕਾਇਤ ਭੇਜ ਕੇ ਐਫ.ਆਈ.ਆਰ. ਦਰਜ ਕਰਵਾਉਣ ਦੀ ਮੰਗ
ਐਸ.ਏ.ਐਸ. ਨਗਰ, 2 ਜੂਨ (ਸ.ਬ.) ਪਿਛਲੇ ਕੁਝ ਸਮੇਂ ਤੋਂ ਵਿਵਾਦਾਂ ਵਿੱਚ ਘਿਰੀ ਟ੍ਰੀ-ਪਰੂਨਿੰਗ ਮਸ਼ੀਨ ਦੀ ਨਗਰ ਨਿਗਮ ਵਲੋਂ ਖਰੀਦੋ ਫਰੋਖ਼ਤ ਸਬੰਧੀ ਸਰਕਾਰੀ ਰਿਕਾਰਡ ਨਗਰ ਨਿਗਮ ਐਸ.ਏ.ਐਸ. ਨਗਰ (ਮੁਹਾਲੀ) ਦੇ ਦਫ਼ਤਰ ਵਿੱਚ  ਗਾਇਬ ਹੋ ਜਾਣ ਦਾ ਸਮਾਚਾਰ ਹੈ| ਇਹ ਮਾਮਲਾ ਨਿਗਮ ਦੇ ਸਾਬਕਾ ਕੌਂਸਲਰ ਸ੍ਰ. ਕੁਲਜੀਤ ਸਿੰਘ ਬੇਦੀ ਵਲੋਂ ਉਜਾਗਰ ਕੀਤਾ ਗਿਆ ਹੈ| ਉਹਨਾਂ ਵਲੋਂ ਇਸ ਸਬੰਧੀ ਨਗਰ ਨਿਗਮ ਦੇ ਕਮਿਸ਼ਨਰ ਰਾਹੀਂ ਸਥਾਨਕ ਸਰਕਾਰਾਂ ਵਿਭਾਗ ਦੇ ਮੰਤਰੀ, ਵਧੀਕ ਮੁੱਖ ਸਕੱਤਰ ਅਤੇ ਡਾਇਰੈਕਟਰ ਨੂੰ ਲਿਖਤੀ ਸ਼ਿਕਾਇਤਾਂ ਭੇਜ ਕੇ ਮੰਗ ਕੀਤੀ ਗਈ ਹੈ ਕਿ ਇਸ ਮਾਮਲੇ ਵਿੱਚ ਉਕਤ ਮਸ਼ੀਨ ਸਬੰਧੀ ਨਗਰ ਨਿਗਮ ਦੇ ਦਫਤਰ ਵਿੱਚੋਂ ਸਰਕਾਰੀ ਰਿਕਾਰਡ ਗਾਇਬ ਹੋਣ ਸਬੰਧੀ ਐਫ.ਆਈ.ਆਰ. ਦਰਜ ਕਰਵਾਈ ਜਾਵੇ| ਇਸ ਦੇ ਨਾਲ ਹੀ ਉਨ੍ਹਾਂ ਨੇ ਇਸ ਸੰਬੰਧੀ ਨਗਰ ਨਿਗਮ ਵਲੋਂ ਮਸ਼ੀਨ ਲਈ ਖਰਚ ਕੀਤੇ 89.50 ਲੱਖ ਰੁਪਏ ਦੀ ਵਿਆਜ ਸਮੇਤ ਵਸੂਲੀ ਕੀਤੇ ਜਾਣ ਦੀ ਵੀ ਮੰਗ ਕੀਤੀ ਹੈ|
ਸ੍ਰ. ਬੇਦੀ ਨੇ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਦੱਸਿਆ ਕਿ ਨਗਰ ਨਿਗਮ ਮੁਹਾਲੀ ਵੱਲੋਂ ਜਨਵਰੀ 2017 ਵਿੱਚ                ਟ੍ਰੀ-ਪਰੂਨਿੰਗ ਮਸ਼ੀਨ ਦੀ ਖਰੀਦ ਕਰਨ ਦਾ ਫ਼ੈਸਲਾ ਕੀਤਾ ਗਿਆ ਸੀ ਅਤੇ ਟੈਂਡਰ ਲੱਗਣ ਉਪਰੰਤ ਇੱਕ ਕੰਪਨੀ ਨੂੰ 89.50 ਲੱਖ ਰੁਪਏ ਦੀ ਐਡਵਾਂਸ ਪੇਮੈਂਟ ਵੀ ਕੀਤੀ ਗਈ ਸੀ| ਬਾਅਦ ਵਿੱਚ ਮਸ਼ੀਨ ਦੀ ਖਰੀਦ ਵਿਵਾਦਾਂ ਵਿੱਚ ਘਿਰਨ ਉਪਰੰਤ ਸਰਕਾਰ ਵੱਲੋਂ ਇਸ ਸੌਦੇ ਦੀ ਜਾਂਚ ਕਰਵਾਈ ਗਈ ਸੀ ਅਤੇ ਕੁਝ ਅਧਿਕਾਰੀਆਂ ਨੂੰ ਚਾਰਜਸ਼ੀਟ ਵੀ ਕੀਤਾ ਗਿਆ ਸੀ| ਉਹਨਾਂ ਦੱਸਿਆ ਕਿ ਜਾਂਚ ਦੌਰਾਨ ਪੰਜਾਬ ਸਰਕਾਰ ਨੇ ਮਸ਼ੀਨ ਦੀ ਖਰੀਦ ਵਿੱਚ ਭਾਰੀ ਊਣਤਾਈਆਂ ਪਾਏ ਜਾਣ ਤੇ ਨਗਰ ਨਿਗਮ ਵੱਲੋਂ ਖਰਚੇ ਗਏ 89.50 ਲੱਖ ਰੁਪਏ ਦੀ ਰਿਕਵਰੀ ਕਰਨ ਦੇ ਹੁਕਮ ਵੀ ਜਾਰੀ ਕੀਤੇ ਸਨ ਅਤੇ ਮਸ਼ੀਨ ਦਾ ਟੈਂਡਰ ਰੱਦ ਕਰਨ ਦੇ ਹੁਕਮ ਵੀ ਜਾਰੀ ਕਰ ਦਿੱਤੇ ਗਏ ਸਨ| ਇਸ ਸੰਬੰਧੀ ਸਰਕਾਰ ਵੱਲੋਂ ਮਸ਼ੀਨ ਦੀ ਖਰੀਦ ਵਿੱਚ ਪਾਈਆਂ ਗਈਆਂ ਉਣਤਾਈਆਂ ਲਈ ਮਾਨਯੋਗ ਸ੍ਰੀ ਬੀ.ਆਰ. ਬਾਂਸਲ (ਰਿਟਾ.) ਐਡੀਸ਼ਨਲ ਡਿਸਟ੍ਰਿਕਟ ਐਂਡ ਸ਼ੈਸ਼ਨਜ ਜੱਜ ਨੂੰ ਰੈਗੂਲਰ ਪੜਤਾਲ ਕਰਨ ਲਈ ਨਿਯੁਕਤ ਕੀਤਾ ਗਿਆ ਸੀ ਜਿਹਨਾਂ ਨੇ ਇਸ ਮਾਮਲੇ ਦੀ ਪੜਤਾਲ ਕਰਨ ਉਪਰੰਤ 20 ਅਕਤੂਬਰ 2019 ਨੂੰ ਸਰਕਾਰ ਕੋਲ ਰਿਪੋਰਟ ਪੇਸ਼ ਕੀਤੀ ਸੀ ਅਤੇ ਇਸ ਰਿਪੋਰਟ ਵਿੱਚ ਮਸ਼ੀਨ ਦੀ ਖਰੀਦ ਸਬੰਧੀ ਊਣਤਾਈਆਂ ਦੀ ਪੁਸ਼ਟੀ ਕੀਤੀ ਗਈ ਸੀ|
ਸ੍ਰ. ਬੇਦੀ ਨੇ ਕਿਹਾ ਕਿ ਹੁਣ ਤੱਕ ਨਗਰ ਨਿਗਮ ਮੁਹਾਲੀ ਵੱਲੋਂ ਉਕਤ ਮਸ਼ੀਨ ਵਾਲੀ ਕੰਪਨੀ ਨੂੰ ਕੀਤੀ ਗਈ ਐਡਵਾਂਸ ਪੇਮੈਂਟ ਦੀ ਰਕਮ (ਜੋ ਵਿਆਜ ਨੂੰ ਮਿਲਾ ਕੇ ਲਗਭਗ 2 ਕਰੋੜ ਰੁਪਏ ਤੋਂ ਉਪਰ ਬਣਦੀ ਹੈ) ਹਾਲੇ ਤੱਕ ਨਿਗਮ ਵਾਪਿਸ ਲੈਣ ਲਈ ਕੋਈ ਕਾਰਵਾਈ ਤਾਂ ਕੀ ਕਰਨੀ ਸੀ ਉਕਤ ਟ੍ਰੀ-ਪਰੂਨਿੰਗ ਮਸ਼ੀਨ ਦੀ ਖਰੀਦ ਅਤੇ ਪੜਤਾਲ ਨਾਲ ਸਬੰਧਿਤ ਜ਼ਰੂਰੀ ਰਿਕਾਰਡ ਵੀ ਨਿਗਮ ਦਫ਼ਤਰ ਵਿੱਚੋਂ ਗਾਇਬ ਹੋ ਗਿਆ ਹੈ| ਉਹਨਾਂ ਕਿਹਾ ਕਿ ਇਸ ਨਾਲ ਨਗਰ ਨਿਗਮ ਨੂੰ ਇਸ ਕੇਸ ਵਿੱਚ 2 ਕਰੋੜ ਤੋਂ ਵੀ ਜ਼ਿਆਦਾ ਦਾ ਮਾਲੀ ਨੁਕਸਾਨ ਹੋਇਆ ਹੈ ਅਤੇ ਮਸ਼ੀਨ ਸਬੰਧੀ ਰਿਕਾਰਡ ਦਾ ਨਿਗਮ ਦਫ਼ਤਰ ਵਿੱਚੋਂ ਗਾਇਬ ਹੋਣਾ ਕਿਸੇ ਵੱਡੀ ਸਾਜਿਸ਼ ਦਾ ਹਿੱਸਾ ਹੋ ਸਕਦਾ ਹੈ|
ਸ੍ਰ. ਬੇਦੀ ਨੇ ਮੰਗ ਕੀਤੀ ਕਿ ਨਗਰ ਨਿਗਮ ਦੇ 2 ਕਰੋੜ ਰੁਪਏ ਦੇ ਵਿੱਤੀ ਨੁਕਸਾਨ ਦੀ ਮਹੱਤਤਾ ਨੂੰ ਮੁੱਖ ਰੱਖਦਿਆਂ ਇਸ ਕੇਸ ਦੀ ਫਾਈਲ ਨੂੰ ਤੁਰੰਤ ਟ੍ਰੇਸ ਕਰਵਾਇਆ ਜਾਵੇ|                     ਜੇਕਰ ਇਸ ਫਾਈਲ ਬਾਰੇ ਪਤਾ ਨਹੀਂ ਲੱਗਦਾ ਤਾਂ ਪੁਲਿਸ ਕੇਸ ਦਰਜ ਕਰਵਾਇਆ ਜਾਵੇ| ਇਸ ਦੇ ਨਾਲ ਹੀ ਨਿਗਮ ਦੇ ਪੈਸੇ ਦੀ ਤੁਰੰਤ ਰਿਕਵਰੀ ਕਰਵਾਈ ਜਾਵੇ| ਉਨ੍ਹਾਂ ਇਹ ਵੀ ਕਿਹਾ ਕਿ ਜੇਕਰ ਉਕਤ ਮਸ਼ੀਨ ਦੇ ਰਿਕਾਰਡ ਗਾਇਬ ਹੋਣ ਸਬੰਧੀ ਅਤੇ ਪੈਸੇ ਦੀ ਰਿਕਵਰੀ ਸਬੰਧੀ ਕੋਈ ਠੋਸ ਕਾਰਵਾਈ ਨਾ ਕੀਤੀ ਗਈ ਤਾਂ ਉਹ ਮਜ਼ਬੂਰ ਹੋ ਕੇ ਜ਼ਿੰਮੇਵਾਰ ਅਧਿਕਾਰੀਆਂ ਖਿਲਾਫ਼ ਕਾਰਵਾਈ ਕਰਵਾਉਣ ਅਤੇ ਪੈਸੇ ਦੀ ਰਿਕਵਰੀ ਕਰਵਾਉਣ ਲਈ ਮਾਨਯੋਗ ਅਦਾਲਤ ਦਾ ਦਰਵਾਜ਼ਾ ਖੜਕਾਉਣ ਲਈ ਮਜ਼ਬੂਰ ਹੋਣਗੇ|

Leave a Reply

Your email address will not be published. Required fields are marked *