ਨਗਰ ਨਿਗਮ ਦੀਆਂ ਤਮਾਮ ਕੋਸ਼ਿਸ਼ਾਂ ਦੇ ਬਾਵਜੂਦ ਸ਼ਹਿਰ ਵਿੱਚੋਂ ਨਹੀਂ ਰੁਕ ਰਿਹਾ ਦੁਕਾਨਦਾਰਾਂ ਵਲੋਂ ਕੀਤੇ ਜਾਂਦੇ ਨਾਜਾਇਜ਼ ਕਬਜ਼ਿਆਂ ਦਾ ਸਿਲਸਿਲਾ ਰੇਹੜੀ ਫੜੀ ਵਾਲਿਆਂ ਦੇ ਨਾਲ ਹੀ ਦੁਕਾਨਦਾਰਾਂ ਨੇ ਵੀ ਕੀਤੇ ਹੋਏ ਹਨ ਨਾਜਾਇਜ਼ ਕਬਜ਼ੇ

ਐਸ ਏ ਐਸ ਨਗਰ, 21 ਮਾਰਚ (ਸ.ਬ.) ਨਗਰ ਨਿਗਮ ਮੁਹਾਲੀ ਦੇ ਨਾਜਾਇਜ ਕਬਜੇ ਹਟਾਊ ਅਮਲੇ ਵਲੋਂ ਸ਼ਹਿਰ ਵਿੱਚ ਵੱਖ ਵੱਖ ਥਾਂਵਾਂ ਤੇ ਨਾਜਾਇਜ ਕਬਜੇ ਹਟਾਉਣ ਦੀ ਚਲਾਈ ਗਈ ਮੁਹਿੰਮ ਅਤੇ ਸਮੇਂ ਸਮੇਂ ਕੀਤੀ ਜਾਂਦੀ ਕਾਰਵਾਈ ਦੇ ਬਾਵਜੂਦ ਇਸ ਸ਼ਹਿਰ ਦਾ ਹਾਲ ਇਹ ਹੈ ਕਿ ਸ਼ਹਿਰ ਵਿੱਚ ਰੇਹੜੀਆਂ ਫੜੀਆਂ ਦੇ ਨਾਲ ਨਾਲ ਦੁਕਾਨਦਾਰਾਂ ਵਲੋਂ ਵੀ ਕੀਤੇ ਗਏ ਨਾਜਾਇਜ ਕਬਜਿਆਂ ਦਾ ਸਿਲਸਿਲਾ ਬੰਦ ਹੋਣ ਵਿੱਚ ਨਹੀਂ ਆ ਰਿਹਾ ਸਗੋਂ ਇਹ ਸਿਲਸਿਲਾ ਦਿਨੋਂ ਦਿਨ ਵੱਧਦਾ ਹੀ ਜਾ ਰਿਹਾ ਹੈ|
ਸ਼ਹਿਰ ਦੀਆਂ ਸਾਰੀਆਂ ਹੀ ਮਾਰਕੀਟਾਂ ਵਿੱਚ ਹਾਲ ਇਹ ਹੈ ਕਿ ਜਿੱਥੇ ਥਾਂ ਥਾਂ ਰੇਹੜੀ ਫੜੀ ਵਾਲਿਆਂ, ਸੂਪ, ਜੂਸ ਵੇਚਣ ਵਾਲਿਆਂ ਦੇ ਨਾਲ ਨਾਲ ਚਾਹ ਵੇਚਣ ਵਾਲਿਆਂ ਨੇ ਆਪਣੇ ਠੀਏ ਲਗਾਏ ਹੋਏ ਹਨ ਉਥੇ ਹੀ ਬੀੜੀ ਸਿਗਰਟ ਵੇਚਣ ਵਾਲੇ ਵੀ ਆਪਣਾ ਕੰਮ ਧੰਦਾ ਚਲਾਈ ਬੈਠੇ ਹਨ| ਇਸਦੇ ਨਾਲ ਹੀ ਸਾਰੀਆਂ ਹੀ ਮਾਰਕੀਟਾਂ ਵਿੱਚ ਸਥਿਤ ਦੁਕਾਨਾਂ ਦੇ ਦੁਕਾਨਦਾਰਾਂ ਨੇ ਵੀ ਆਪਣੀਆਂ ਦੁਕਾਨਾਂ ਦਾ ਅੱਧੇ ਤੋਂ ਜਿਆਦਾ ਸਮਾਨ ਬਾਹਰ ਰੱਖਿਆ ਹੁੰਦਾ ਹੈ ਜਿਸ ਕਰਕੇ ਕਈ ਵਾਰ ਤਾਂ ਲੋਕਾਂ ਦੇ ਲੰਘਣ ਲਈ ਰਸਤਾ ਹੀ ਬੰਦ ਹੋ ਜਾਂਦਾ ਹੈ| ਹਾਲ ਤਾਂ ਇਹ ਹੈ ਕਿ ਦੁਕਾਨਦਾਰਾਂ ਨੇ ਅ ਾਪਣੀਆਂ ਦੁਕਾਨਾਂ ਦੇ ਅੱਗੇ ਲੋਕਾਂ ਦੇ ਆਉਣ ਜਾਣ ਲਈ ਬਣੀ ਗੈਲਰੀ ਵਿੱਚ ਹੀ ਆਪਣੀਆਂ ਦੁਕਾਨਾਂ ਦਾ ਸਮਾਨ ਬਹੁਤ ਵੱਡੀ ਗਿਣਤੀ ਵਿੱਚ ਰੱਖਿਆ ਹੁੰਦਾ ਹੈ, ਜਿਸ ਕਾਰਨ ਇਸ ਗੈਲਰੀ ਵਿੱਚੋਂ ਲੰਘਣ ਸਮੇਂ ਆਮ ਲੋਕਾਂ ਨੂੰ ਬਹੁਤ ਸਮੱਸਿਆ ਆਉਂਦੀ ਹੈ| ਇਸ ਸਮਾਨ ਦੇ ਨਾਲ ਹੀ ਦੁਕਾਨਦਾਰਾਂ ਨੇ ਆਪਣੇ ਵਰਕਰ ਵੀ ਬੈਠਾਏ ਹੁੰਦੇ ਹਨ, ਜਿਹਨਾਂ ਦਾ ਧਿਆਨ ਸਮਾਨ ਵੇਚਣ ਵੱਲ ਘੱਟ ਅਤੇ ਮਾਰਕੀਟ ਵਿੱਚ ਆਉਂਦੀਆਂ ਜਾਂਦੀਆਂ ਕੁੜੀਆਂ ਨੂੰ ਤਾੜਨ ਵੱਲ ਵੱਧ ਰਹਿੰਦਾ ਹੈ| ਜੇ ਕੋਈ ਰਾਹਗੀਰ ਲੰਘਦੇ ਸਮੇਂ ਦੁਕਾਨਾਂ ਦੇ ਬਾਹਰ ਰੱਖੇ ਸਮਾਨ ਦੇ ਨੇੜਿਓਂ ਲੰਘਦਾ ਹੈ ਜਾਂ ਸਮਾਨ ਨਾਲ ਮਾੜਾ ਮੋਟਾ ਖਹਿ ਜਾਂਦਾ ਹੈ ਤਾਂ ਦੁਕਾਨਦਾਰਾਂ ਵਲੋਂ ਰੱਖੇ ਹੋਏ ਇਹ ਵਿਅਕਤੀ ਉਸ ਵਿਅਕਤੀ ਨਾਲ ਲੜਨਾ ਸ਼ੁਰੂ ਕਰ ਦਿੰਦੇ ਹਨ ਅਤੇ ਕਈ ਵਾਰ ਤਾਂ ਨੌਬਤ ਹੱਥੋਪਾਈ ਤੱਕ ਵੀ ਪਹੁੰਚ ਜਾਂਦੀ ਹੈ|
ਇਹ ਵੀ ਵੇਖਣ ਵਿੱਚ ਆਇਆ ਹੈ ਕਿ ਸ਼ਹਿਰ ਦੀਆਂ ਵੱਖ ਵੱਖ ਮਾਰਕੀਟਾਂ ਵਿੱਚ ਬਣੀਆਂ ਵੈਲਫੇਅਰ ਐਸੋਸੀਏਸ਼ਨਾਂ ਵਾਲੇ ਆਪਣੀ ਮਾਰਕੀਟ ਵਿੱਚ ਲੱਗਣ ਵਾਲੀਆਂ ਰੇਹੜੀਆਂ ਫੜੀਆਂ ਨੂੰ ਨਾਜਾਇਜ ਕਬਜੇ ਕਹਿ ਕੇ ਨਿਗਮ ਟੀਮ ਤੋਂ ਚੁਕਵਾ ਦਿੰਦੇ ਹਨ ਪਰ ਵੱਡੀ ਗਿਣਤੀ ਦੁਕਾਨਦਾਰਾਂ ਨੇ ਆਪਣੀਆਂ ਦੁਕਾਨਾ ਦੇ ਬਾਹਰ ਵੱਡੀ ਗਿਣਤੀ ਵਿੱਚ ਸਮਾਨ ਰਖ ਕੇ ਖੁਦ ਜੋ ਨਾਜਾਇਜ਼ ਕਬਜੇ ਕੀਤੇ ਹੋਏ ਹਨ, ਉਸ ਬਾਰੇ ਇਹ ਗੱਲ ਸੁਣਨ ਨੂੰ ਵੀ ਤਿਆਰ ਨਹੀਂ ਹੁੰਦੇ|
ਇਹ ਵੀ ਵੇਖਣ ਵਿੱਚ ਆਉਂਦਾ ਹੈ ਕਿ ਜਦੋਂਂ ਵੀ ਨਗਰ ਨਿਗਮ ਦੀ ਨਾਜਾਇਜ਼ ਕਬਜੇ ਹਟਾਊ ਟੀਮ ਕਾਰਵਾਈ ਕਰਨ ਲਈ ਕਿਸੇ ਵੀ ਮਾਰਕੀਟ ਵਿੱਚ ਜਾਂਦੀ ਹੈ ਤਾਂ ਉਸ ਮਾਰਕੀਟ ਦੇ ਦੁਕਾਨਦਾਰਾਂ ਨੂੰ ਇਸ ਟੀਮ ਦੇ ਆਉਣ ਦਾ ਪਹਿਲਾਂ ਹੀ ਪਤਾ ਚਲ ਜਾਂਦਾ ਹੈ ਅਤੇ ਦੁਕਾਨਦਾਰ ਇਸ ਟੀਮ ਦੇ ਆਉਣ ਤੋਂ ਪਹਿਲਾਂ ਹੀ ਆਪਣਾ ਸਮਾਨ ਸਮੇਟ ਲੈਂਦੇ ਹਨ ਪਰ ਇਸ ਟੀਮ ਦੇ ਗੇੜਾ ਮਾਰ ਕੇ ਚਲੇ ਜਾਣ ਤੋਂ ਬਾਅਦ ਇਹਨਾਂ ਦੁਕਾਨਦਾਰਾਂ ਵਲੋਂ ਮੁੜ ਆਪਣਾ ਸਮਾਨ ਵੱਡੀ ਮਾਤਰਾ ਵਿੱਚ ਬਾਹਰ ਕੱਢ ਕੇ ਮੁੜ ਨਾਜਾਇਜ ਕਬਜੇ ਕਰ ਲਏ ਜਾਂਦੇ ਹਨ| ਇਸ ਤਰ੍ਹਾਂ ਨਿਗਮ ਦੀ ਟੀਮ ਦੀ ਕਾਰਵਾਈ ਦੇ ਬਾਵਜੂਦ ਇਹ ਨਾਜਾਇਜ ਕਬਜੇ ਬਰਕਰਾਰ ਹਨ ਅਤੇ ਸ਼ਹਿਰ ਦੀ ਸੁੰਦਰਤਾ ਨੂੰ ਢਾਹ ਲਾ ਰਹੇ ਹਨ|
ਮਾਰਕੀਟਾਂ ਵਿੱਚ ਖਾਣ ਪੀਣ ਦਾ ਸਮਾਨ ਵੇਚਣ ਵਾਲੀਆਂ ਦੁਕਾਨਾਂ ਅਤੇ ਹਲਵਾਈਆਂ ਨੇ ਆਪਣੀਆਂ ਗਰਮ ਕੜਾਹੀਆਂ ਵੀ ਬਾਹਰ ਬਰਾਮਦੇ ਵਿੱਚ ਹੀ ਰੱਖੀਆਂ ਹੁੰਦੀਆਂ ਹਨ, ਜਿਹਨਾਂ ਵਿੱਚ ਉਡ ਉਡ ਕੇ ਰੇਤਾ ਤੇ ਹੋਰ ਮਿੱਟੀ ਘੱਟਾ ਵੀ ਪੈਂਦਾ ਰਹਿੰਦਾ ਹੈ ਅਤੇ ਉਸੇ ਗੰਦੇ ਤੇਲ ਵਿੱਚ ਤਲ ਕੇ ਹੀ ਇਹ ਦੁਕਾਨਦਾਰ ਸਮੋਸੇ ਤੇ ਹੋਰ ਸਮਾਨ ਲੋਕਾਂ ਨੂੰ ਖਵਾ ਕੇ ਉਹਨਾਂ ਦੀ ਸਿਹਤ ਨਾਲ ਖਿਲਵਾੜ ਕਰ ਰਹੇ ਹਨ| ਇਸ ਤੋਂ ਇਲਾਵਾ ਦੁਕਾਨਾਂ ਦੇ ਬਾਹਰ ਗੈਲਰੀ ਵਿੱਚ ਪਈਆਂ ਇਹ ਗਰਮ ਕੜਾਹੀਆਂ ਕਈ ਵਾਰ ਰਾਹ ਚਲਦੇ ਲੋਕਾਂ ਦੇ ਸਰੀਰ ਨੂੰ ਵੀ ਛੂਹ ਜਾਂਦੀਆਂ ਹਨ ਜਿਸ ਕਰਕੇ ਜਿਥੇ ਲੋਕਾਂ ਦੀਆਂ ਬਾਹਾਂ ਆਦਿ ਝੁਲਸ ਜਾਂਦੀਆਂ ਹਨ ਉਥੇ ਹੀ ਗਰਮ ਕੜਾਹੀਆਂ ਦੇ ਕਾਰਨ ਉਹਨਾਂ ਦੇ ਕਪੜੇ ਵੀ ਝੁਲਸ ਜਾਂਦੇ ਹਨ|
ਜਦੋਂ ਇਸ ਸਬੰਧੀ ਨਗਰ ਨਿਗਮ ਦੀ ਨਾਜਾਇਜ ਕਬਜੇ ਹਟਾਊ ਟੀਮ ਦੇ ਇੰਚਾਰਜ ਸ੍ਰ. ਜਸਵਿੰਦਰ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਉਹਨਾਂ ਵਲੋਂ ਸ਼ਹਿਰ ਵਿੱਚੋਂ ਰੇਹੜੀ ਫੜੀ ਵਾਲਿਆਂ ਦੇ ਨਾਲ ਨਾਲ ਦੁਕਾਨਦਾਰਾਂ ਵਲੋਂ ਕੀਤੇ ਗਏ ਨਾਜਾਇਜ ਕਬਜੇ ਹਟਾਉਣ ਲਈ ਵੀ ਕਾਰਵਾਈ ਕੀਤੀ ਜਾਂਦੀ ਹੈ ਪਰ ਉਹ ਚੌਵੀ ਘੰਟੇ ਇਹਨਾਂ ਦੁਕਾਨਦਾਰਾਂ ਦਾ ਚੌਂਕੀਦਾਰਾ ਨਹੀਂ ਕਰ ਸਕਦੇ| ਇਸ ਲਈ ਇਹ ਵੀ ਸ਼ਿਕਾਇਤਾਂ ਮਿਲਦੀਆਂ ਹਨ ਕਿ ਉਹਨਾ ਦੀ ਟੀਮ ਦੇ ਕਾਰਵਾਈ ਕਰਕੇ ਜਾਣ ਤੋਂ ਬਾਅਦ ਕੁਝ ਦੁਕਾਨਦਾਰ ਮੁੜ ਕਬਜੇ ਕਰ ਲੈਂਦੇ ਹਨ| ਉਹਨਾਂ ਕਿਹਾ ਕਿ ਸ਼ਹਿਰ ਦੀਆਂ ਮਾਰਕੀਟਾਂ ਵਿੱਚ ਰੇਹੜੀ ਫੜੀ ਵਾਲਿਆਂ ਅਤੇ ਦੁਕਾਨਦਾਰਾਂ ਵਲੋਂ ਕੀਤੇ ਗਏ ਨਾਜਾਇਜ ਕਬਜੇ ਹਟਾਉਣ ਦੀ ਕਾਰਵਾਈ ਜਾਰੀ ਰਹੇਗੀ|

Leave a Reply

Your email address will not be published. Required fields are marked *