ਨਗਰ ਨਿਗਮ ਦੀ ਚੋਣ ਲਈ ਉਮੀਦਵਾਰਾਂ ਵਲੋਂ ਸਰਗਰਮੀਆਂ ਤੇਜ ਦਸੰਬਰ ਦੇ ਅਖੀਰਲੇ ਜਾਂ ਜਨਵਰੀ ਦੇ ਪਹਿਲੇ ਹਫਤੇ ਵਿੱਚ ਹੋ ਸਕਦੀ ਹੈ ਨਗਰ ਨਿਗਮ ਦੀ ਚੋਣ


ਭੁਪਿੰਦਰ ਸਿੰਘ
ਐਸ ਏ ਐਸ ਨਗਰ, 20 ਨਵੰਬਰ

ਨਗਰ ਨਿਗਮ ਦੀ ਚੋਣ ਦੀਆਂ ਸਰਗਰਮੀਆਂ ਤੇਜ ਹੋ ਗਈਆਂ ਹਨ ਅਤੇ ਚੋਣ ਲੜਣ ਦੇ ਚਾਹਵਾਨ ਉਮੀਦਵਾਰ ਵੀ ਸਾਮ੍ਹਣੇ ਆਉਣ ਲੱਗ ਗਏ ਹਨ| ਇਸ ਦੌਰਾਨ ਭਾਵੇਂ ਹੁਣ ਤਕ ਕਿਸੇ ਵੀ ਪਾਰਟੀ ਵਲੋਂ ਆਪਣੇ ਉਮੀਦਵਾਰਾਂ ਦਾ ਰਸਮੀ ਐਲਾਨ ਨਹੀਂ ਕੀਤਾ ਗਿਆ ਹੈ ਪਰੰਤੂ ਵਖ ਵੱਖ ਪਾਰਟੀਆਂ ਦੀ ਟਿਕਟ ਤੇ ਚੋਣ ਲੜਣ ਵਾਲੇ ਉਮੀਦਵਾਰਾਂ ਵਲੋਂ ਆਪਣੀਆਂ ਸਰਗਰਮੀਆਂ ਆਰੰਭ ਦਿੱਤੀਆਂ ਗਈਆਂ ਹਨ ਅਤੇ ਰੋਜਾਨਾ ਨਵੇਂ         ਨਵੇਂ ਉਮੀਦਵਾਰ ਸਾਮ੍ਹਣੇ ਆ ਰਹੇ ਹਨ| 
ਇਸ ਸੰਬੰਧੀ ਜੇਕਰ ਸਿਆਸੀ ਪਾਰਟੀਆਂ ਦੀ ਗੱਲ ਕੀਤੀ ਜਾਵੇ ਤਾਂ ਹੁਣ ਤਕ ਤਿੰਨ ਪਾਰਟੀਆਂ (ਕਾਂਗਰਸ, ਅਕਾਲੀ ਦਲ ਅਤੇ ਭਾਜਪਾ) ਵਲੋਂ ਇਸ ਵਾਰ ਨਿਗਮ ਚੋਣਾਂ ਪਾਰਟੀ ਦੇ ਚੋਣ ਨਿਸ਼ਾਨ ਤੇ ਲੜਣ ਦਾ ਐਲਾਨ ਕੀਤਾ ਜਾ ਚੁੱਕਿਆ ਹੈ ਜਦੋਂਕਿ ਆਮ ਆਦਮੀ ਪਾਰਟੀ ਇਸ ਦੌੜ ਤੋਂ ਬਾਹਰ ਦਿਖ ਰਹੀ ਹੈ| ਇਹਨਾਂ ਤਿੰਨਾ ਪਾਰਟੀਆਂ ਤੋਂ ਚੋਣ ਲੜਣ ਦੇ ਚਾਹਵਾਨ ਚਿਹਰਿਆਂ ਤੋਂ ਇਲਾਵਾ ਹੋਰ ਵੀ ਵੱਡੀ ਗਿਣਤੀ ਉਮੀਦਵਾਰ ਅਜਿਹੇ ਹਨ ਜਿਹੜੇ ਆਜਾਦ ਤੌਰ ਤੇ ਚੋਣ ਲੜਣ ਦੀ ਤਿਆਰੀ ਵਿੱਚ ਹਨ| 
ਜੇਕਰ ਸਿਆਸੀ ਪਾਰਟੀਆਂ ਦੀ ਗੱਲ ਕਰੀਏ ਤਾਂ ਪਿਛਲੀ ਵਾਰ ਨਗਰ ਨਿਗਮ ਵਿੱਚ ਅਕਾਲੀ ਦਲ ਦੇ 17, ਕਾਂਗਰਸ ਦੇ 14, ਮੇਅਰ ਕੁਲਵੰਤ ਸਿੰਘ ਦੀ ਅਗਵਾਈ ਵਾਲੇ ਆਜਾਦ ਗਰੁੱਪ ਦੇ 11, ਭਾਜਪਾ ਦੇ 6 ਅਤੇ ਦੋ ਆਜਾਦ ਉਮੀਦਵਾਰ ਚੋਣ ਜਿੱਤੇ ਸਨ| ਬਾਅਦ ਵਿੱਚ ਬਦਲੇ ਘਟਨਾਚੱਕਰ ਦੌਰਾਨ ਜਿੱਥੇ ਅਕਾਲੀ ਦਲ ਦੇ ਦੋ ਅਤੇ ਭਾਜਪਾ ਦਾ ਇੱਕ ਕੌਂਸਲਰ ਕਾਂਗਰਸ ਵਿੱਚ ਚਲਾ ਗਿਆ ਸੀ ਉੱਥੇ ਮੇਅਰ ਕੁਲਵੰਤ ਸਿੰਘ ਦਾ ਪੂਰਾ ਗਰੁੱਪ ਅਕਾਲੀ ਦਲ ਵਿੱਚ ਸ਼ਾਮਿਲ ਹੋ ਗਿਆ ਸੀ ਜਿਸ ਨਾਲ ਨਿਗਮ ਵਿੱਚ ਅਕਾਲੀ ਦਲ ਦੇ 26, ਕਾਂਗਰਸ ਦੇ 17, ਭਾਜਪਾ ਦੇ 5 ਅਤੇ 2 ਆਜਾਦ ਕੌਂਸਲਰ ਰਹਿ ਗਏ ਸਨ|
ਵੱਖ ਵੱਖ ਪਾਰਟੀਆਂ ਵਲੋਂ ਖੜ੍ਹੇ ਕੀਤੇ ਜਾਣ ਵਾਲੇ ਉਮੀਦਵਾਰਾਂ ਦੀ ਗੱਲ ਕਰੀਏ ਤਾਂ ਇਸ ਵਾਰ ਲਗਭਗ ਸਾਰੇ ਹੀ ਸਾਬਕਾ ਕੌਂਸਲਰ ਇੱਕ ਵਾਰ ਫਿਰ ਚੋਣ ਮੈਦਾਨ ਵਿੱਚ ਨਜਰ ਆਉਣਗੇ| ਹਾਲਾਂਕਿ ਇਸ ਵਾਰ ਹੋਈ ਵਾਰਡਬੰਦੀ ਦੌਰਾਨ ਜਿੱਥੇ ਔਰਤਾਂ ਲਈ ਰਾਖਵੇਂ ਵਾਰਡਾਂ ਦੀ ਗਿਣਤੀ ਵਧਾ ਕੇ 25 ਕਰ ਦਿੱਤੀ ਗਈ ਹੈ ਉੱਥੇ ਵਾਰਡਾਂ ਵਿੱਚ ਕੀਤੀ ਗਈ ਫੇਰਬਦਲ ਕਾਰਨ ਇਸ ਵਾਰ ਕਈ ਸਾਬਕਾ ਕੌਂਸਲਰ ਇਸ ਵਾਰ ਆਹਮੋ ਸਾਮ੍ਹਣੇ ਚੋਣ ਲੜਣੇ ਦਿਖ ਰਹੇ ਹਨ|
ਸਿਆਸੀ ਪਾਰਟੀਆਂ ਵਲੋਂ ਵੱਖ ਵੱਖ ਵਾਰਡਾਂ ਵਿੱਚ ਖੜ੍ਹਾਏ ਜਾਣ ਵਾਲੇ ਉਮੀਦਵਾਰਾਂ ਬਾਰੇ ਹੁਣੇ ਆਖਿਰੀ ਫੈਸਲਾ ਹੋਣਾ ਹੈ| ਹਾਲਾਂਕਿ ਇਸ ਦੌਰਾਨ ਕਾਂਗਰਸ ਪਾਰਟੀ ਵਲੋਂ ਆਪਣੇ ਜਿਆਦਾਤਰ ਉਮੀਦਵਾਰਾਂ ਬਾਰੇ ਫੈਸਲਾ ਕੀਤਾ ਜਾ ਚੁੱਕਿਆ ਹੈ ਅਤੇ ਕੈਬਿਨਟ ਮੰਤਰੀ ਸ੍ਰ. ਬਲਬੀਰ ਸਿੰਘ ਸਿੱਧੂ ਵਲੋਂ ਇਹਨਾਂ ਉਮੀਦਵਾਰਾਂ ਦੇ ਵਾਰਡਾਂ ਵਿੱਚ ਜਾ ਕੇ ਲੋਕਾਂ ਨਾਲ ਜਾਣ ਪਹਿਚਾਨ ਕਰਵਾਉਣ ਦਾ ਅਮਲ ਵੀ ਆਰੰਭ ਦਿੱਤਾ ਗਿਆ ਹੈ| ਅਕਾਲੀ ਦਲ ਅਤੇ ਭਾਜਪਾ ਵਲੋਂ ਵੀ ਅਗਲੇ ਇੱਕ ਦੋ ਹਫਤਿਆਂ ਤਕ ਆਪੋ ਆਪਣੇ ਉਮੀਦਵਾਰਾਂ ਬਾਰੇ ਆਖਰੀ ਫੈਸਲਾ ਕਰਨ ਅਤੇ ਉਹਨਾਂ ਦਾ ਰਸਮੀ ਐਲਾਨ ਕਰਨ ਦੀ ਸੰਭਾਵਨਾ ਜਤਾਈ ਜਾ ਰਹੀ ਹੈ| 
ਇਸ ਦੌਰਾਨ ਇਹ ਵੀ ਚਰਚਾ ਹੈ ਕਿ ਪੰਜਾਬ ਸਰਕਾਰ ਦੇ ਸਥਾਨਕ ਸਰਕਾਰ ਵਿਭਾਗ ਵਲੋਂ ਸੂਬੇ ਵਿੱਚ ਕਰਵਾਈਆਂ ਜਾਣ ਵਾਲੀਆਂ 128 ਕੌਂਸਲਾਂ ਅਤੇ 9 ਨਗਰ ਨਿਗਮਾਂ ਦੀਆਂ ਚੋਣਾਂ ਲਈ ਜਿਆਦਾਤਰ ਥਾਵਾਂ ਤੇ ਵਾਰਡਬੰਦੀ ਦਾ ਕੰਮ ਮੁਕੰਮਲ ਕੀਤਾ ਜਾ ਚੁੱਕਿਆ ਹੈ ਅਤੇ ਵਿਭਾਗ ਵਲੋਂ ਵੱਖ ਵੱਖ ਸ਼ਹਿਰਾਂ ਨਾਲ ਸੰਬੰਧਿਤ ਫਾਈਲਾਂ ਸੂਬਾ ਚੋਣ ਕਮਿਸ਼ਨ ਕੋਲ            ਭੇਜੀਆਂ ਜਾ ਚੁੱਕੀਆਂ ਹਨ| ਸੂਤਰ ਦੱਸਦੇ ਹਨ ਕਿ ਨਗਰ ਨਿਗਮ ਚੋਣਾਂ ਦਸੰਬਰ ਦੇ ਅਖੀਰਲੇ ਹਫਤੇ ਜਾਂ ਜਨਵਰੀ ਦੇ ਪਹਿਲੇ ਹਫਤੇ ਵਿੱਚ ਕਰਵਾਈਆਂ ਜਾ ਸਕਦੀਆਂ ਹਨ ਅਤੇ ਇਸ ਸੰਬੰਧੀ ਚੋਣ ਕਮਿਸ਼ਨ ਵਲੋਂ ਅਗਲੇ ਹਫਤੇ ਤਕ ਐਲਾਨ ਕੀਤਾ ਜਾ ਸਕਦਾ  ਹੈ| 

ਅਮਰਜੀਤ ਸਿੰਘ ਜੀਤੀ ਦੇ ਖਿਲਾਫ ਚੋਣ ਲੜਣਗੇ ਸਾਬਕਾ ਕਾਂਗਰਸੀ ਕੌਂਸਲਰ ਸੁਰਜੀਤ ਕੌਰ ਸੋਢੀ ਦੇ ਪਤੀ ਕਮਲ ਨਯਨ ਸੋਢੀ
ਕੈਬਿਨਟ ਮੰਤਰੀ ਸ੍ਰ. ਬਲਬੀਰ ਸਿੰਘ ਸਿੱਧੂ ਦੇ ਛੋਟੇ ਭਰਾ ਸ੍ਰ. ਅਮਰਜੀਤ ਸਿੰਘ ਜੀਤੀ ਸਿੱਧੂ (ਜੋ ਵਾਰਡਬੰਦੀ ਬੋਰਡ ਦੇ ਮੈਂਬਰ ਵੀ ਹਨ) ਬਾਰੇ ਇਹ ਕਿਹਾ ਜਾ ਰਿਹਾ ਹੈ ਕਿ ਉਹ ਵਾਰਡ ਨੰਬਰ 10 ਤੋਂ ਚੋਣ ਲੜਣਗੇ| ਇਸ ਸੰਬੰਧੀ ਵਾਰਡ ਨੰਬਰ 10 ਵਿੱਚ ਸੀਨੀਅਰ ਕਾਂਗਰਸੀ ਆਗੂ ਸ੍ਰ. ਨਵਜੋਤ ਸਿੰਘ ਸੋਢੀ ਦੀ ਅਗਵਾਈ ਵਿੱਚ ਇੱਕ ਵੱਡੀ ਚੋਣ ਮੀਟਿੰਗ ਦਾ ਆਯੋਜਨ ਵੀ ਕੀਤਾ ਜਾ ਚੁੱਕਿਆ ਹੈ| ਇਸ ਦੌਰਾਨ ਸਾਬਕਾ ਕਾਂਗਰਸੀ ਕੌਂਸਲਰ ਸੁਰਜੀਤ ਕੌਰ ਸੋਢੀ ਦੇ ਪਤੀ ਕਮਲ ਨਯਨ ਸੋਢੀ ਨੇ ਵਾਰਡ ਨੰਬਰ 10 ਤੋਂ ਆਜਾਦ ਉਮੀਦਵਾਰ ਵਜੋਂ ਚੋਣ ਲੜਣ ਦਾ ਐਲਾਨ ਕਰ ਦਿੱਤਾ ਹੈ| ਸ੍ਰ. ਸੋਢੀ ਵਲੋਂ ਅੱਜ ਇੱਥੇ ਜਾਰੀ ਬਿਆਨ ਵਿੱਚ ਕਿਹਾ ਗਿਆ ਹੈ ਕਿ ਨਗਰ ਨਿਗਮ ਦੀ ਵਾਰਡਬੰਦੀ ਦੌਰਾਨ ਉਹਨਾਂ ਦੇ ਪਿਛਲੇ ਵਾਰਡ ਨੰਬਰ 22 ਨੂੰ ਤਿੰਨ ਹਿੱਸਿਆ (ਵਾਰਡ ਨੰਬਰ 9, ਵਾਰਡ ਨੰਬਰ 10 ਅਤੇ ਵਾਰਡ ਨੰਬਰ 36) ਵਿੱਚ ਵੰਡ ਦਿੱਤਾ ਗਿਆ ਹੈ ਜਿਸ ਨਾਲ ਇੱਥੋਂ ਦੇ ਵਸਨੀਕਾਂ ਨੂੰ ਆਪਣੀਆਂ ਸਮੱਸਿਆਵਾਂ ਦੇ ਹਲ ਲਈ ਤਿੰਨ ਕੌਂਸਲਰਾਂ ਕੋਲ ਪਹੁੰਚ ਕਰਨੀ ਪੈਣੀ ਹੈ| 
ਉਹਨਾਂ ਕਿਹਾ ਕਿ ਉਹਨਾਂ ਦੀ ਪਤਨੀ ਦੇ ਵਾਰਡ ਦੀ ਸਾਬਕਾ ਕੌਂਸਲਰ ਹੋਣ ਦੇ ਨਾਤੇ ਉਹਨਾਂ ਦੀ ਨੈਤਿਕ ਜਿੰਮੇਵਾਰੀ ਬਣਦੀ ਹੈ ਕਿ ਉਹ ਖੁਦ ਅੱਗੇ ਆਉਣ ਅਤੇ ਇਸ ਲਈ ਉਹਨਾਂ ਨੇ ਵਾਰਡ ਨੰਬਰ 10 ਤੋਂ ਆਜਾਦ ਉਮੀਦਵਾਰ ਵਜੋਂ ਚੋਣ ਲੜਣ ਦਾ ਫੈਸਲਾ ਕੀਤਾ ਹੈ| ਉਹਨਾਂ ਕਿਹਾ ਕਿ ਉਹ ਵਾਰਡ ਨੰਬਰ 9 ਅਤੇ 36 ਤੋਂ ਵੀ ਯੋਗ ਆਜਾਦ ਉਮੀਦਵਾਰ ਖੜ੍ਹਾਉਣ ਬਾਰੇ ਵਸਨੀਕਾਂ ਨਾਲ ਸਲਾਹ ਕਰ ਰਹੇ ਹਨ ਤਾਂ ਜੋ ਇਸ ਖੇਤਰ ਵਿੱਚ ਆਪਸੀ ਸਹਿਮਤੀ ਨਾਲ ਉਮੀਦਵਾਰਾਂ ਨੂੰ ਜਿਤਾ ਕੇ ਆਪਣੀ ਆਵਾਜ ਨੂੰ ਬੁਲੰਦ ਕੀਤਾ ਜਾ ਸਕੇ| 
ਇਸ ਸਬੰਧੀ ਸੰਪਰਕ ਕਰਨ ਤੇ ਸ੍ਰ. ਅਮਰਜੀਤ ਸਿੰਘ ਜੀਤੀ ਨੇ ਕਿਹਾ ਕਿ ਲੋਕਤੰਤਰ ਵਿੱਚ ਸਾਰਿਆਂ ਨੂੰ ਆਪਣੀ ਮਰਜੀ ਨਾਲ ਚੋਣ ਲੜਣ ਦਾ ਅਧਿਕਾਰ ਹੈ ਅਤੇ ਸ੍ਰ. ਸੋਢੀ ਦਾ ਚੋਣ ਮੈਦਾਨ ਵਿੱਚ ਸਵਾਗਤ ਹੈ| 

Leave a Reply

Your email address will not be published. Required fields are marked *