ਨਗਰ ਨਿਗਮ ਦੀ ਟੀਮ ਵਲੋਂ ਦੋ ਸ਼ੋਅਰੂਮ ਅਤੇ ਦੋ ਬੂਥ ਸੀਲ

ਐਸ ਏ ਐਸ ਨਗਰ, 18 ਦਸੰਬਰ (ਸ.ਬ.) ਨਗਰ ਨਿਗਮ ਦੀ ਟੀਮ ਵਲੋਂ ਅੱਜ ਦੋ ਬੂਥ ਅਤੇ ਦੋ ਸ਼ੋਅਰੂਮ ਸੀਲ ਕਰ ਦਿਤੇ ਗਏ|
ਨਗਰ ਨਿਗਮ ਦੀ ਟੀਮ ਵਲੋਂ ਅਧਿਕਾਰੀ ਅਵਤਾਰ ਸਿੰਘ ਕਲਸੀਆਂ ਦੀ ਅਗਵਾਈ ਵਿਚ ਕਾਰਵਾਈ ਕਰਦਿਆਂ ਫੇਜ 2 ਦਾ ਸ਼ੋਅਰੂਮ ਐਸ ਸੀ ਐਫ 35 (ਜਿੱਥੇ ਦੀਪ ਡੇਅਰੀ ਅਤੇ ਸਵੀਟਸ ਨਾਂ ਦੀ ਦੁਕਾਨ ਚੱਲ ਰਹੀ ਸੀ) ਨੂੰ ਸੀਲ ਕਰ ਦਿਤਾ| ਇਸ ਮੌਕੇ ਨਿਗਮ ਅਧਿਕਾਰੀ ਸ੍ਰੀ ਕਲਸੀਆਂ ਨੇ ਦਸਿਆ ਕਿ ਇਸ ਦੁਕਾਨ ਮਾਲਕ ਵੱਲ 76 ਹਜਾਰ ਰੁਪਏ ਨਿਗਮ ਦਾ ਬਕਾਇਆ ਸੀ, ਇਸਦੇ ਮਾਲਕ ਨੂੰ ਵਾਰ ਵਾਰ ਨੋਟਿਸ ਦੇਣ ਦੇ ਬਾਵਜੂਦ ਬਕਾਇਆ ਨਹੀਂ ਭਰਿਆ ਗਿਆ, ਜਿਸ ਕਰਕੇ ਨਿਗਮ ਦੀ ਟੀਮ ਵਲੋਂ ਅੱਜ ਇਸ ਸ਼ੋਅਰੂਮ ਨੂੰ ਸੀਲ ਕਰ ਦਿਤਾ ਗਿਆ|
ਇਸ ਦੌਰਾਨ ਟੈਕਸ ਨਾ ਭਰਨ ਕਰਕੇ ਨਿਗਮ ਟੀਮ ਵਲੋਂ ਫੇਜ 2 ਦੇ ਹੀ ਬੂਥ ਨੰਬਰ 33 ਅਤੇ 34 ਨੂੰ ਵੀ ਸੀਲ ਕੀਤਾ ਗਿਆ ਹੈ, ਇਹ ਦੋਵੇਂ ਬੂਥ ਬੰਦ ਪਏ ਸਨ| ਬੂਥ ਬੰਦ ਹੋਣ ਕਰਕੇ ਇਹਨਾਂ ਦਾ ਟੈਕਸ ਵੀ ਬਹੁਤ ਹੀ ਘੱਟ ਸੀ ਪਰ ਮਾਲਕਾਂ ਵਲੋਂ ਇਹ ਵੀ ਨਹੀਂ ਭਰਿਆ ਗਿਆ, ਜਿਸ ਕਰਕੇ ਇਹ ਬੂਥ ਵੀ ਸੀਲ ਕਰ ਦਿਤੇ ਗਏ|
ਇਸੇ ਤਰਾਂ ਨਗਰ ਨਿਗਮ ਟੀਮ ਵਲੋਂ ਫੇਜ 3 ਬੀ 1 ਵਿਖੇ ਸ਼ੋਅਰੂਮ ਨੰਬਰ 4 ਨੂੰ ਸੀਲ ਕਰ ਦਿਤਾ ਗਿਆ| ਸ੍ਰੀ ਕਲਸੀਆਂ ਨੇ ਦਸਿਆ ਕਿ ਇਸ ਸ਼ੋਅਰੂਮ ਮਾਲਕ ਵੱਲ ਕਰੀਬ 2 ਲੱਖ ਦਾ ਨਿਗਮ ਦਾ ਬਕਾਇਆ ਸੀ, ਜੋ ਕਿ ਚਾਰ ਸਾਲਾਂ ਦਾ ਬਣਦਾ ਸੀ ਪਰ ਇਸ ਸ਼ੋਅਰੂਮ ਮਾਲਕ ਵਲੋਂ ਇਹ ਬਕਾਇਆ ਨਾ ਦਿਤੇ ਜਾਣ ਕਾਰਨ ਇਸ ਸ਼ੋਅਰੂਮ ਨੂੰ ਸੀਲ ਕਰ ਦਿਤਾ ਗਿਆ|

Leave a Reply

Your email address will not be published. Required fields are marked *