ਨਗਰ ਨਿਗਮ ਦੀ ਭਲਕੇ ਹੋਣ ਵਾਲੀ ਮੀਟਿੰਗ ਵਿੱਚ ਹੋਵੇਗਾ ਪਲਾਸਟਿਕ ਦੇ ਲਿਫਾਫਿਆਂ ਤੇ ਮੁਕੰਮਲ ਪਾਬੰਦੀ ਲਾਗੂ ਕਰਨ ਅਤੇ ਵਸਨੀਕਾਂ ਵਲੋਂ ਆਪਣੇ ਘਰਾਂ ਦੇ ਬਾਹਰ ਕੀਤੇ ਕਬਜਿਆਂ ਨੂੰ ਹਟਾਉਣ ਲਈ ਕਾਰਵਾਈ ਦਾ ਫੈਸਲਾ

ਨਗਰ ਨਿਗਮ ਦੀ ਭਲਕੇ ਹੋਣ ਵਾਲੀ ਮੀਟਿੰਗ ਵਿੱਚ ਹੋਵੇਗਾ ਪਲਾਸਟਿਕ ਦੇ ਲਿਫਾਫਿਆਂ ਤੇ ਮੁਕੰਮਲ ਪਾਬੰਦੀ ਲਾਗੂ ਕਰਨ ਅਤੇ ਵਸਨੀਕਾਂ ਵਲੋਂ ਆਪਣੇ ਘਰਾਂ ਦੇ ਬਾਹਰ ਕੀਤੇ ਕਬਜਿਆਂ ਨੂੰ ਹਟਾਉਣ ਲਈ ਕਾਰਵਾਈ ਦਾ ਫੈਸਲਾ
ਸ਼ਹਿਰ ਦੇ ਵਿਕਾਸ ਕਾਰਜਾਂ ਦੇ ਸਾਢੇ ਸੱਤ ਕਰੋੜ ਦੇ ਮਤਿਆਂ ਨੂੰ ਮਿਲੇਗੀ ਪ੍ਰਵਾਨਗੀ
ਐਸ ਏ ਐਸ ਨਗਰ, 31 ਜਨਗਰੀ (ਸ.ਬ.) ਨਗਰ ਨਿਗਮ ਦੀ ਭਲਕੇ ਬਾਅਦ ਦੁਪਹਿਰ ਹੋਣ ਵਾਲੀ ਮੀਟਿੰਗ ਵਿੱਚ ਸ਼ਹਿਰ ਵਾਸੀਆਂ ਵਲੋਂ ਆਪਣੇ ਘਰਾਂ ਦੇ ਬਾਹਰ ਕੀਤੇ ਗਏ ਕਬਜਿਆਂ ਨੂੰ ਹਟਾਉਣ ਸੰਬੰਧੀ ਜਾਰੀ ਕੀਤੇ ਗਏ ਪਬਲਿਕ ਨੋਟਿਸ ਦੇ ਬਾਵਜੂਦ ਇਹ ਕਬਜੇ ਖਤਮ ਨਾ ਕਰਨ ਵਾਲੇ ਵਸਨੀਕਾਂ ਖਿਲਾਫ ਕਾਰਵਾਈ ਨੂੰ ਮੰਜੂਰੀ ਦਿੱਤੀ ਜਾਵੇਗੀ| ਇਸ ਸੰਬੰਧੀ ਪੇਸ਼ ਕੀਤੇ ਗਏ ਅਨੁਸਾਰ ਨਿਗਮ ਵਲੋਂ ਪਹਿਲਾਂ 27 ਅਗਸਤ 2018 ਨੂੰ ਅਖਬਾਰਾਂ ਵਿੱਚ ਪਬਲਿਕ ਨੋਟਿਸ ਦਿੱਤਾ ਗਿਆ ਸੀ ਜਿਸ ਵਿੱਚ ਲੋਕਾਂ ਨੂੰ ਅਪੀਲ ਕੀਤੀ ਗਈ ਸੀ ਕਿ ਉਹ ਆਪਣੇ ਘਰਾਂ ਦੇ ਸਾਮ੍ਹਣੇ ਅਤੇ ਸਾਈਡ ਤੇ ਕੀਤੇ ਗਏ ਕਬਜੇ ਖੁਦ ਹਟਾ ਲੈਣ ਪਰੰਤੂ ਇਹ ਕਬਜੇ ਇਸੇ ਤਰ੍ਹਾਂ ਬਣੇ ਹੋਏ ਹਨ| ਭਲਕੇ ਦੀ ਮੀਟਿੰਗ ਵਿੱਚ ਇਹ ਮਤਾ ਲਿਆਂਦਾ ਜਾ ਰਿਹਾ ਹੈ ਕਿ ਵਸਨੀਕਾਂ ਵਲੋਂ ਅਗਲੇ 15 ਦਿਨਾਂ ਵਿੱਚ ਇਹ ਕਬਜੇ ਖੁਦ ਨਾ ਹਟਾਉਣ ਤੇ ਕਬਜਾਕਾਰਾਂ ਨੂੰ ਪਾਲਸੀ ਅਨੁਸਾਰ ਜੁਰਮਾਨਾ ਕੀਤਾ ਜਾਵੇਗਾ ਅਤੇ ਇਹਨਾਂ ਕਬਜਿਆਂ ਨੂੰ ਨਿਗਮ ਵਲੋਂ ਖੁਦ ਹਟਾ ਕੇ ਇਹ ਸਾਰਾ ਸਾਮਾਨ ਜਬਤ ਕਰ ਲਿਆ ਜਾਵੇਗਾ|
ਇਸ ਮੀਟਿੰਗ ਵਿੱਚ ਨਗਰ ਨਿਗਮ ਦੀ ਹੱਦ ਵਿੱਚ ਪਲਾਸਟਿਕ ਦੇ ਕੈਰੀਬੈਗ ਅਤੇ ਥਰਮੋਕੋਲ ਮਟੀਰਿਅਲ ਤੋਂ ਬਣੇ ਵਨ ਟਾਈਮ ਵਰਤੋਂ ਦੇ ਸਾਰੇ ਸਾਮਾਨ ਤੇ ਪੂਰਨ ਪਾਬੰਦੀ ਲਾਗੂ ਕਰਨ ਸੰਬੰਧੀ ਮਤਾ ਵੀ ਪਾਸ ਕੀਤਾ ਜਾਵੇਗਾ| ਇਸ ਸੰਬੰਧੀ ਪੰਜਾਬ ਸਰਕਾਰ ਵਲੋਂ 18 ਫਰਵਰੀ 2016 ਨੂੰ ਨੋਟਿਫਿਕੇਸ਼ਨ ਜਾਰੀ ਕਰਕੇ ਪੰਜਾਬ ਰਾਜ ਵਿੱਚ ਪਲਾਸਟਿਕ ਕੈਰੀਬੈਗ ਦੀ ਵਰਤੋਂ ਅਤੇ ਥਰਮਾਕੋਲ ਮਟੀਰੀਅਲ ਤੋਂ ਬਣੇ ਵਨ ਟਾਈਮ ਵਰਤੋਂ ਦੇ ਸਾਰੇ ਸਾਮਾਨ ਤੇ ਮੁਕੰਮਲ ਪਾਬਦੀ ਲਗਾਈ ਗਈ ਸੀ ਜਿਸਦੇ ਤਹਿਤ ਪਲਾਸਟਿਕ ਬੈਗਾਂ ਨੂੰ ਬਣਾਉਣ, ਇਹਨਾਂ ਨੂੰ ਸਟਾਕ ਕਰਨ, ਇਸਦੀ ਵੰਡ ਕਰਨ, ਇਸਦੀ ਰੀਸਈਕਲਿੰਗ ਅਤੇ ਵਿਕਰੀ ਤੇ ਮੁਕੰਮਲ ਪਾਬੰਦੀ ਲਗਾਉਣ ਲਈ ਮਤਾ ਨਿਗਮ ਦੀ ਮੀਟਿੰਗ ਵਿੱਚ ਪੇਸ਼ ਕੀਤਾ ਜਾਵੇਗਾ|
ਮੀਟਿੰਗ ਵਿੱਚ ਨਗਰ ਨਿਗਮ ਵਲੋਂ ਸ਼ਹਿਰ ਦੇ ਵਿਕਾਸ ਕਾਰਜਾਂ ਲਈ ਸਾਢੇ ਸੱਤ ਕਰੋੜ ਰੁਪਏ ਦੇ ਐਸਟੀਮੇਟਾਂ ਨੂੰ ਵੀ ਪ੍ਰਵਾਨਗੀ ਦਿੱਤੀ ਜਾਵੇਗੀ ਜਿਸਦੇ ਤਹਿਤ ਸ਼ਹਿਰ ਦੇ ਵੱਖ ਵੱਖ ਪਾਰਕਾਂ ਅਤੇ ਗੀਨ ਬੈਲਟਾਂ ਦਾ ਰੱਖ ਰਖਾਓ ਕੀਤਾ ਜਾਂਦਾ ਹੈ| ਇਸਦੇ ਨਾਲ ਨਾਲ ਨਿਗਮ ਦੇ ਮੇਅਰ ਦੀ ਵਰਤੋਂ ਵਾਸਤੇ ਇੱਕ ਨਵੀਂ ਇਨੋਵਾ ਕਰਿੱਸਟਾ ਗੱਡੀ (ਜਿਸਦੀ ਕੀਮਤ ਲਗਭਗ 24 ਲੱਖ ਰੁਪਏ ਹੈ) ਦੀ ਖਰੀਦ ਦੇ ਮਤੇ ਨੂੰ ਵੀ ਪ੍ਰਵਾਨਗੀ ਦਿੱਤੀ ਜਾਵੇਗੀ|
ਨਗਰ ਨਿਗਮ ਦੇ ਮੇਅਰ ਸ੍ਰ. ਕੁਲਵੰਤ ਸਿੰਘ ਦੀ ਪ੍ਰਧਾਨਗੀ ਹੇਠ ਹੋਣ ਵਾਲੀ ਇਸ ਮੀਟਿੰਗ ਵਿੱਚ ਸ਼ਹਿਰ ਨੂੰ ਖੁੱਲੇ ਵਿੱਚ ਸ਼ੌਚ ਮੁਕਤ ਕਰਨ ਦਾ ਐਲਾਨ ਕਰਨ ਅਤੇ ਇਸ ਸੰਬੰਧੀ ਨਿਰਧਾਰਤ ਮਾਪਦੰਡ ਲਾਗੂ ਕਰਨ, ਸ਼ਹਿਰ ਨੂੰ ਗਾਰਬੈਜ ਫ੍ਰੀ ਸਿਟੀ ਸਟਾਰ 2 ਐਲਾਨ ਕਰਨ, ਨਗਰ ਨਿਗਮ ਦੀ ਹੱਦ ਵਿੱਚ ਚਲ ਰਹੇ ਪਬਲਿਕ/ਕਮਿਊਨਿਟੀ ਟਾਇਲਟ ਬਲਾਕਾਂ ਦੀ ਦੇਖਭਾਲ ਲਈ ਕੀਤੀ ਗਈ ਅਲਾਟਮੈਂਟ ਦੀ ਰਕਮ ਨੂੰ 3,98,34,600 ਤੋਂ ਵਧਾ ਕੇ 4,52,56,540 ਰੁਪਏ ਕਰਨ, ਸਰਕਾਰ ਵਲੋਂ ਨਿਰਧਾਰਤ ਕੀਤੇ ਰੇਟਾਂ ਅਨੁਸਾਰ ਪਾਰਕਾਂ ਦੀ ਦੇਖਭਾਲ ਦਾ ਕੰਮ ਅਲਾਟ ਕਰਨ ਦੇ ਤਹਿਤ ਫੇਜ਼ 5 ਦੇ ਪਾਰਕ ਨੰਬਰ 34 ਦਾ ਕੰਮ ਭਾਈ ਘਨਈਆ ਜੀ ਵੈਲਫੇਅਰ ਸੁਸਾਇਟੀਨੂੰ, ਫੇਜ਼ 5 ਦੇ ਪਾਰਕ ਨੰਬਰ 40 ਦਾ ਕੰਮ ਸ੍ਰੀ ਹਰਿ ਮੰਦਰ ਸੰਕੀਰਤਨ ਸਭਾ ਫੇਜ਼ 5 ਨੂੰ, ਅਤੇ ਫੇਜ਼ 10 ਦੇ ਪਾਰਕ ਨੰਬਰ 35 ਦਾ ਕੰਮ ਕੰਨਫਡਰੇਸ਼ਨ ਆਫ ਗ੍ਰੇਟਰ ਮੁਹਾਲੀ ਰੈਜੀਡੈਂਟ ਵੈਲਫੇਅਰ ਐਸੋਸੀਏਸ਼ਨ ਨੂੰ ਅਲਾਟ ਕਰਨ, ਸਾਲਿਡ ਵੇਸਟ ਮੈਨੇਜਮੈਂਟ ਅਤੇ ਸੈਨੀਟੇਸ਼ਨ ਦੇ ਐਕਸ਼ਨ ਪਲਾਨ ਨੂੰ ਪ੍ਰਵਾਨਗੀ ਦੇਣ, ਏ ਬੀ ਸੀ ਪ੍ਰੋਗਰਾਮ ਤਹਿਤ ਆਵਾਰਾ ਕੁੱਤਿਆਂ/ਕੁੱਤੀਆਂ ਦੀ ਨਸਬੰਦੀ/ਨਲਬੰਦੀ ਦੇ ਕੰਮ ਦੀ ਮਿਆਦ ਵਿਚ ਕੀਤੇ ਵਾਧੇ ਨੂੰ ਪ੍ਰਵਾਨਗੀ ਦੇਣ, ਗਊਸ਼ਾਲਾ ਦਾ ਬਿਜਲੀ ਦਾ ਬਿਲ ਅਦਾ ਕਰਨ ਸਮੇਤ ਨਿਗਮ ਦੇ ਕਰਮਚਾਰੀਆਂ ਨਾਲ ਸੰਬੰਧਿਤ ਮਤੇ ਵੀ ਲਿਆਂਦੇ ਜਾ ਰਹੇ ਹਨ|

Leave a Reply

Your email address will not be published. Required fields are marked *