ਨਗਰ ਨਿਗਮ ਦੀ ਮੀਟਿੰਗ ਭਲਕੇ, 13 ਕਰੋੜ ਰੁਪਏ ਦੇ ਵਿਕਾਸ ਕਾਰਜਾਂ ਦੇ ਮਤੇ ਪੇਸ਼ ਹੋਣਗੇ

ਨਗਰ ਨਿਗਮ ਦੀ ਮੀਟਿੰਗ ਭਲਕੇ, 13 ਕਰੋੜ ਰੁਪਏ ਦੇ ਵਿਕਾਸ ਕਾਰਜਾਂ ਦੇ ਮਤੇ ਪੇਸ਼ ਹੋਣਗੇ
ਸ਼ਹਿਰ ਦੀਆਂ ਮਾਰਕੀਟਾਂ ਦੇ ਬੁਨਿਆਦੀ ਢਾਂਚੇ ਦੇ ਵਿਕਾਸ ਲਈ 7.31 ਕਰੋੜ ਰੁਪਏ ਖਰਚ ਕਰੇਗਾ ਨਿਗਮ

ਆਵਾਰਾ ਪਸ਼ੂਆਂ ਨੂੰ ਫੜਣ ਦਾ ਕੰਮ ਠੇਕੇ ਤੇ ਦੇਣ ਦੀ ਤਿਆਰੀ
ਐਸ ਏ ਐਸ ਨਗਰ, 29 ਅਗਸਤ (ਸ.ਬ.) ਨਗਰ ਨਿਗਮ ਦੀ ਭਲਕੇ ਹੋਣ ਵਾਲੀ ਮੀਟਿੰਗ ਵਿੱਚ ਨਿਗਮ ਵਲੋਂ ਸ਼ਹਿਰ ਦੀਆਂ ਮਾਰਕੀਟਾਂ ਦੇ ਬੁਨਿਆਦੀ ਢਾਂਚੇ ਦੇ ਵਿਕਾਸ ਲਈ ਲਗਭਗ ਸਵਾ ਸੱਤ ਕਰੋੜ ਰੁਪਏ ਦੇ ਮਤੇ ਲਿਆਂਦੇ ਜਾ ਰਹੇ ਹਨ| ਜਿਕਰਯੋਗ ਹੈ ਕਿ ਬੀਤੇ ਦਿਨੀਂ ਵਪਾਰ ਮੰਡਲ ਦੇ ਇੱਕ ਵਫਦ ਨਾਲ ਮਲਾਕਾਤ ਦੌਰਾਨ ਮੇਅਰ ਸ੍ਰ. ਕੁਲਵੰਤ ਸਿੰਘ ਵਲੋਂ ਸ਼ਹਿਰ ਦੀਆਂ ਮਾਰਕੀਟਾਂ ਦੇ ਬੁਨਿਆਦੀ ਢਾਂਚੇ ਦੇ ਵਿਕਾਸ ਅਤੇ ਸੁੰਦਰੀਕਰਨ ਲਈ 5 ਕਰੋੜ ਰੁਪਏ ਖਰਚ ਕਰਨ ਦਾ ਵਾਇਦਾ ਕੀਤਾ ਗਿਆ ਸੀ ਅਤੇ ਹੁਣ ਨਿਗਮ ਦੀ ਮੀਟਿੰਗ ਵਿੱਚ ਮਾਰਕੀਟਾਂ ਦੇ ਵਿਕਾਸ ਲਈ ਸਵਾ ਸੱਤ ਕਰੋੜ ਰੁਪਏ ਦੇ ਮਤੇ ਲਿਆਂਦੇ ਗਏ ਹਨ|
ਨਗਰ ਨਿਗਮ ਦੇ ਮੇਅਰ ਸ. ਕੁਲਵੰਤ ਸਿੰਘ ਦੀ ਪ੍ਰਧਾਨਗੀ ਹੇਠ ਭਲਕੇ ਬਾਅਦ ਦੁਪਹਿਰ ਹੋਣ ਵਾਲੀ ਮੀਟਿੰਗ ਵਿੱਚ ਪੇਸ਼ ਕੀਤੇ ਜਾਣ ਵਾਲੇ ਮਤਿਆਂ ਵਿੱਚ ਫੇਜ਼ 9 ਦੀ ਮਾਰਕੀਟ ਲਈ 154 ਲੱਖ, ਫੇਜ਼ 10 ਦੀ ਮਾਰਕੀਟ ਲਈ 98 ਲੱਖ, ਫੇਜ਼ 11 ਦੀ ਮਾਰਕੀਟ ਲਈ 96.29 ਲੱਖ, ਫੇਜ਼ 7 ਦੀ ਮਾਰਕੀਟ ਲਈ 98.27 ਲੱਖ, ਫੇਜ਼ 5 ਦੀ ਮਾਰਕੀਟ ਲਈ 146 ਲੱਖ ਅਤੇ ਫੇਜ਼ 3 ਬੀ 2 ਦੀ ਮਾਰਕੀਟ ਲਈ 139 ਲੱਖ ਰੁਪਏ ਖਰਚਣ ਦੀ ਤਜਵੀਜ ਹੈ| ਇਸ ਤੋਂ ਇਲਾਵਾ ਨਿਗਮ ਵਲੋਂ ਸੈਕਟਰ 67-68 ਅਤੇ ਸੈਕਟਰ 68-69 ਦੀਆਂ ਡਿਵਾਈਡਿੰਗ ਸੜਕਾਂ ਅਤੇ ਅੰਬ ਸਾਹਿਬ ਚੌਂਕ ਤੋਂ ਬਾਵਾ ਵਾਈਟ ਹਾਊਸ ਤਕ ਦੀ ਸੜਕ ਦੀ ਹਾਲਤ ਵਿੱਚ ਸੁਧਾਰ ਲਈ 3.65 ਕਰੋੜ ਰੁਪਏ ਖਰਚਣ ਦੀ ਤਜਵੀਜ ਹੈ| ਇਸਦੇ ਨਾਲ ਨਾਲ ਸ਼ਹਿਰ ਵਿੱਚ ਵੱਖੋ ਵੱਖਰੀਆਂ ਥਾਵਾਂ ਤੇ ਬਰਸਾਤੀ ਪਾਣੀ ਦੀਆਂ ਨਿਕਾਸੀ ਲਾਈਨਾਂ ਦੀ ਮੁਰੰਮਤ ਅਤੇ ਮੇਨ ਹੋਲਾਂ ਦੀ ਉਸਾਰੀ ਲਈ ਲਗਭਗ ਇੱਕ ਕਰੋੜ ਰੁਪਏ ਖਰਚ ਕਰਨ ਦਾ ਮਤਾ ਲਿਆਂਦਾ ਗਿਆ ਹੈ|
ਸ਼ਹਿਰ ਵਿੱਚ ਲਗਾਤਾਰ ਵੱਧਦੀ ਆਵਾਰਾ ਪਸ਼ੂਆਂ ਦੀ ਸਮੱਸਿਆ ਦੇ ਹੱਲ ਲਈ ਨਗਰ ਨਿਗਮ ਵਲੋਂ ਸ਼ਹਿਰ ਵਿੱਚ ਘੁੰਮਦੇ ਆਵਾਰਾ ਪਸ਼ੂਆਂ ਨੂੰ ਫੜਣ ਦਾ ਕੰਮ ਠੇਕੇ ਤੇ ਦੇਣ ਲਈ ਮਤਾ ਲਿਆਂਦਾ ਗਿਆ ਹੈ| ਇਸਦੇ ਨਾਲ ਹੀ ਸ਼ਹਿਰ ਦੇ ਨਾਲ ਲੱਗਦੇ ਪਿੰਡਾਂ ਦੇ ਵਸਨੀਕਾਂ ਵਲੋਂ ਨਿਗਮ ਦੀ ਹਦੂਦ ਵਿੱਚ ਚਰਨ ਲਈ ਛੱਡੇ ਜਾਂਦੇ ਪਸ਼ੂਆਂ ਦੀ ਸਮੱਸਿਆ ਤੇ ਕਾਬੂ ਕਰਨ ਲਈ ਨਿਗਮ ਦੀ ਹੱਦ ਅੰਦਰੋਂ ਫੜੇ ਜਾਂਦੇ ਆਵਾਰਾ ਪਸ਼ੂਆਂ ਨੂੰ ਛੁੜਾਉਣ ਆਏ ਪਸ਼ੂ ਮਾਲਕਾਂ ਤੋਂ ਵਸੂਲੇ ਜਾਂਦੇ ਜੁਰਮਾਨੇ ਦੀ ਰਕਮ ਨੂੰ 5000 ਤੋਂ ਵਧਾ ਕੇ 20000 ਕਰਨ ਅਤੇ ਇਹਨਾਂ ਪਸ਼ੂਆਂ ਦੇ ਚਾਰੇ ਦੀ ਰਕਮ ਨੂੰ 100 ਰੁਪਏ ਰੋਜਾਨਾਂ ਤੋਂ ਵਧਾ ਕੇ 500 ਰੁਪਏ ਰੋਜਾਨਾ ਕਰਨ ਦਾ ਮਤਾ ਲਿਆਂਦਾ ਗਿਆ ਹੈ| ਸ਼ਹਿਰ ਵਿੱਚ ਘੁੰਮਦੇ ਆਵਾਰਾ ਕੁੱਤਿਆਂ ਦੀ ਰੋਕਥਾਮ ਲਈ ਇੱਕ ਨਵੀਂ ਡਾਗ ਕੈਚਰ ਗੱਡੀ ਦੀ ਖਰੀਦ ਕਰਨ ਦਾ ਵੀ ਮਤਾ ਲਿਆਂਦਾ ਗਿਆ ਹੈ|
ਮੀਟਿੰਗ ਵਿੱਚ ਸ਼ਹਿਰ ਦੀਆਂ ਵੱਖ ਵੱਖ ਭਲਾਈ ਐਸੋਸੀਏਸ਼ਨਾਂ ਨੂੰ ਰਿਹਾਇਸ਼ੀ ਖੇਤਰ ਵਿਚਲੇ ਪਾਰਕਾਂ ਦੀ ਸਾਂਭ ਸੰਭਾਲ ਦਾ ਕੰਮ ਦੇਣ ਸੰਬੰਧੀ ਇਕਰਾਰਨਾਮੇ ਕਰਨ ਦਾ ਵੀ ਮਤਾ ਲਿਆਂਦਾ ਗਿਆ ਹੈ| ਇਹਨਾਂ ਐਸੋਸੀਏਸ਼ਨਾਂ ਨੂੰ ਨਿਗਮ ਵਲੋਂ ਸਰਕਾਰ ਦੀਆਂ ਹਿਦਾਇਤਾਂ ਅਨੁਸਾਰ 2.45 ਰੁਪਏ ਪ੍ਰਤੀ ਵਰਗ ਮੀਟਰ ਹਿਸਾਬ ਨਾਲ ਅਦਾਇਗੀ ਵੀ ਕੀਤੀ ਜਾਵੇਗੀ|

Leave a Reply

Your email address will not be published. Required fields are marked *