ਨਗਰ ਨਿਗਮ ਦੀ ਮੀਟਿੰਗ ਵਿੱਚ ਵੱਡੀ ਗਿਣਤੀ ਮਤੇ ਸਰਵਸੰਮਤੀ ਨਾਲ ਪਾਸ, ਕਮਿਉਨਿਟੀ ਸੈਂਟਰਾਂ ਦੀ ਮੁਫਤ ਸੁਵਿਧਾ ਸੰਬੰਧੀ ਮਤੇ ਹੋਏ ਪੈਂਡਿੰਗ

ਐਸ ਏ ਐਸ ਨਗਰ, 27 ਨਵੰਬਰ (ਸ.ਬ.) ਨਗਰ ਨਿਗਮ ਐਸ ਏ ਐਸ ਨਗਰ ਦੀ ਅੱਜ ਮੇਅਰ ਸ੍ਰ. ਕੁਲਵੰਤ ਸਿੰਘ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਵਿੱਚ ਜਿੱਥੇ ਕਈ ਮਤਿਆਂ ਤੇ ਖੁੱਲੀ ਬਹਿਸ ਹੋਈ ਉੱਥੇ ਜਿਆਦਾਤਰ ਮਤੇ ਅਜਿਹੇ ਸਨ ਜਿਹੜੇ ਬਿਨਾ ਪੜ੍ਹੇ ਹੀ ਪਾਸ ਕਰ ਦਿੱਤੇ ਗਏ| ਇਸ ਦੌਰਾਨ ਨਿਗਮ ਵਲੋਂ ਪੌਣੇ ਦੋ ਕਰੋੜ ਰੁਪਏ ਦੀ ਲਾਗਤ ਨਾਲ ਖਰੀਦੀ ਗਈ ਪਰੂਮਿੰਗ ਮਸ਼ੀਨ ਦਾ ਮੁੱਦਾ ਵੀ ਕਾਫੀ ਚਰਚਾ ਦਾ ਵਿਸ਼ਾ ਰਿਹਾ| ਸ਼ਹਿਰ ਦੇ ਪਾਰਕਾਂ ਦੀ ਮਾੜੀ ਹਾਲਤ, ਸਫਾਈ ਵਿਵਸਥਾ ਵਿੱਚ ਆ ਰਹੇ ਨਿਘਾਰ ਅਤੇ ਹੋਰਨਾਂ ਮੁੱਦਿਆਂ ਬਾਰੇ ਵੀ ਭਰਵੀਂ ਬਹਿਸ ਹੋਈ ਅਤੇ ਇਹ ਸਾਰੇ ਮਤੇ ਇੱਕ ਇੱਕ ਕਰਕੇ ਪਾਸ ਕੀਤੇ ਜਾਂਦੇ ਰਹੇ|
ਮੀਟਿੰਗ ਦੀ ਸ਼ੁਰੂਆਤ ਵਿੱਚ ਬੀਤੇ ਦਿਨ ਹੋਈ ਮੇਅਰ ਸ੍ਰ. ਕੁਲਵੰਤ ਸਿੰਘ ਦੀ ਭੈਣ ਅਤੇ ਕੌਂਸਲਰ ਸਰਬਜੀਤ ਸਿੰਘ ਸਮਾਣਾ ਦੀ ਭੂਆ ਮਾਤਾ ਪਿਆਰੀ ਕੌਰ ਅਤੇ ਕੌਂਸਲਰ ਰਵਿੰਦਰ ਸਿੰਘ ਬਿੰਦਰਾ ਦੇ ਭਤੀਜੇ ਕਾਕਾ ਮਨਰਾਜ ਸਿੰਘ ਦੀ ਬੇਵਕਤੀ ਮੌਤ ਤੇ ਵਿਛੜੀਆਂ ਆਤਮਾਵਾਂ ਨੂੰ ਦੋ ਮਿਟ ਦਾ ਮੌਨ ਰੱਖ ਕੇ ਸ਼ਰਧਾਂਜਲੀ ਦਿੱਤੀ ਗਈ| ਇਸਤੋਂ ਬਾਅਦ ਮੇਅਰ ਸ੍ਰ. ਕੁਲਵੰਤ ਸਿੰਘ ਵਲੋਂ ਨਗਰ ਨਿਗਮ ਦੇ ਕਮਿਸ਼ਨਰ ਸ੍ਰ. ਸੰਦੀਪ ਹੰਸ ਦੇ ਨਿਗਮ ਦੀ ਮੀਟਿੰਗ ਵਿੱਚ ਪਹਿਲੀ ਵਾਰ ਸ਼ਾਮਿਲ ਹੋਣ ਮੌਕੇ ਕੌਂਸਲਰਾਂ ਨਾਲ ਉਹਨਾਂ ਦੀ ਜਾਣ ਪਛਾਣ ਕਰਵਾਉਂਦਿਆਂ ਉਹਨਾਂ ਨੂੰ ਨਿਗਮ ਦੇ ਚੁਣੇ ਹੋਏ ਨੁਮਾਇੰਦਿਆਂ ਵਲੋਂ ਦੱਸੇ ਕੰਮ ਪਹਿਲ ਦੇ ਆਧਾਰ ਤੇ ਕਰਨ ਅਤੇ ਨਿਗਮ ਦੇ ਸਟਾਫ ਵਲੋਂ ਸ਼ਹਿਰ ਦੇ ਚੁਣੇ ਹੋਏ ਨੁਮਾਇੰਦਿਆਂ ਦਾ ਸਤਿਕਾਰ ਯਕੀਨੀ ਕਰਨ ਲਈ ਕਿਹਾ ਗਿਆ ਜਿਸਤੇ ਕਮਿਸ਼ਨਰ ਸ੍ਰ. ਹੰਸ ਨੇ ਭਰੋਸਾ ਦਿੱਤਾ ਕਿ ਨਿਗਮ ਦੇ ਸਮੂਹ ਕਰਮਚਾਰੀ ਅਤੇ ਅਧਿਕਾਰੀ ਕੌਂਸਲਰਾਂ ਵਲੋਂ ਦੱਸੇ ਕੰਮ ਖਿੜੇ ਮੱਥੇ ਪ੍ਰਵਾਨ ਕਰਣਗੇ|
ਮੀਟਿੰਗ ਦੀ ਸ਼ੁਰੂਆਤ ਹੋਣ ਸਾਰ ਹੀ ਕੌਂਸਲਰ ਪਰਮਜੀਤ ਸਿੰਘ ਕਾਹਲੋਂ ਨੇ ਦਰਖਤਾਂ ਦੀ ਕਟਾਈ ਛਟਾਈ ਲਈ ਜਰਮਨੀ ਤੋਂ ਖਰੀਦੀ ਗਈ ਪੌਣੇ ਦੋ ਕਰੋੜ ਰੁਪਏ ਦੀ ਮਸ਼ੀਨ ਦਾ ਮੁੱਦਾ ਚੁੱਕਦਿਆਂ ਕਿਹਾ ਕਿ ਹਾਉਸ ਨੂੰ ਇਸ ਬਾਰੇ ਪੂਰੀ ਜਾਣਕਾਰੀ ਵਿਸਥਾਰ ਸਹਿਤ ਦਿੱਤੀ ਜਾਵੇ| ਇਸ ਸੰਬੰਧੀ ਮੇਅਰ ਨੇ ਦੱਸਿਆ ਕਿ ਇਹ ਮਸ਼ੀਨ ਆ ਚੁੱਕੀ ਹੈ ਪਰੰਤੂ ਸਰਕਾਰ ਵਲੋਂ ਇਸ ਸੰਬੰਧੀ ਕੁੱਝ ਇਤਰਾਜ ਦਿੱਤੇ ਗਏ ਹਨ| ਉਹਨਾਂ ਕਿਹਾ ਕਿ ਇਸ ਮਸ਼ੀਨ ਦੀ ਖਰੀਦ ਦਾ ਫੈਸਲਾ ਹਾਊਸ ਵਲੋਂ ਕੀਤਾ ਗਿਆ ਸੀ ਅਤੇ ਕੌਂਸਲਰਾਂ ਵਲੋਂ ਮਤਾ ਪਾਸ ਕਰਨ ਉਪਰੰਤ ਸਰਕਾਰ ਵਲੋਂ ਇਸ ਮਤੇ ਨੂੰ ਪ੍ਰਵਾਨਗੀ ਵੀ ਦੇ ਦਿੱਤੀ ਗਈ ਸੀ ਅਤੇ ਮਸ਼ੀਨ ਲਈ ਨਿਗਮ ਵਲੋਂ ਐਡਵਾਂਸ ਵੀ ਦੇ ਦਿੱਤਾ ਗਿਆ ਸੀ ਪਰੰਤੂ ਹੁਣ ਵਿਭਾਗ ਦੇ ਅਧਿਕਾਰੀਆਂ ਵਲੋਂ ਇਸਦੀ ਖਰੀਦ ਤੇ ਇਤਰਾਜ ਕੀਤੇ ਜਾ ਰਹੇ ਹਨ ਅਤੇ ਇਸ ਮਸ਼ੀਨ ਦੀ ਖਰੀਦ ਦਾ ਮਾਮਲਾ ਫਾਈਲਾਂ ਵਿੱਚ ਉਲਝ ਗਿਆ ਹੈ| ਉਹਨਾਂ ਕਿਹਾ ਕਿ ਅਧਿਕਾਰੀ ਕਹਿੰਦੇ ਹਨ ਕਿ ਇਹ ਮਸ਼ੀਨ ਦੀ ਕੀਮਤ ਵੱਧ ਹੈ ਪਰ ਜੇਕਰ ਅਸੀਂ ਚੰਗੀ ਮਸ਼ੀਨ ਲੈਣੀ ਹੈ ਤਾਂ ਕੀਮਤ ਵੀ ਚੰਗੀ ਹੀ ਦੇਣੀ ਪੈਣੀ ਹੈ| ਇਸ ਮੌਕੇ ਕੌਂਸਲਰ ਸੁਖਦੇਵ ਸਿੰਘ ਨੇ ਪੁੱਛਿਆ ਕਿ ਨਿਗਮ ਦੇ ਅਧਿਕਾਰੀ ਤਾਂ ਕਹਿੰਦੇ ਹਨ ਕਿ ਦਰਖਤਾਂ ਦੀ ਕਟਾਈ ਦਾ ਕੰਮ ਗਮਾਡਾ ਨੇ ਕਰਨਾ ਹੈ ਅਤੇ ਇਹ ਦੱਸਿਆ ਜਾਵੇ ਕਿ ਇਹ ਕੰਮ ਨਿਗਮ ਦਾ ਹੈ ਜਾਂ ਗਮਾਡਾ ਦਾ ਜਿਸਤੇ ਮੇਅਰ ਨੇ ਕਿਹਾ ਕਿ ਇਹ ਕੰਮ ਨਿਗਮ ਦਾ ਹੀ ਹੈ|
ਕੌਂਸਲਰ ਆਰ ਪੀ ਸ਼ਰਮਾ ਨੇ ਇਸ ਮੌਕੇ ਕਿਹਾ ਕਿ ਸਰਕਾਰ ਜਾਣ ਬੁੱਝ ਕੇ ਸ਼ਹਿਰ ਦੇ ਕੰਮਾਂ ਵਿੱਚ ਰੁਕਾਵਟ ਪਾ ਰਹੀ ਹੈ| ਉਹਨਾਂ ਕਿਹਾ ਕਿ ਸਵੱਛ ਭਾਰਤ ਸਰਵੇ ਲਈ ਤਿੰਨ ਮਹੀਨੇ ਪਾਸ ਕੀਤਾ 20 ਟਾਇਲਟ ਬਣਾਉਣ ਦਾ ਮਤਾ ਵੀ ਸਰਕਾਰੀ ਫਾਇਲਾਂ ਵਿੱਚ ਰੁਕਿਆ ਹੋਇਆ ਹੈ| ਇਸ ਮੌਕੇ ਕਮਿਸ਼ਨਰ ਸ੍ਰੀ ਸੰਦੀਪ ਹੰਸ ਨੇ ਕਿਹਾ ਕਿ ਉਹਨਾਂ ਦੀ ਜਾਣਕਾਰੀ ਅਨੁਸਾਰ ਇਹ ਮਸਲੇ ਡਾਇਰੈਕਟਰ ਦੇ ਲੈਵਲ ਤੇ ਪੈਂਡਿੰਗ ਹਨ ਅਤੇ ਉਹ ਇਸ ਸੰਬੰਧੀ ਖੁਦ ਉੱਚ ਅਧਿਕਾਰੀਆਂ ਨਾਲ ਗੱਲ ਕਰਕੇ ਇਹਨਾਂ ਦੇ ਹਲ ਦੀ ਕੋਸ਼ਿਸ਼ ਕਰਣਗੇ|
ਇਸ ਮੌਕੇ ਕੌਂਸਲਰ ਭਾਰਤ ਭੂਸ਼ਣ ਮੈਣੀ ਨੇ ਸ਼ਹਿਰ ਦੇ ਪਾਰਕਾਂ ਦੀ ਬਦਹਾਲੀ ਦਾ ਮੁੱਦਾ ਚੁੱਕਦਿਆਂ ਕਿਹਾ ਕਿ ਪਾਰਕਾਂ ਦਾ ਕੰਮ ਪੂਰੀ ਤਰ੍ਹਾਂ ਰੁਕ ਗਿਆ ਹੈ| ਇਸ ਮੌਕੇ ਮੇਅਰ ਨੇ ਕਿਹਾ ਕਿ ਸਰਕਾਰ ਵਲੋਂ ਪਾਰਕਾਂ ਦੇ ਠੇਕੇ ਤੇ ਇਤਰਾਜ ਜਾਹਿਰ ਕਰਦਿਆਂ ਇਸ ਵਿੱਚ ਕਟੌਤੀਆਂ ਕੀਤੀਆਂ ਗਈਆਂ ਹਨ| ਉਹਨਾਂ ਕਿਹਾ ਕਿ ਨਿਗਮ ਨੇ ਗਮਾਡਾ ਦੇ ਪੈਟਰਨ ਤੇ ਠੇਕਾ ਦਿੱਤਾ ਸੀ ਜਦੋਂਕਿ ਸਰਕਾਰ ਵਲੋਂ ਚੰਡੀਗੜ੍ਹ ਪੈਟਰਨ ਦੇ ਆਧਾਰ ਤੇ ਠੇਕਾ ਕਰਨ ਦੀ ਗੱਲ ਕਹੀ ਗਈ ਹੈ| ਉਹਨਾਂ ਕਿਹਾ ਕਿ ਠੇਕੇਦਾਰ ਵਲੋਂ ਪਹਿਲਾਂ ਬਿਲ ਨਾ ਦਿੱਤੇ ਜਾਣ ਕਾਰਨ ਵੀ ਉਸਦੀ ਅਦਾਇਗੀ ਨਹੀਂ ਹੋਈ| ਕੌਂਸਲਰ ਗੁਰਮੁਖ ਸਿੰਘ ਸੋਹਲ ਨੇ ਕਿਹਾ ਕਿ ਜੇਕਰ ਸਰਕਾਰ ਨੇ ਇਸ ਤਰ੍ਹਾਂ ਰੋਕਾਂ ਲਾਉਣੀਆਂ ਹਨ ਤਾਂ ਫਿਰ ਸਰਕਾਰ ਹੀ ਸਾਰਾ ਕੁੱਝ ਕਰ ਲਵੇ| ਉਹਨਾਂ ਕਿਹਾ ਕਿ ਜੇਕਰ ਸਰਕਾਰ ਸਾਨੂੰ ਸੁਵਿਧਾਵਾਂ ਨਹੀਂ ਦੇ ਸਕਦੀ ਤਾਂ ਸਾਨੂੰ ਆਪਣੇ ਢੰਗ ਨਾਲ ਕੰਮ ਤਾਂ ਕਰਨ ਦੇਵੇ| ਕੌਂਸਲਰ ਬੌਬੀ ਕੰਬੋਜ ਨੇ ਸ਼ਹਿਰ ਦੇ ਪਾਰਕਾਂ ਵਿੱਚ ਖੜ੍ਹੀਆਂ ਝਾੜੀਆਂ ਦਾ ਮੁੱਦਾ ਚੁੱਕਿਆ|
ਇਸ ਮੌਕੇ ਕੌਂਸਲਰ ਰਾਜਿੰਦਰ ਸਿੰਘ ਰਾਣਾ ਨੇ ਸਰਕਾਰ ਉੱਪਰ ਜਿੰਮੇਵਾਰੀ ਸੁੱਟਣ ਦੀ ਨਿਖੇਧੀ ਕਰਦਿਆਂ ਕਿਹਾ ਕਿ ਨਿਗਮ ਨੂੰ ਆਪਣੀ ਕਾਰਗੁਜਾਰੀ ਵੱਲ ਧਿਆਨ ਦੇਣਾ ਚਾਹੀਦਾ ਹੈ| ਉਹਨਾਂ ਕਿਹਾ ਕਿ ਤਿੰਨ ਮਹੀਨੇ ਬਾਅਦ ਤਾਂ ਅੱਜ ਮੀਟਿੰਗ ਬੁਲਾਈ ਗਈ ਹੈ ਅਤੇ ਆਪਣੀਆਂ ਗਲਤੀਆਂ ਤੇ ਪਰਦਾ ਪਾਉਣ ਲਈ ਸਰਕਾਰ ਤੇ ਨਜਲਾ ਨਾ ਸੁੱਟਿਆ ਜਾਵੇ| ਡਿਪਟੀ ਮੇਅਰ ਸ੍ਰ. ਮਨਜੀਤ ਸਿੰਘ ਸੇਠੀ ਨੇ ਇਸ ਮੌਕੇ ਕਿਹਾ ਕਿ ਠੇਕੇਦਾਰ ਦੀ ਜਿੰਮੇਵਾਰੀ ਹੈ ਕਿ ਉਹ ਆਪਣੀ ਲੇਬਰ ਨੂੰ ਤਨਖਾਹ ਦੇਵੇ ਅਤੇ ਇਸਦਾ ਨਿਗਮ ਦੀ ਅਦਾਇਗੀ ਨਾਲ ਕੋਈ ਸੰਬੰਧ ਨਹੀਂ ਹੈ| ਇਸ ਮੌਕੇ ਮੇਅਰ ਨੇ ਕਿਹਾ ਕਿ ਪਹਿਲਾਂ ਤਾਂ ਠੇਕੇਦਾਰ ਵਲੋਂ ਬਿਲ ਨਹੀਂ ਦਿੱਤੇ ਗਏ ਅਤੇ ਬਾਅਦ ਵਿੱਚ ਜਦੋਂ ਬਿਲ ਜਮਾਂ ਕਰਵਾਏ ਹਨ ਤਾਂ ਉਹਨਾਂ ਨੂੰ ਠੇਕੇ ਦੀਆਂ ਸ਼ਰਤਾਂ ਅਨੁਸਾਰ ਕੌਂਸਲਰਾਂ ਤੋਂ ਤਸਦੀਕ ਨਹੀਂ ਕਰਵਾਇਆ ਗਿਆ ਹੈ| ਕੌਂਸਲਰ ਉਪਿੰਦਰ ਪ੍ਰੀਤ ਕੌਰ ਨੇ ਦਰਖਤਾਂ ਦੇ ਹੱਦ ਤੋਂ ਵੱਧ ਉੱਚੇ ਹੋਣ ਦਾ ਮੁੱਦਾ ਚੁੱਕਿਆ ਅਤੇ ਕੌਂਸਲਰ ਹਰਦੀਪ ਸਿੰਘ ਸਰਾਓ ਨੇ ਦਰਖਤਾਂ ਦੀਆਂ ਜੜ੍ਹਾਂ ਕਾਰਨ ਸੀਵਰ ਅਤੇ ਪਾਣੀ ਦੀਆਂ ਲਾਈਨਾਂ ਨੂੰ ਹੁੰਦੇ ਨੁਕਸਾਨ ਦਾ ਮੁੱਦਾ ਚੁੱਕਿਆ| ਕੌਂਸਲਰ ਹਰਪਾਲ ਚੰਨਾ ਨੇ ਗੁਰਦੁਆਰਾ ਸਿੰਘ ਸ਼ਹੀਦਾਂ ਦੇ ਸਾਮਣੇ ਪੈਂਦੀ ਸੈਕਟਰ 689 ਦੀ ਖਾਲੀ ਪਈ ਜਮੀਨ ਵਿੱਚ ਉੱਗੇ ਜੰਗਲ ਨੂੰ ਸਾਫ ਕਰਵਾਉਣ ਦੀ ਮੰਗ ਕਰਦਿਆਂ ਕਿਹਾ ਕਿ ਇੱਥੇ ਕਤਲ ਦੀਆਂ ਦੋ ਵਾਰਦਾਤਾਂ ਵੀ ਹੋ ਚੁੱਕੀਆਂ ਹਨ ਅਤੇ ਇਸਨੂੰ ਨਿਗਮ ਵਲੋਂ ਸਾਫ ਕਰਵਾਇਆ ਜਾਵੇ|
ਮੀਟਿੰਗ ਵਿੱਚ ਗਮਾਡਾ ਦੇ ਕਰਮਚਾਰੀਆਂ ਨੂੰ ਕਮਿਊਨਿਟੀ ਸੈਂਟਰਾਂ ਦੀ ਮੁਫਤ ਸੁਵਿਧਾ ਜਾਰੀ ਰੱਖਣ, ਸਮਾਜਸੇਵੀ ਜੱਥਬੰਦੀਆਂ ਨੂੰ ਸਮਾਜ ਭਲਾਈ ਦੇ ਕੰਮ ਲਈ ਇਹ ਸੈਂਟਰ ਮੁਹਈਆ ਕਰਵਾਉਣ ਦਾ ਮਤਾ ਪੈਂਡਿੰਗ ਕਰ ਦਿੱਤਾ ਗਿਆ| ਇਸ ਮੌਕੇ ਮੇਅਰ ਨੇ ਕਿਹਾ ਕਿ ਸਮਾਜ ਭਲਾਈ ਦੇ ਕੰਮਾਂ ਲਈ ਕਮਿਊਨਿਟੀ ਸੈਂਟਰਾਂ ਦੀ ਵਰਤੋਂ ਦੀ ਇਜਾਜਤ ਮਿਲਣੀ ਚਾਹੀਦੀ ਹੈ ਪਰੰਤੂ ਅਸੀਂ ਇਹਨਾਂ ਨੂੰ ਸਿਰਫ ਜੰਜ ਘਰ ਬਣਾ ਕੇ ਰੱਖ ਦਿੱਤਾ ਹੈ ਅਤੇ ਇਸ ਸੰਬੰਧੀ ਅਗਲੀ ਮੀਟਿੰਗ ਵਿੱਚ ਮਤਾ ਲਿਆ ਕੇ ਵਿਚਾਰ ਕੀਤਾ ਜਾਵੇਗਾ| ਇਸ ਮੌਕੇ ਕੌਂਸਲਰ ਤਰਨਜੀਤ ਕੌਰ ਗਿੱਲ ਵਲੋਂ ਫੇਜ਼ 3 ਬੀ 1 ਦੇ ਕਮਿਊਨਿਟੀ ਸੈਂਟਰ ਦੀ ਖਸਤਾ ਹਾਲਤ ਦਾ ਜਿਕਰ ਕਰਦਿਆਂ ਇਸਨੂੰ ਢਾਹ ਕੇ ਨਵੇਂ ਸਿਰੇ ਤੋਂ ਬਣਾਉਣ ਲਈ ਟੇਬਲ ਏਜੰਡਾ ਲਿਆਉਣ ਦੀ ਮੰਗ ਕੀਤੀ| ਇਸ ਮੌਕੇ ਕਮਿਊਨਿਟੀ ਸੈਂਟਰਾਂ ਵਿੱਚ ਰਹਿ ਰਹੇ ਲੋਕਾਂ ਦਾ ਮੁੱਦਾ ਵੀ ਉਠਿਆ ਅਤੇ ਕਮਿਸ਼ਨਰ ਨੇ ਦੱਸਿਆ ਕਿ ਨਿਗਮ ਵਲੋਂ ਕਮਿਉਨਿਟੀ ਸੈਟਰਾਂ ਵਿੱਚ ਰਹਿੰਦੇ ਗਮਾਡਾ ਦੇ ਮੁਲਾਜਮਾਂ ਤੋਂ ਖਾਲੀ ਕਰਵਾ ਕੇ ਇਹਨਾਂ ਵਿੱਚ ਲੋੜੀਂਦੀਆਂ ਬੁਨਿਆਦੀ ਸਹੂਲਤਾਂ ਮੁਹਈਆ ਕਰਵਾਉਣ ਲਈ ਕਾਰਵਾਈ ਕੀਤੀ ਜਾ ਰਹੀ ਹੈ|
ਮੀਟਿੰਗ ਦੌਰਾਨ ਸ਼ਹਿਰ ਵਿੱਚੋਂ ਕੂੜਾ ਚੁਕਵਾਉਣ ਦੇ ਰੇਟ ਤੈਅ ਕਰਨ ਵਾਲੇ ਮਤੇ ਵਿੱਚ 250 ਗਜ ਤੋਂ ਛੋਟੇ ਮਕਾਨਾਂ ਤੋਂ 70 ਰੁਪਏ (ਪ੍ਰਤੀ ਪਰਿਵਾਰ) ਦੀ ਦਰ ਤੈਅ ਕੀਤੀ ਗਈ ਜਦੋਂ ਇਸਤੋਂ ਵੱਡੇ ਮਕਾਨਾਂ ਤੇ 500 ਵਰਗ ਗਜ ਤਕ 150 ਰੁਪਏ (ਪ੍ਰਤੀ ਪਰਿਵਾਰ) ਅਤੇ 1000 ਵਰਗ ਗਜ ਤਕ ਦੇ ਮਕਾਨ ਲਈ 200 ਰੁਪਏ (ਪ੍ਰਤੀ ਪਰਿਵਾਰ) ਤੈਅ ਕੀਤੇ ਗਏ|
ਪਿੰਡ ਸੋਹਾਣਾ ਦੀ ਡਿਸਪੈਂਸਰੀ ਨੂੰ ਢਾਹ ਕੇ ਨਵੇਂ ਸਿਰੇ ਤੋਂ ਉਸਾਰਨ ਵਾਲੇ ਮਤੇ ਬਾਰੇ ਬੋਲਦਿਆਂ ਕੌਂਸਲਰ ਪਰਮਿੰਦਰ ਸਿੰਘ ਸੋਹਾਣਾ ਨੇ ਇਤਰਾਜ ਕੀਤਾ ਕਿ ਇਸ ਕੰਮ ਨੂੰ ਕਰਵਾਉਣ ਵਾਲ ਕੌਂਸਲਰਾਂ ਦਾ ਜਿਕਰ ਤਕ ਨਹੀਂ ਕੀਤਾ ਗਿਆ| ਮੀਟਿੰਗ ਵਿੱਚ ਗਊਸ਼ਾਲਾ ਦੇ ਪ੍ਰਬੰਧਕਾਂ ਵਲੋਂ ਨਿਗਮ ਤੋਂ ਕੀਤੀ ਗਈ ਮਾਇਕ ਸਹਾਇਤਾ ਦੇ ਮਤੇ ਤੇ ਹੋਈ ਬਹਿਸ ਤੋਂ ਬਾਅਦ 15 ਰੁਪਏ ਪ੍ਰਤੀ ਜਾਨਵਰ ਦੇ ਹਿਸਾਬ ਨਾਲ ਰਕਮ ਦੇਣ ਦਾ ਮਤਾ ਪਾਸ ਕੀਤਾ ਗਿਆ| ਇਸ ਮੌਕੇ ਕੌਂਸਲਰ ਹਰਵਿੰਦਰ ਕੌਂਰ ਲੰਗ ਨੇ ਕਿਹਾ ਕਿ ਗਊਸ਼ਾਲਾ ਲਈ ਹਰ ਵਾਰ ਮਤੇ ਤਾਂ ਪਾਸ ਕਰਵਾਏ ਜਾਂਦੇ ਹਨ ਪਰੰਤੂ ਸ਼ਹਿਰ ਵਿੱਚ ਫਿਰਦੀਆਂ ਅਵਾਰਾ ਗਊਆਂ ਦੀ ਸਮੱਸਿਆ ਹੋਰ ਵੀ ਵੱਧਦੀ ਜਾਂਦੀ ਹੈ| ਇਸ ਮੌਕ ਸ੍ਰੀ ਚੰਨਾ ਨੇ ਕਿਹਾ ਕਿ ਸਿਆਸੀ ਬੰਦੇ ਹੀ ਆਵਾਰਾ ਪਸ਼ੂਆਂ ਦੇ ਖਿਲਾਫ ਕਾਰਵਾਈ ਵਿੱਚ ਰੁਕਾਵਟ ਬਣਦੇ ਹਨ ਅਤੇ ਸਾਰੇ ਕੌਂਸਲਰਾਂ ਨੂੰ ਇੱਕ ਮਤ ਹੋ ਕੇ ਪ੍ਰਣ ਕਰਨਾ ਚਾਹੀਦਾ ਹੈ ਕਿ ਉਹ ਅਜਿਹੀ ਕੋਈ ਸਿਫਾਰਿਸ਼ ਨਹੀਂ ਕਰਣਗੇ| ਕੌਂਸਲਰ ਆਰ ਪੀ ਸ਼ਰਮਾ ਅਤੇ ਅਰੁਣ ਸ਼ਰਮਾ ਵਲੋਂ ਗਊਸ਼ਾਲਾ ਲਈ ਬਣਦੀ ਮਦਦ ਦੇ ਤੇ ਜੋਰ ਪਾਉਣ ਤੋਂ ਬਾਅਦ ਹਾਉਸ ਵਲੋਂ 15 ਰੁਪਏ ਪ੍ਰਤੀ ਜਾਨਵਰ ਦੇ ਹਿਸਾਬ ਨਾਲ ਅਦਾਇਗੀ ਦਾ ਮਤਾ ਪਾਸ ਕੀਤਾ ਗਿਆ|
ਮੀਟਿੰਗ ਵਿੱਚ ਟੇਬਲ ਆਈਟਮ ਵਜੋਂ ਪਾਏ ਗਏ ਤਿੰਨ ਸਰਕਾਰੀ ਸਕੂਲਾਂ ਦੀ ਮੁਰਮੰਤ ਅਤੇ ਨਵੇਂ ਕਮਰਿਆਂ ਦੀ ਉਸਾਰੀ ਦੇ ਮਤੇ ਬਾਰੇ ਬੋਲਦਿਆਂ ਕੌਂਸਲਰ ਗੁਰਮੀਤ ਸਿੰਘ ਵਾਲੀਆ ਨੇ ਕਿਹਾ ਕਿ ਸ਼ਹਿਰ ਦੇ ਸਾਰੇ ਸਰਕਾਰੀ ਸਕੂਲਾਂ ਨੂੰ ਲੋੜੀਂਦੀਆਂ ਸਹੂਲਤਾਂ ਦੇਣ ਬਾਰੇ ਮਤਾ ਪਾਸ ਕਰਨਾ ਚਾਹੀਦਾ ਹੈ ਅਤੇ ਸ਼ਹਿਰ ਦੇ ਸਾਰੇ ਸਕੂਲਾਂ ਵਿੱਚ ਨਿਗਮ ਵਲੋਂ ਲੋੜੀਂਦੇ ਕੰਮ ਕਰਵਾਏ ਜਾਣੇ ਚਾਹੀਦੇ ਹਨ| ਇਸਤੇ ਮੇਅਰ ਨੇ ਕਿਹਾ ਕਿ ਉਹ ਇਸ ਨਾਲ ਸਹਿਮਤ ਹਨ ਅਤੇ ਨਿਗਮ ਨੂੰ ਜਿਸ ਵੀ ਸਕੂਲ ਬਾਰੇ ਦੱਸਿਆ ਜਾਵੇਗਾ ਉਸਦਾ ਕੰਮ ਕਰਵਾਇਆ ਜਾਵੇਗਾ|
ਮੀਟਿੰਗ ਦੌਰਾਨ ਕੌਂਸਲਰ ਕਮਲਜੀਤ ਸਿੰਘ ਰੂਬੀ ਨੇ ਨੇਚਰ ਪਾਰਕ ਵਿੱਚ ਦਰਖਤਾਂ ਨੂੰ ਲੱਗੀ ਸਿਊਂਕ ਦਾ ਮੁੱਦਾ ਚੁੱਕਿਆ ਜਿਸਤੇ ਮੇਅਰ ਨੇ ਤੁਰੰਤ ਕਾਰਵਾਈ ਦਾ ਭਰੋਸਾ ਦਿੱਤਾ| ਕੌਂਸਲਰ ਸਤਵੀਰ ਸਿੰਘ ਧਨੋਆ ਨੇ ਸ਼ਹਿਰ ਵਿੱਚ ਖੁੱਲੇਆਮ ਤੰਬਾਕੂਨੋਸ਼ੀ ਦੇ ਸਮਾਨ ਵੇਚਣ ਵਾਲੀਆਂ ਫੜੀਆਂ ਦਾ ਮੁੱਦਾ ਚੁੱਕਦਿਆਂ ਕਿ ਕਾਨੂੰਨ ਅਨੁਸਾਰ ਜਨਤਕ ਥਾਵਾਂ ਤੇ ਰੋਕ ਦੇ ਬਾਵਜੂਦ ਇਸ ਤਰੀਕੇ ਨਾਲ ਤੰਬਾਕੂਨੋਸ਼ੀ ਦਾ ਸਮਾਨ ਵੇਚਣ ਵਾਲਿਆਂ ਦਾ ਇਹ ਸਾਮਾਨ ਜਬਤ ਕਰਵਾਇਆ ਜਾਵੇ| ਇਸ ਗੱਲ ਤੇ ਹਾਊਸ ਵਲੋਂ ਸਹਿਮਤੀ ਜਾਹਿਰ ਕੀਤੀ ਗਈ ਅਤੇ ਮੇਅਰ ਵਲੋਂ ਮੌਕੇ ਤੇ ਹੀ ਕਮਿਸ਼ਨਰ ਨੂੰ ਇਸ ਸੰਬੰਧੀ ਲੋੜੀਂਦੀ ਕਾਰਵਾਈ ਆਰੰਭਣ ਲਈ ਕਿਹਾ ਗਿਆ|
ਇਸ ਦੌਰਾਨ ਨਗਰ ਨਿਗਮ ਦੇ ਇੱਕ ਜੇ ਈ ਸੁਰਿਦਰ ਗੋਇਲ ਵਲੋਂ ਕੌਂਸਲਰਾਂ ਦੀ ਗੱਲ ਨਾ ਸੁਣਨ ਅਤੇ ਕੋਈ ਵੀ ਕੰਮ ਕਹਿਣ ਤੇ ਬਹਾਨੇਬਾਜੀ ਦਾ ਇਲਜਾਮ ਲਗਾਉਂਦਿਆਂ ਕੌਂਸੋਲਰਾਂ ਹਰਦੀਪ ਸਿੰਘ ਸਰਾਓ, ਗੁਰਮੀਤ ਸਿੰਘ ਵਾਲੀਆ, ਭਾਰਤ ਭੇਸ਼ਣ ਮੈਣੀ, ਗੁਰਮੁਖ ਸਿੰਘ ਸੋਹਲ ਨੇ ਕਿਹਾ ਕਿ ਇਹ ਜੇਈ ਜਾਂ ਤਾਂ ਉਹਨਾਂ ਦਾ ਫੋਨ ਹੀ ਨਹੀਂ ਚੁੱਕਦਾ ਜਾਂ ਫਿਰ ਬਹਾਨਾ ਬਣਾ ਕੇ ਫੋਨ ਕੱਟ ਦਿੰਦਾ ਹੈ ਅਤੇ ਜੇਕਰ ਗੱਲ ਵੀ ਜਾਵੇ ਤਾਂ ਉਹਨਾਂ ਨੂੰ ਕੋਈ ਹੋਰ ਬਹਾਨਾ ਲਗਾ ਦਿੰਦਾ ਹੈ ਜਿਵੇਂ ਲੇਬਰ ਨਹੀਂ ਹੈ, ਔਜਾਰ ਨਹੀਂ ਹਨ ਜਾਂ ਮੈਂ ਹੁਣੇ ਕਰਵਾਉਂਦਾ ਹਾਂ| ਇਸ ਮੌਕੇ ਡਿਪਟੀ ਮੇਅਰ ਨੇ ਵੀ ਇਸ ਜੇ ਈ ਦੇ ਵਤੀਰੇ ਦੀ ਨਿਖੇਧੀ ਕੀਤੀ ਜਿਸਤੋਂ ਬਾਅਦ ਮੇਅਰ ਵਲੋਂ ਜੇ ਈ ਨੂੰ ਮੌਕੇ ਤੇ ਆਪਣੀ ਕਾਰਗੁਜਾਰੀ ਵਿੱਚ ਸੁਧਾਰ ਲਈ ਇੱਕ ਮਹੀਨੇ ਦਾ ਅਲਟੀਮੇਟਮ ਦਿੱਤਾ ਗਿਆ|
ਮੀਟਿੰਗ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਮੇਅਰ ਕੁਲਵੰਤ ਸਿੰਘ ਨੇ ਕਿਹਾ ਕਿ ਮੀਟਿੰਗ ਪੂਰੀ ਤਰ੍ਹਾਂ ਕਾਮਯਾਬ ਰਹੀ ਹੈ ਅਤੇ ਕੌਂਸਲਰਾਂ ਨ ਸ਼ਹਿਰ ਦੇ ਵਿਕਾਸ ਨਾਲ ਜੁੜੀ ਹਾਂ ਪੱਖੀ ਬਹਿਸ ਕੀਤੀ ਹੈ ਜਿਸਤੋਂ ਬਾਅਦ ਸਾਰੇ ਮਤੇਸਰਵਸੰਮਤੀ ਨਾਲ ਪਾਸ ਕੀਤੇ ਗਏ ਹਨ|

Leave a Reply

Your email address will not be published. Required fields are marked *