ਨਗਰ ਨਿਗਮ ਦੀ ਮੀਟਿੰਗ ਵਿੱਚ ਸ਼ਹਿਰ ਵਿੱਚ ਲੋਕਲ ਬੱਸ ਸਰਵਿਸ ਚਾਲੂ ਕਰਨ ਸਮੇਤ ਵੱਡੀ ਗਿਣਤੀ ਵਿੱਚ ਮਤੇ ਪਾਸ

ਨਗਰ ਨਿਗਮ ਦੀ ਮੀਟਿੰਗ ਵਿੱਚ ਸ਼ਹਿਰ ਵਿੱਚ ਲੋਕਲ ਬੱਸ ਸਰਵਿਸ ਚਾਲੂ ਕਰਨ ਸਮੇਤ ਵੱਡੀ ਗਿਣਤੀ ਵਿੱਚ ਮਤੇ ਪਾਸ
ਕੌਂਸਲਰ ਬੇਦੀ ਦੇ ਪਿਤਾ ਜੀ ਦੀ ਹੋਈ ਅਚਾਨਕ ਮੌਤ ਤੇ ਦੋ ਮਿੰਟ ਦਾ ਮੌਨ ਰੱਖ ਕੇ ਵਿਛੜੀ ਰੂਹ ਨੂੰ ਸ਼ਰਧਾਂਜਲੀ ਦਿੱਤੀ

ਐਸ.ਏ.ਐਸ ਨਗਰ, 2 ਅਗਸਤ (ਸ.ਬ.) ਨਗਰ ਨਿਗਮ ਐਸ.ਏ.ਐਸ ਨਗਰ ਦੀ ਅੱਜ ਸੁਖਾਵੇਂ ਮਾਹੌਲ ਵਿੱਚ ਹੋਈ ਮੀਟਿੰਗ ਦੌਰਾਨ ਕੁਝ ਕੁ ਮਤਿਆਂ ਨੂੰ ਛੱਡ ਕੇ ਬਾਕੀ ਦੇ ਮਤੇ ਪਾਸ ਹੋ  ਗਏ| ਇਸ ਦੌਰਾਨ ਨਿਗਮ ਦੀ ਵਿਰੋਧੀ ਧਿਰ ਵੱਲੋਂ ਪਿਛਲੀ ਮੀਟਿੰਗ ਦੀ ਪੁਸ਼ਟੀ ਕਰਨ ਦੇ ਮਤੇ ਦੇ ਖਿਲਾਫ ਭੁਗਤਣ ਕਾਰਨ ਇਹ ਮਤਾ ਬਹੁ ਸੰਮਤੀ ਨਾਲ ਪਾਸ ਕੀਤਾ ਗਿਆ ਜਦੋਂ ਕਿ ਸ਼ਹਿਰ ਵਿੱਚ ਟੈਕਸੀ ਸਟੈਂਡ ਅਲਾਟ ਕਰਨ ਅਤੇ ਇੱਕ ਕਰਮਚਾਰੀ ਦਾ ਪਰਖਕਾਲ ਤਸੱਲੀ ਬਖਸ਼ ਘੋਸ਼ਿਤ ਕਰਨ ਦਾ ਮਤਾ ਪੈਂਡਿੰਗ ਕਰ ਦਿੱਤਾ ਗਿਆ ਹੈ|
ਮੀਟਿੰਗ ਦੀ ਸ਼ੁਰੂਆਤ ਵਿੱਚ ਹਾਊਸ ਵੱਲੋਂ ਮਿਉਂਸਪਲ ਕੌਂਸਲਰ ਸ੍ਰ.ਕੁਲਜੀਤ ਸਿੰਘ ਬੇਦੀ ਦੇ ਪਿਤਾ ਸ੍ਰ ਹਰਬੰਸ ਸਿੰਘ ਬੇਦੀ ਦੇ ਬੀਤੀ ਰਾਤ ਲੰਬੀ ਬਿਮਾਰੀ ਤੋਂ ਬਾਅਦ ਸਵਰਗਵਾਸ ਹੋ ਜਾਣ ਤੇ ਗਹਿਰੇ ਦੁਖ ਦਾ ਪ੍ਰਗਟਾਵਾ ਕਰਦਿਆਂ 2 ਮਿਨਟ ਦਾ ਮੌਨ ਰੱਖ ਕੇ ਵਿਛੜੀ ਆਤਮਾ ਨੂੰ ਸਰਧਾਂਜਲੀ ਦਿੱਤੀ ਗਈ| ਇਸਤੋਂ ਬਾਅਦ ਮੀਟਿੰਗ ਦੀ ਕਾਰਵਾਈ ਸ਼ੁਰੂ ਹੋਈ ਅਤੇ ਇਸ ਮੌਕੇ ਪਿਛਲੀ ਮੀਟਿੰਗ ਦੀ ਕਾਰਵਾਈ ਦੀ ਪੁਸ਼ਟੀ ਕਰਨ ਦੇ ਮਤੇ ਤੇ ਵਿਰੋਧੀ ਧਿਰ ਦੇ ਮੈਂਬਰਾਂ ਨੇ ਇਸ ਮਤੇ ਦਾ ਵਿਰੋਧ ਕੀਤਾ ਅਤੇ ਇਸ ਸੰਬੰਧੀ ਲਿਖਤੀ ਇਤਰਾਜ ਦਰਜ ਕਰਵਾਇਆ ਜਿਸ ਤੋਂ ਬਾਅਦ ਇਹ ਮਤਾ ਬਹੁਤਸੰਮਤੀ ਨਾਲ ਪਾਸ ਕਰ ਦਿੱਤਾ ਗਿਆ| ਇਸ ਉਪਰੰਤ ਚੰਡੀਗੜ੍ਹ ਦਫਤਰ ਵਿਖੇ ਕੰਮ ਕਰਦੇ ਫਾਇਰਮੈਨ ਸਿੰਕਦਰ ਸਿੰਘ ਦੇ ਸਰਵਿਸ ਪਰਖਕਾਲ ਨੂੰ ਤੱਸਲੀਬਖਸ਼ ਘੋਸ਼ਿਤ ਕਰਨ ਸੰਬੰਧੀ ਪਾਏ ਮਤੇ ਦਾ ਕੌਂਸਲਰਾਂ ਨੇ ਇਹ ਕਹਿ ਕੇ ਵਿਰੋਧ ਕੀਤਾ ਕਿ ਜਦੋਂ ਉਕਤ ਕਰਮਚਾਰੀ ਇੱਥੇ ਕੰਮ ਹੀ ਨਹੀਂ ਕਰਦਾ ਤਾਂ ਨਿਗਮ ਵੱਲੋਂ ਉਸਦਾ ਪਰਖਕਾਲ ਤਸੱਲੀਬਖਸ਼ ਕਿਵੇਂ ਘੋਸ਼ਿਤ ਕੀਤਾ ਜਾ ਸਕਦਾ ਹੈ ਜਿਸਤੋਂ ਬਾਅਦ ਇਸ ਅਤੇ ਨੂੰ ਪੈਂਡਿੰਗ ਕਰ ਦਿੱਤਾ ਗਿਆ| ਮੀਟਿੰਗ ਵਿੱਚ ਅੰਗਹੀਣ ਕੋਟੇ ਦਾ ਬੈਕਲਾਗ ਪੂਰਾ ਕਰਨ, ਤਰਸ ਦੇ ਆਧਾਰ ਤੇ ਨੋਕਰੀ ਦੇਣ ਸਸਤੇ ਮਕਾਨਾਂ ਲਈ 10 ਏਕੜ ਥਾਂ ਮੁਹਈਆ ਕਰਵਾਉਣ ਲਈ ਪਿੰਡ ਸੋਹਾਣਾ ਹਦਬਸਤ ਦੀ ਜਮੀਨ ਵਿੱਚ 10            ਏਕੜ ਜਮੀਨ ਦੇਣ ਦੇ ਅਤੇ ਪਾਸ ਕਰ ਦਿੱਤੇ ਗਏ|
ਸ਼ਹਿਰ ਦੇ ਰਿਹਾਇਸ਼ੀ ਮਕਾਨਾਂ ਵਿਚ ਚਲਾਏ ਜਾ ਰਹੇ ਪੀ.ਜੀ. ਕੇਂਦਰਾਂ ਤੋਂ ਕਮਰਸ਼ੀਅਲ ਪ੍ਰਾਪਰਟੀ ਟੈਕਸ ਵਸੂਲਣ ਸੰਬੰਧੀ ਮਤੇ ਬਾਰੇ ਮਿਉਂਸਿਪਲ ਕੌਂਸਲਰ ਸ.  ਸੈਹਬੀ ਆਨੰਦ ਨੇ ਕਿਹਾ ਕਿ ਮਤੇ ਵਿੱਚ ਗਮਾਡਾ ਦੇ ਨਿਯਮਾਂ ਅਨੁਸਾਰ ਚਲਦੇ ਪੀ.ਜੀ. ਕੇਂਦਰਾਂ ਤੋਂ ਕਮਰਸ਼ੀਅਲ ਟੈਕਸ ਵਸੂਲਣ ਦੀ ਗੱਲ ਕੀਤੀ ਜਾ ਰਹੀ  ਹੈ ਪਰੰਤੂ ਸ਼ਹਿਰ ਵਿਚ ਵੱਡੀ ਗਿਣਤੀ ਪੀ.ਜੀ. ਐਚ. ਈ, ਐਚ ਐਲ ਅਤੇ ਹੋਰ ਛੋਟੇ ਮਕਾਨਾਂ ਵਿਚ ਚਲਦੇ ਹਨ ਅਤੇ ਇਹਨਾਂ ਤੇ ਕਮਰਸ਼ੀਅਲ ਟੈਕਸ ਲਗਾਉਣ ਦਾ ਅਰਥ ਇਹਨਾਂ ਪੀ ਜੀ ਕੇਂਦਰਾਂ ਨੂੰ ਜਾਇਜ ਮੰਨਣਾ ਹੋਵੇਗਾ ਜਦੋਂ ਕੇ ਇਹ ਬੰਦ ਕਰਵਾਏ ਜਾਣੇ ਚਾਹੀਦੇ ਹਨ| ਬਾਅਦ ਵਿੱਚ ਇਹ ਮਤਾ ਵੀ ਪਾਸ ਹੋ ਗਿਆ
ਮੀਟਿੰਗ ਦੌਰਾਨ ਗ੍ਰੇਟਰ ਸਿਟੀ ਬਸ ਸਰਵਿਸ ਚਲਾਉਣ ਸੰਬੰਧੀ ਮਤਾ ਵੀ ਪਾਸ ਕਰ ਦਿੱਤਾ ਗਿਆ ਜਿਸ ਨਾਲ ਸ਼ਹਿਰ ਦੀ ਆਪਣੀ ਬਸ ਸਰਵਿਸ ਚਾਲੂ ਕਰਨ ਦਾ ਰਾਹ ਪੱਧਰਾ ਹੋ ਗਿਆ ਹੈ| ਇਸਤੋਂ ਇਲਾਵਾ ਸਟਾਰਮ ਵਾਟਰ ਡ੍ਰੇਨਜੇ ਦੀ ਸਮੱਸਿਆ ਸਬੰਧੀ ਪੰਜਾਬ ਇੰਜਨੀਅਰਿੰਗ ਕਾਲਜ ਯੂਨੀਵਰਸਿਟੀ ਆਫ ਤਕਨਾਲੋਜੀ ਚੰਡੀਗੜ ਵਲੋਂ ਦਿੱਤੀ ਗਈ ਤਕਨੀਕੀ ਅਨੁਸਾਰ ਸਟਾਰਮ ਵਾਟਰ ਦੀਆਂ ਪਾਈਪਾਂ ਬਦਲਣ ਸਬੰਧੀ ਮਤੇ ਨੂੰ ਵੀ ਪ੍ਰਵਾਨਗੀ ਦੇ ਦਿੱਤੀ ਗਈ|
ਇਸਤੋਂ ਇਲਾਵਾ ਲਾਈਬ੍ਰੇਰੀ ਲਈ ਫਰਨੀਚਰ ਦੀ ਖਰੀਦ ਕਰਨ, ਸੈਨੀਟੇਸਨ ਸ਼ਾਖਾ ਲਈ ਸੈਨਟੇਰੀ ਸੁਪਰਵਾਈਜਰ ਰੱਖਣ, ਦਰਜਾ ਚਾਰ ਕਰਮਚਾਰੀ ਡੀ. ਸੀ. ਰੇਟਾਂ ਤੇ ਨੋਟ, ਆਵਾਰਾ ਪਸ਼ੂਆਂ ਨੂੰ ਛੱਡਣ ਅਤੇ ਗਊਸ਼ਾਲਾ ਦੀ ਸਾਂਭ ਸੰਭਾਲ ਅਤੇ ਬਾਕੀ ਦੇ ਮਤੇ ਵੀ ਪਾਸ ਕਰ ਦਿੱਤੇ ਗਏ ਜਦੋਂਕਿ ਨਗਰ ਨਿਗਮਾਂ ਦੀ ਹਦੂਦ ਅੰਦਰ ਟੈਕਸੀ ਸਟੈਂਡਾਂ ਦੀ ਅਲਾਟਮੈਂਟ ਕਮ ਸੰਬੰਧੀ ਮਤੇ ਨੂੰ ਪੈਂਡਿਗ ਕਰ ਦਿੱਤਾ ਗਿਆ|
ਮੀਟਿੰਗ ਦੌਰਾਨ ਪਿੰਡ ਮਟੌਰ ਦੇ ਕੌਂਸਲਰ ਸ੍ਰ. ਹਰਪਾਲ ਸਿੰਘ ਚੰਨਾ ਵੱਲੋਂ ਪਿੰਡਾਂ ਦੇ ਵਸਨੀਕਾਂ ਤੇ ਨਕਸ਼ਾ ਠੀਕ ਅਤੇ ਹੋਰ ਟੈਕਸਾਂ ਦਾ ਮੁੱਦਾ ਚੁੱਕਿਆ ਗਿਆ ਜਿਸਦੇ ਜਵਾਬ ਵਿੱਚ ਮੇਅਰ ਸ. ਕੁਲਵੰਤ ਸਿੰਘ ਵੱਲੋਂ ਹਾਉਸ ਵਿੱਚ ਐਲਾਨ ਕੀਤਾ ਗਿਆ ਕਿ ਨਿਗਮ ਅਧੀਨ ਆਉਂਦੇ  6 ਪਿੰਡਾਂ ਨੂੰ ਇਸ ਪੱਖੋ ਰਾਹਤ ਦਿੱਤੀ ਜਾਵੇਗੀ|
ਸੈਕਟਰ 69 ਦੇ ਕੌਂਸਲਰ ਸ੍ਰ. ਸਤਵੀਰ ਸਿੰਘ ਧਨੋਆ ਵੱਲੋਂ ਇਸ ਮੌਕੇ ਮੰਗ ਕੀਤੀ ਗਈ ਕਿ ਸੈਕਟਰ 66 ਤੋਂ 69 ਅਤੇ ਸੈਕਟਰ 76 ਤੋਂ 80 ਦੇ         ਖੇਤਰ ਨੂੰ ਨਿਗਮ ਵੱਲੋਂ ਗਮਾਡਾ ਤੋਂ ਆਪਣੇ ਅਧੀਨ ਲਿਆ ਜਾਵੇ| ਉਹਨਾਂ ਆਪਣੇ ਵਾਰਡ ਵਿਚ ਪੈਂਦੇ  ਫੇਜ਼-8 ਦੇ ਦਸ਼ਹਿਰਾ ਗ੍ਰਾਉਂਡ ਦੀ ਮਾੜੀ ਹਾਲਤ ਬਾਰੇ ਕਿਹਾ ਕਿ ਇੱਥੇ ਹਰ ਵੇਲੇ ਆਵਾਰਾ ਪਸ਼ੂ ਘੁੰਮਦੇ ਰਹਿੰਦੇ ਹਨ ਅਤੇ ਥਾਂ ਥਾਂ ਤੇ ਡੂੰਘੇ ਟੋਏ ਪਏ ਹਨ ਜਦੋਂਕਿ ਇਸ ਮੈਦਾਨ ਵਿੱਚ ਬੱਚੇ ਖੇਡਦੇ ਹਨ ਇਸ ਲਈ ਇਸਦੀ ਹਾਲਤ  ਵਿੱਚ ਸੁਧਾਰ ਕੀਤਾ ਜਾਵੇ| ਮੀਟਿੰਗ ਵਿੱਚ ਟੇਬਲ ਆਈਟਮਸ ਵੱਜੋਂ ਪਾਏ ਮਤੇ ਵਿੱਚ ਅਵਾਰਾ ਕੁੱਤਿਆਂ ਦੇ ਨਸਬੰਦੀ          ਆਪਰੇਸ਼ਨ ਕਰਨ ਲਈ 5 ਲੱਖ ਰੁਪਏ ਖਰਚ ਕਰਨ ਨੂੰ ਪ੍ਰਵਾਨਗੀ ਦੇ ਦਿੱਤੀ ਗਈ| ਇਸ ਤੋਂ ਇਲਾਵਾ ਅਵਾਰਾ ਪਸ਼ੂਆਂ ਨੂੰ ਛੱਡਣ ਲਈ ਕਮੇਟੀ ਦਾ ਗਠਨ ਕਰਨ, ਅਤੇ ਸਕੂਲ ਮੈਨੇਜਮੈਂਟ ਕਮੇਟੀਆਂ ਵਿੱਚ ਮਿਉਂਸਪਿਲ ਕੌਂਸਲਰਾਂ ਨੂੰ ਨਾਮਜਦ ਕਰਨ ਦੇ ਮਤੇ ਵੀ ਪਾਸ ਕਰ ਦਿੱਤੇ  ਗਏ|

 

Leave a Reply

Your email address will not be published. Required fields are marked *