ਨਗਰ ਨਿਗਮ ਦੀ ਵਾਰਡਬੰਦੀ ਬਾਰੇ ਹਾਈਕੋਰਟ ਵਿੱਚ ਅੱਜ ਵੀ ਨਹੀਂ ਹੋਇਆ ਫੈਸਲਾ ਸੋਮਵਾਰ ਨੂੰ ਮੁੜ ਹੋਵੇਗੀ ਕੇਸ ਦੀ ਅਗਲੀ ਸੁਣਵਾਈ
ਐਸ ਏ ਐਸ ਨਗਰ, 4 ਦਸੰਬਰ (ਸ.ਬ.) ਨਗਰ ਨਿਗਮ ਐਸ ਏ ਐਸ ਨਗਰ ਦੀ ਨਵੀਂ ਵਾਰਡਬੰਦੀ ਦੌਰਾਨ ਵਾਰਡ ਨੰਬਰ 49 ਨੂੰ ਕਥਿਤ ਤੌਰ ਤੇ ਗਲਤ ਤਰੀਕੇ ਨਾਲ ਪੱਛੜੀਆਂ ਜਾਤੀਆਂ ਅਤੇ ਅਨੂਸੂਚਿਤ ਜਾਤੀ ਮਹਿਲਾ ਲਈ ਰਾਖਵਾਂ ਕੀਤੇ ਜਾਣ ਦੇ ਵਿਰੁੱਧ ਮਾਣਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿੱਚ ਪਾਏ ਗਏ ਕੇਸ ਦੀ ਸੁਣਵਾਈ ਹੁਣ 7 ਦਸੰਬਰ ਨੂੰ ਹੋਵੇਗੀ|
ਪ੍ਰਾਪਤ ਜਾਣਕਾਰੀ ਅਨੁਸਾਰ ਅੱਜ ਅਦਾਲਤ ਵਿੱਚ ਇਸ ਮਾਮਲੇ ਦੀ ਕਾਫੀ ਲੰਬੀ ਸੁਣਵਾਈ ਹੋਈ ਜਿਸ ਦੌਰਾਨ ਦੋਵਾਂ ਪੱਖਾਂ ਦੇ ਵਕੀਲਾਂ ਵਲੋਂ ਬਹਿਸ ਕੀਤੀ ਗਈ ਅਤੇ ਆਪੋ ਆਪਣੇ ਪੱਖ ਵਿੱਚ ਦਲੀਲਾਂ ਦਿੱਤੀਆਂ ਗਈਆਂ| ਪਹਿਲਾਂ ਇਹ ਮਾਮਲਾ ਦੁਪਹਿਰ ਦੇ ਖਾਣੇ ਤੋਂ ਪਹਿਲਾਂ ਸੁਣਵਾਈ ਲਈ ਆਇਆ ਸੀ ਪਰੰਤੂ ਫਿਰ ਖਾਣੇ ਦਾ ਸਮਾਂ ਹੋ ਜਾਣ ਤੇ ਇਹ ਬਾਅਦ ਦੁਪਹਿਰ ਫਿਰ ਲੱਗਿਆ ਜਿਸ ਦੌਰਾਨ ਇਸ ਮਾਮਲੇ ਵਿੱਚ ਭਖਵੀਂ ਬਹਿਸ ਹੋਈ ਦੱਸੀ ਜਾ ਰਹੀ ਹੈ|
ਪ੍ਰਾਪਤ ਜਾਣਕਾਰੀ ਅਨੁਸਾਰ ਅੱਜ ਦੀ ਬਹਿਸ ਦੌਰਾਨ ਪਠਾਨਕੋਟ ਨਗਰ ਨਿਗਮ ਦੀ ਵਾਰਡਬੰਦੀ ਬਾਰੇ ਮਾਮਲੇ ਦੀ ਸੁਣਵਾਈ ਨਹੀਂ ਹੋਈ ਅਤੇ ਕਿਉਂਕਿ ਇਹ ਦੋਵੇਂ ਮਾਮਲੇ ਇਕੱਠੇ ਕੀਤੇ ਜਾ ਚੁੱਕੇ ਹਨ ਇਸ ਲਈ ਇਸ ਬਾਰੇ ਫੈਸਲਾ ਦੋਵਾਂ ਮਾਮਲਿਆਂ ਦੀ ਸੁਣਵਾਈ ਤੋਂ ਬਾਅਦ ਹੀ ਆਉਣਾ ਹੈ| ਇਸ ਸੰਬੰਧੀ ਅੱਜ ਦੀ ਸੁਣਵਾਈ ਖਤਮ ਹੋਣ ਤੋਂ ਬਾਅਦ ਹੁਣ ਮਾਣਯੋਗ ਅਦਾਲਤ ਵਲੋਂ ਅਗਲੀ ਸੁਣਵਾਈ ਲਈ 7 ਸਤੰਬਰ ਦੀ ਤਰੀਕ ਦਿੱਤੀ ਗਈ ਹੈ ਅਤੇ 7 ਦਸੰਬਰ ਨੂੰ ਇਸ ਮਾਮਲੇ ਦਾ ਨਿਪਟਾਰਾ ਹੋ ਜਾਣ ਦੀ ਆਸ ਜਤਾਈ ਜਾ ਰਹੀ ਹੈ|