ਨਗਰ ਨਿਗਮ ਦੀ ਵਾਰਡਬੰਦੀ ਵਿੱਚ ਕੀਤੇ ਰਾਖਵੇਂਕਰਨ ਦਾ ਮਾਮਲਾ ਹਾਈਕਰੋਟ ਪਹੁੰਚਿਆ ਮਾਣਯੋਗ ਅਦਾਲਤ ਨੇ ਸਰਕਾਰ ਤੋਂ ਮੰਗੇ ਦਸਤਾਵੇਜ, ਭਲਕੇ ਹੋਵੇਗੀ ਮਾਮਲੇ ਦੀ ਅਗਲੀ ਸੁਣਵਾਈ


ਐਸ ਏ ਐਸ ਨਗਰ, 2 ਦਸੰਬਰ (ਸ.ਬ.) ਨਗਰ ਨਿਗਮ ਐਸ ਏ ਐਸ ਨਗਰ ਦੀ ਨਵੀਂ ਵਾਰਡਬੰਦੀ ਦੌਰਾਨ ਵਾਰਡ ਨੰਬਰ 36 ਅਤੇ 49 ਨੂੰ ਗਲਤ ਤਰੀਕੇ ਨਾਲ ਪੱਛੜੀਆਂ ਜਾਤੀਆਂ ਅਤੇ ਅਨੂਸੂਚਿਤ ਜਾਤੀ ਮਹਿਲਾ ਲਈ ਰਾਖਵਾਂ ਕੀਤੇ ਜਾਣ ਦੇ ਵਿਰੁੱਧ ਮਾਣਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿੱਚ ਪਾਏ ਗਏ ਕੇਸ ਦੀ ਸੁਣਵਾਈ ਮੌਕੇ ਮਾਣਯੋਗ ਅਦਾਲਤ ਵਲੋਂ ਸਰਕਾਰੀ ਵਕੀਲ ਤੋਂ ਇਸ ਸੰਬੰਧੀ ਜਰੂਰੀ ਦਸਤਾਵੇਜ ਮੰਗੇ ਗਏ ਹਨ ਅਤੇ ਸਰਕਾਰੀ ਵਕੀਲ ਵਲੋਂ ਇਸ ਸੰਬੰਧੀ ਥੋੜ੍ਹਾ ਸਮਾਂ ਮੰਗੇ ਜਾਣ ਤੇ ਮਾਮਲੇ ਦੀ ਸੁਣਵਾਈ ਲਈ 3 ਦਸੰਬਰ ਦੀ ਤਰੀਕ ਤੈਅ ਕੀਤੀ ਗਈ ਹੈ| 
ਇੱਥੇ ਜਿਕਰਯੋਗ ਹੈ ਕਿ ਸਾਬਕਾ ਅਕਾਲੀ ਕੌਂਸਲਰ ਸ੍ਰੀ ਆਰ ਪੀ ਸ਼ਰਮਾ ਅਤੇ ਸੁਖਦੇਵ ਸਿੰਘ ਪਟਵਾਰੀ ਵਲੋਂ ਇਲਜਾਮ ਲਗਾਇਆ ਗਿਆ ਸੀ ਕਿ ਉਹਨਾਂ ਦੇ ਵਾਰਡਾਂ ਨੂੰ ਜਾਣ ਬੁੱਝ ਕੇ ਰਾਖਵੇਂਕਰਨ ਦੇ ਤਹਿਤ ਲਿਆਂਦਾ ਗਿਆ ਹੈ ਤਾਂ ਜੋ ਉਹ ਜਾਂ ਉਹਨਾਂ ਦੇ ਪਰਿਵਾਰ ਦਾ ਕੋਈ ਮੈਂਬਰ ਚੋਣ ਨਾ ਲੜ ਸਕੇ| ਇਸ ਸੰਬੰਧੀ ਫੇਜ਼ 6 ਦੇ ਇੱਕ ਵਸਨੀਕ ਬਚਨ ਸਿੰਘ ਅਤੇ ਸਾਬਕਾ ਕੋਸਲਰ ਸੁਖਦੇਵ ਸਿੰਘ ਪਟਵਾਰੀ ਵਲੋਂ ਮਾਣਯੋਗ ਅਦਾਲਤ ਵਿੱਚ ਪਟੀਸ਼ਨ ਦਾਖਿਲ ਕੀਤੀ ਗਈ ਸੀ| 
ਅੱਜ ਇਸ ਮਾਮਲੇ ਦੀ ਸੁਣਵਾਈ ਦੌਰਾਨ ਸਰਕਾਰ ਵਲੋਂ ਪੇਸ਼ ਹੋਏ ਵਕੀਲ ਵਲੋਂ ਦਲੀਲ ਦਿੱਤੀ ਗਈ ਸੀ ਕਿ ਸਥਾਨਕ ਸਰਕਾਰ ਵਿਭਾਗ ਵਲੋਂ ਵਾਰਡਬੰਦੀ ਦੌਰਾਨ ਪੇਸ਼ ਹੋਏ ਸਾਰੇ ਇਤਰਾਜਾਂ ਦਾ ਨਿਪਟਾਰਾ ਕੀਤਾ ਗਿਆ ਸੀ| ਇਸ ਮੌਕੇ ਮਾਣਯੋਗ ਅਦਾਲਤ ਵਲੋਂ ਇਹਨਾਂ ਇਤਰਾਜਾਂ ਦੇ ਨਿਪਟਾਰੇ ਸੰਬੰਧੀ ਦਸਤਾਵੇਜ ਪੇਸ਼ ਕਰਨ ਲਈ ਕਿਹਾ ਗਿਆ ਜਿਸਤੇ ਸਰਕਾਰ ਦੇ ਵਕੀਲ ਵਲੋਂ ਦੋ ਘੰਟੇ ਦਾ ਸਮਾ ਮੰਗਿਆ ਗਿਆ ਅਤੇ ਸਰਕਾਰੀ ਵਕੀਲ ਵਲੋਂ ਮਿੱਥੇ ਸਮੇਂ ਦੌਰਾਨ ਵਾਰਡ ਨੰਬਰ 36 ਬਾਰੇ ਦਸਤਾਵੇਜ ਜਮ੍ਹਾਂ ਵੀ ਕਰਵਾ ਦਿੱਤਾ ਗਿਆ ਜਦੋਂਕਿ ਵਾਰਡ ਨੰਬਰ 49 ਨਾਲ ਸੰਬੰਧਿਤ ਦਸਤਾਵੇਜ ਨਾ ਮਿਲਣ ਕਾਰਨ ਵਕੀਲ ਵਲੋਂ ਅਦਾਲਤ ਤੋਂ ਥੋੜ੍ਹਾ ਹੋਰ ਸਮਾਂ ਮੰਗਿਆ ਜਿਸਤੋਂ ਬਾਅਦ ਮਾਣਯੋਗ ਅਦਾਲਤ ਵਲੋਂ ਮਾਮਲੇ ਦੀ ਅਗਲੀ ਸੁਣਵਾਈ  ਲਈ  ਭਲਕੇ 3 ਦਸੰਬਰ  ਦੀ ਤਰੀਕ ਤੈਅ ਕੀਤੀ ਹੈ|

Leave a Reply

Your email address will not be published. Required fields are marked *