ਨਗਰ ਨਿਗਮ ਦੀ 12 ਮਾਰਚ ਦੀ ਮੀਟਿੰਗ ਵਿੱਚ ਪੇਸ਼ ਹੋਣਗੇ ਅਹਿਮ ਮਤੇ
ਨਗਰ ਨਿਗਮ ਦੀ 12 ਮਾਰਚ ਦੀ ਮੀਟਿੰਗ ਵਿੱਚ ਪੇਸ਼ ਹੋਣਗੇ ਅਹਿਮ ਮਤੇ
ਨਗਰ ਨਿਗਮ ਲਗਾਏਗਾ ਪਾਰਕਾਂ ਤੇ ਭਾਰੀ ਟੈਕਸ, ਪਾਰਕਾਂ ਵਿੱਚ ਸਮਾਗਮਾਂ ਲਈ ਤਾਰਨੀ ਪਏਗੀ ਮੋਟੀ ਫੀਸ, ਕਮਿਊਨਟੀ ਸੈਂਟਰਾਂ ਦੇ ਰੇਟਾਂ ਵਿਚ ਵੀ ਹੋਵੇਗਾ ਵਾਧਾ
ਐਸ.ਏ.ਐਸ. ਨਗਰ, 10 ਮਾਰਚ (ਸ.ਬ.) ਨਗਰ ਨਿਗਮ ਦੀ ਸੋਮਵਾਰ ਨੂੰ ਹੋਣ ਵਾਲੀ ਮੀਟਿੰਗ ਹੰਗਾਮਾ ਭਰਪੂਰ ਰਹਿਣ ਦੀ ਸੰਭਾਵਨਾ ਹੈ| ਇਸਦਾ ਕਾਰਨ ਇਹ ਹੈ ਕਿ ਨਗਰ ਨਿਗਮ ਵਲੋਂ ਆਪਣੀ ਆਮਦਨ ਵਧਾਉਣ ਲਈ ਸ਼ਹਿਰ ਵਾਸੀਆਂ ਤੇ ਇੱਕ ਹੋਰ ਬੋਝ ਪਾਉਣ ਦਾ ਫੈਸਲਾ ਕਰ ਲਿਆ ਹੈ ਜਿਸਦੇ ਤਹਿਤ ਨਗਰ ਨਿਗਮ ਨੇ ਸ਼ਹਿਰੀਆਂ ਵਲੋਂ ਆਪਣੇ ਘਰਾਂ ਦੇ ਆਸ ਪਾਸ ਬਣੇ ਪਾਰਕਾਂ ਵਿੱਚ ਕੀਤੇ ਜਾਂਦੇ ਵਿਆਹ ਅਤੇ ਹੋਰਨਾਂ ਪਰਿਵਾਰਕ ਸਮਾਗਮਾਂ ਦੇ ਆਯੋਜਨ ਵਾਸਤੇ ਮੋਟੀ ਫੀਸ ਲਗਾਉਣ ਦਾ ਫੈਸਲਾ ਕੀਤਾ ਹੈ| ਇਸ ਸੰਬੰਧੀ ਮਤਾ 12 ਮਾਰਚ ਨੂੰ ਹੋਣ ਵਾਲੀ ਨਿਗਮ ਦੀ ਮੀਟਿੰਗ ਵਿੱਚ ਪੇਸ਼ ਕੀਤਾ ਜਾਣਾ ਹੈ| ਮਤੇ ਅਨੁਸਾਰ ਪਾਰਕਾਂ ਵਿੱਚ ਕੀਤੇ ਜਾਣ ਵਾਲੇ ਸਮਾਗਮਾਂ ਲਈ ਪ੍ਰਤੀ ਦਿਨ 1000 ਰੁਪਏ ਅਤੇ ਟੈਂਟ ਆਦਿ ਲਗਾਉਣ ਦੀ ਸੂਰਤ ਵਿਚ 5 ਰੁਪਏ ਪ੍ਰਤੀ ਵਰਗ ਫੁਟ ਪ੍ਰਤੀਦਿਨ ਵਸੂਲੇ ਜਾਣਗੇ|
ਇਸਤੋਂ ਪਹਿਲਾਂ ਨਗਰ ਨਿਗਮ ਵਲੋਂ ਪਾਰਕਾਂ ਵਿੱਚ ਕੀਤੇ ਜਾਣ ਵਾਲੇ ਸਮਾਗਮਾਂ ਦਾ ਕੋਈ ਖਰਚਾ ਨਹੀਂ ਲਿਆ ਜਾਂਦਾ ਸੀ ਅਤੇ ਪਾਰਕ ਦੀ ਸਕਿਊਰਟੀ ਵਜੋਂ 2 ਹਜ਼ਾਰ ਰੁਪਏ ਲਏ ਜਾਂਦੇ ਸਨ ਜਿਨ੍ਹਾਂ ਨੂੰ ਪਾਰਕ ਦੀ ਸਫਾਈ ਕਰਵਾਉਣ ਉਪਰੰਤ ਵਾਪਸ ਕਰ ਦਿਤਾ ਜਾਂਦਾ ਸੀ| ਇਸਦੇ ਨਾਲ ਹੀ ਸ਼ਹਿਰ ਵਿਚਲੇ ਸਪੈਸ਼ਲ ਪਾਰਕਾਂ ਨੂੰ ਵੀ ਸਮਾਗਮਾਂ ਲਈ ਦੇਣ ਦੀ ਤਜਵੀਜ ਹੈ| ਇਸਦੇ ਨਾਲ ਨਾਲ ਨਿਗਮ ਵਲੋਂ ਸਪੈਸ਼ਲ ਪਾਰਕਾਂ ਨੂੰ ਵੀ ਜਨਤਕ ਸਮਾਗਮਾਂ ਲਈ ਦੇਣ ਦਾ ਫੈਸਲਾ ਕੀਤਾ ਗਿਆ ਹੈ ਜਿਸਦੀ ਬੁਕਿੰਗ ਲਈ ਪ੍ਰਤੀ ਦਿਨ 10 ਹਜ਼ਾਰ ਰੁਪਏ ਦੀ ਫੀਸ ਰੱਖੀ ਗਈ ਹੈ| ਇੰਜਨੀਅਰਿੰਗ ਵਿਭਾਗ ਦੀ ਰਿਪੋਰਟ ਅਨੁਸਾਰ ਨੇਚਰ ਪਾਰਕ, ਸਿਟੀ ਪਾਰਕ ਅਤੇ ਹੋਰ ਵੱਡੇ ਪਾਰਕਾਂ ਵਿੱਚ ਪ੍ਰੀ ਵੈਡਿੰਗ ਫੋਟੋ ਅਤੇ ਵੀਡੀਓ ਸ਼ੂਟ, ਫਿਲਮਾਂ ਅਤੇ ਗਾਣਿਆਂ ਦੀ ਸ਼ੂਟਿੰਗ ਆਦਿ ਕੀਤੀ ਜਾਂਦੀ ਹੈ ਅਤੇ ਕਈ ਸੰਸਥਾਵਾਂ ਅਤੇ ਸਕੂਲ ਇੱਥੇ ਪਿਕਨਿਕ ਲਈ ਆਉਂਦੇ ਹਨ| ਇਸ ਲਈ ਤਜ਼ਵੀਜ਼ ਕੀਤੀ ਗਈ ਹੈ ਕਿ ਪ੍ਰੀ ਵੈਡਿੰਗ ਫੋਟੋਗਰਾਫੀ ਲਈ 10 ਹਜ਼ਾਰ ਰੁਪਏ ਪ੍ਰਤੀਦਿਨ, ਫਿਲਮਾਂ, ਗਾਣਿਆਂ ਦੀ ਸ਼ੂਟਿੰਗ ਲਈ 50 ਹਜ਼ਾਰ ਰੁਪਏ ਪ੍ਰਤੀਦਿਨ ਅਤੇ ਐਨ.ਜੀ.ਓ. ਅਤੇ ਹੋਰ ਸੰਸਥਾਵਾਂ ਦੇ ਫੰਕਸ਼ਨਾਂ ਲਈ 5 ਹਜ਼ਾਰ ਰੁਪਏ ਪ੍ਰਤੀਦਿਨ ਫੀਸ ਲਈ ਜਾਵੇ| ਮਤੇ ਅਨੁਸਾਰ ਇਹ ਵੀ ਯਕੀਨੀ ਬਣਾਇਆ ਜਾਵੇਗਾ ਕਿ ਸਪੈਸ਼ਲ ਪਾਰਕਾਂ ਵਿਚ ਖਾਣ ਪੀਣ ਦਾ ਸਾਮਾਨ ਤਿਆਰ ਕਰਨ ਲਈ ਟੈਂਟ ਲਗਾਉਣ ਦੀ ਇਜਾਜ਼ਤ ਦਫਤਰ ਵਲੋਂ ਨਹੀਂ ਦਿਤੀ ਜਾਵੇਗੀ| ਬੁਕਿੰਗ ਦੌਰਾਨ ਸਪੈਸ਼ਲ ਜਾਂ ਜਨਰਲ ਪਾਰਕਾਂ ਵਿਚ ਲੱਗੇ ਘਾਹ ਬੂਟਿਆਂ, ਲੈਂਡਸਕੇਪ ਆਦਿ ਦਾ ਨੂਕਸਾਨ ਹੋਣ ਦੇ ਜ਼ੁਰਮਾਨੇ ਵਜੋਂ 5 ਹਜ਼ਾਰ ਰੁਪਏ (ਵੱਖਰੇ) ਵਸੂਲ ਕੀਤੇ ਜਾਣਗੇ ਅਤੇ ਜੇਕਰ ਕਿਸੇ ਵਿਅਕਤੀ ਵਲੋਂ ਬਿਨਾਂ ਮਨਜ਼ੂਰੀ ਪਾਰਕ ਵਿਚ ਕੋਈ ਪ੍ਰੋਗਰਾਮ ਕੀਤਾ ਜਾਂਦਾ ਹੈ ਤਾਂ ਮੌਕੇ ਤੇ ਜ਼ੁਰਮਾਨੇ ਵਜੋਂ ਦੁਗਣੀ ਰਕਮ ਲਈ ਜਾਵੇਗੀ| ਇਸ ਤੋਂ ਇਲਾਵਾ ਫੰਕਸ਼ਨ ਉਪਰੰਤ ਪਾਰਕ ਦੀ ਸਫਾਈ ਲਈ 1000 ਰੁਪਏ ਦਾ ਡਰਾਫਟ ਬਤੌਰ ਸਕਿਊਰਟੀ ਲਿਆ ਜਾਵੇਗਾ ਜੋ ਪਾਰਕ ਦੀ ਤਸੱਲੀਬਖਸ਼ ਸਫਾਈ ਉਪਰੰਤ ਵਾਪਸ ਕਰ ਦਿੱਤਾ ਜਾਵੇਗਾ|
ਇਸਦੇ ਨਾਲ ਹੀ ਨਗਰ ਨਿਗਮ ਵਲੋਂ ਕਮਿਊਨਟੀ ਸੈਂਟਰਾਂ ਦੇ ਰੇਟਾਂ ਵਿੱਚ ਵੀ ਵਾਧਾ ਕਰਨ ਦਾ ਫੈਸਲਾ ਕੀਤਾ ਗਿਆ ਹੈ| ਇਸ ਸੰਬੰਧੀ ਪੇਸ਼ ਕੀਤੇ ਜਾ ਰਹੇ ਮਤੇ ਅਨੁਸਾਰ ਕਮਿਊਨਟੀ ਸੈਂਟਰਾਂ ਦੇ ਰੇਟਾਂ ਵਿੱਚ ਵੀ 25 ਫੀਸਦੀ ਵਾਧਾ ਕਰਨ ਦੀ ਤਜ਼ਵੀਜ਼ ਹੈ| ਪ੍ਰਾਪਤ ਜਾਣਕਾਰੀ ਅਨੁਸਾਰ ਮੌਜੂਦਾ ਸਮੇਂ ਸੈਕਟਰ 54, 56, 65 ਅਤੇ 70 ਦੇ ਕਮਿਊਨਟੀ ਸੈਂਟਰ ਦੇ 13850 ਰੁਪਏ ਲਏ ਜਾਂਦੇ ਹਨ ਜਿਸ ਵਿੱਚ 5000 ਰੁਪਏ ਸਕਿਊਰਟੀ ਦੇ ਹੁੰਦੇ ਹਨ| ਇਸੇ ਤਰ੍ਹਾਂ ਸੈਕਟਰ 55, 59, 61, 69 ਅਤੇ 71 ਦੇ ਕਮਿਊਨਟੀ ਸੈਂਟਰਾਂ ਦੇ 17390 ਰੁਪਏ ਲਏ ਜਾਂਦੇ ਹਨ ਜਿਸ ਵਿਚ 5 ਹਜ਼ਾਰ ਰੁਪਏ ਸਕਿਊਰਟੀ ਦੇ ਹੁੰਦੇ ਹਨ ਜਦੋਂਕਿ ਇਹਨਾਂ ਰੇਟਾਂ ਨੂੰ ਹੁਣ ਵਧਾਇਆ ਜਾ ਰਿਹਾ ਹੈ| ਸੈਕਟਰ 54, 56, 65 ਅਤੇ 70 ਦੇ ਕਮਿਊਨਟੀ ਸੈਂਟਰ ਦੇ ਰੇਟ ਵਧਾ ਕੇ 16063 ਕਰਨ (ਸਕਿਊਰਟੀ ਸਮੇਤ) ਅਤੇ 55, 59, 61, 69 ਅਤੇ 71 ਦੇ ਕਮਿਊਨਟੀ ਸੈਂਟਰਾਂ ਦੇ ਰੇਟ ਵਧਾ ਕੇ ਸਕਿਊਰਟੀ ਸਮੇਤ 19620 ਕਰਨ ਦੀ ਤਜ਼ਵੀਜ਼ ਹੈ|