ਨਗਰ ਨਿਗਮ ਦੇ ਅਮਲੇ ਨੇ ਛੰਗਾਈ ਦੇ ਨਾਮ ਤੇ ਫੇਜ਼-7 ਵਿੱਚ ਬੁਰੀ ਤਰ੍ਹਾਂ ਵੱਢ ਦਿੱਤੇ ਦਰਖਤ


ਐਸ ਏ ਐਸ ਨਗਰ, 19 ਨਵੰਬਰ (ਸ.ਬ.) ਨਗਰ ਨਿਗਮ ਮੁਹਾਲੀ ਵਲੋਂ ਸਥਾਨਕ ਫੇਜ਼ 7 ਦੇ ਸੰਤ ਈਸ਼ਰ ਸਿੰਘ ਸਕੂਲ ਅਤੇ ਸੈਂਟ ਸੋਲਜਰ ਸਕੂਲ ਦੇ ਪਿਛਲੇ ਪਾਸੇ ਪਾਰਕ ਵਿੱਚ ਦਰਖੱਤਾਂ ਦੀ ਛੰਗਾਈ ਦੇ ਨਾਮ ਤੇ ਦਰਖਤਾਂ ਨੂੰ ਬੁਰੀ ਤਰ੍ਹਾਂ ਰੁੰਡ ਮਰੁੰਡ ਕਰਨ ਦਾ ਮਾਮਲਾ ਸਾਮ੍ਹਣੇ ਆਇਆ ਹੈ| ਇਸ ਸੰਬੰਧੀ ਇਨਵਾਇਰਮੈਂਟ ਪ੍ਰੋਟੈਕਸ਼ਨ ਸੋਸਾਇਟੀ ਮੁਹਾਲੀ ਦੇ ਜਨਰਲ ਸਕੱਤਰ ਸ੍ਰ. ਆਰ ਐਸ ਬੈਦਵਾਨ ਨੇ ਮੰਗ ਕੀਤੀ ਹੈ ਕਿ ਇਸ ਮਾਮਲੇ ਵਿੱਚ ਜਿੰਮੇਵਾਰ ਅਧਿਕਾਰੀਆਂ ਅਤੇ ਕਰਮਚਾਰੀਆਂ ਵਿਰੁੱਧ ਕਾਰਵਾਈ ਕੀਤੀ ਜਾਵੇ| 
ਸ੍ਰ. ਆਰ ਐਸ ਬੈਦਵਾਨ ਨੇ ਕਿਹਾ ਕਿ ਦਰਖੱਤਾਂ ਦੀ ਛੰਗਾਈ ਦੌਰਾਨ ਉਹਨਾਂ ਨੂੰ 25 ਫੀਸਦੀ ਤੋਂ ਜਿਆਦਾ ਨਹੀਂ ਹੋ ਛਾਂਗਿਆ ਜਾ ਸਕਦਾ, ਪਰੰਤੂ ਨਿਗਮ ਦੇ ਅਮਲੇ ਵਲੋਂ ਉਪਰੋਕਤ ਦਰੱਖਤਾਂ ਨੂੰ ਬੁਰੀ ਤਰ੍ਹਾਂ ਵੱਢ ਟੁੱਕ ਦਿੱਤਾ ਗਿਆ ਹੈ ਅਤੇ ਇਹ ਕਾਰਵਾਈ ਇਹਨਾਂ ਦਰਖੱਤਾਂ ਦਾ ਕਤਲ ਕਰਨ ਵਰਗੀ ਹੈ| 
ਉਹਨਾਂ ਕਿਹਾ ਕਿ ਦਰਖਤਾਂ ਦੀ ਛੰਗਾਈ ਕਰਨ ਦਾ ਇਕ ਤਰੀਕਾ ਹੁੰਦਾ ਹੈ ਅਤੇ ਦਰਖੱਤਾਂ ਦੀ ਛੰਗਾਈ ਇਸ ਤਰੀਕੇ ਨਾਲ ਕੀਤੀ ਜਾਂਦੀ ਹੈ ਕਿ ਦਰਖਤਾਂ ਉਪਰ ਉਸਦਾ ਮਾੜਾ ਅਸਰ ਨਾ ਪਵੇ ਅਤੇ ਦਰਖਤ ਹਰੇ ਭਰੇ ਰਹਿਣ ਪਰ ਜਿਸ ਤਰੀਕੇ ਨਾਲ ਅਧਿਕਾਰੀਆਂ ਵਲੋਂ ਉਪਰੋਕਤ ਦਰਖਤਾਂ ਦੀ ਬਹੁਤ ਬੁਰੀ ਤਰਾਂ ਕਾਂਟ ਛਾਂਟ ਕੀਤੀ ਗਈ ਹੈ, ਉਸ ਨਾਲ ਵਾਤਾਵਰਨ ਪ੍ਰੇਮੀਆਂ ਅਤੇ ਇਲਾਕਾ ਵਾਸੀਆਂ ਵਿੱਚ ਰੋਸ ਪੈਦਾ ਹੋ ਗਿਆ ਹੈ|  ਉਹਨਾਂ ਕਿਹਾ ਕਿ ਇਸ ਤੋਂ ਪਹਿਲਾਂ ਵੀ ਸੰਸਥਾ  ਵਲੋਂ ਦਰਖਤਾਂ ਨੂੰ ਇਸੇ ਤਰ੍ਹਾਂ ਕਟੇ ਜਾਣ ਵਿਰੁਧ ਕਾਨੂੰਨੀ ਕਾਰਵਾਈ ਕੀਤੀ ਗਈ ਸੀ, ਹੁਣ            ਛੇਤੀ ਹੀ ਸੰਸਥਾ ਦੀ ਮੀਟਿੰਗ ਬੁਲਾ ਕੇ ਨਿਗਮ ਵਿਰੁੱਧ ਮੁੜ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਅਤੇ ਮਾਮਲਾ ਦਰਜ ਕਰਵਾਇਆ               ਜਾਵੇਗਾ| 

Leave a Reply

Your email address will not be published. Required fields are marked *