ਨਗਰ ਨਿਗਮ ਦੇ ਸਰਵੇ ਦਾ ਕੰਮ ਕਰਨ ਵਾਲੇ ਜੇ ਈ ਨੇ ਆਪਣੀ ਥਾਂ ਕਿਸੇ ਹੋਰ ਨੂੰ ਭੇਜ ਦਿੱਤਾ ਸਰਵੇ ਕਰਨ

ਐਸ.ਏ.ਐਸ.ਨਗਰ, 9 ਸਤੰਬਰ (ਜਸਵਿੰਦਰ ਸਿੰਘ) ਨਗਰ ਨਿਗਮ ਦੀਆਂ ਚੋਣਾਂ ਸੰਬੰਧੀ ਨਗਰ ਨਿਗਮ ਦੇ ਕਮਿਸ਼ਨਰ ਵਲੋਂ ਨਿਗਮ ਅਧੀਨ ਆਉਂਦੇ ਖੇਤਰ ਦੀ ਆਬਾਦੀ ਦੇ ਅੰਕੜੇ ਇਕੱਤਰ ਕਰਨ ਲਈ ਸਰਵੇ ਸ਼ੁਰੂ ਕਰਵਾਇਆ ਗਿਆ ਹੈ ਜਿਸਦੇ ਤਹਿਤ ਨਿਗਮ ਦੇ 80 ਕਰਮਚਾਰੀਆਂ ਦੀਆਂ 40 ਟੀਮਾਂ ਲਗਾਈਆਂ ਗਈਆਂ ਹਨ ਜਿਹਨਾਂ ਵਲੋਂ ਲੋਕਾਂ ਦੇ ਘਰੋ ਘਰੀ ਜਾ ਕੇ ਆਬਾਦੀ ਦਾ ਸਰਵੇ ਕੀਤਾ ਜਾ ਰਿਹਾ ਹੈ| 
ਇਸ ਦੌਰਾਨ ਨਗਰ ਨਿਗਮ ਦੇ ਇੱਕ ਜੇ ਈ ਵਲੋਂ ਆਪਣੀ ਥਾਂ ਤੇ ਕਿਸੇ ਹੋਰ ਵਿਅਕਤੀ ਨੂੰ ਸਰਵੇ ਕਰਨ ਲਈ ਭੇਜ ਦਿੱਤਾ ਗਿਆ| ਇਸ ਜੇ ਈ ਦੀ ਡਿਊਟੀ ਫੇਜ਼ 3ਬੀ1 ਦੀਆਂ ਕੋਠੀਆਂ ਵਿੱਚ ਸਰਵੇ ਕਰਨ ਲਈ ਲਗਾਈ ਗਈ ਸੀ ਅਤੇ ਉਸਦੇ ਨਾਲ ਲਵ ਕੁਮਾਰ ਨਾਮ ਦੇ ਇੱਕ ਹੋਰ ਕਰਮਚਾਰੀ ਦੀ ਡਿਊਟੀ ਵੀ ਲਗਾਈ ਗਈ ਸੀ| ਇਸ ਦੌਰਾਨ ਜੇ ਈ ਅਕਸ਼ੇ ਕੁਮਾਰ ਵਲੋਂ ਆਪਣੀ ਥਾਂ ਤੇ ਕਿਸੇ ਹੋਰ ਵਿਅਕਤੀ ਨੂੰ ਸਰਵੇ ਕਰਨ ਦੇ ਕੰਮ ਤੇ ਭੇਜ ਦਿੱਤਾ ਗਿਆ ਜਿਹੜਾ ਲਵ ਕੁਮਾਰ ਦੇ ਨਾਲ ਸਰਵੇ ਦਾ ਕੰਮ ਕਰ ਰਿਹਾ ਸੀ| ਇਸ ਸੰਬੰਧੀ ਜਦੋਂ ਫੇਜ਼ 3 ਬੀ 1 ਦੇ ਇੱਕ ਵਸਨੀਕ ਨੇ ਇਹਨਾਂ ਕਰਮਚਾਰੀਆਂ ਤੋਂ ਸ਼ਨਾਖਤੀ ਕਾਰਡ ਮੰਗਿਆ ਤਾਂ ਉਸਨੇ ਕਿਹਾ ਕਿ ਉਹ ਤਾਂ ਜੇ ਈ ਦੀ ਥਾਂ ਤੇ ਕੰਮ ਕਰ ਰਿਹਾ ਹੈ| 
ਸਕਾਈ ਹਾਕ ਟਾਈਮਜ਼ ਦੇ ਇਸ ਪੱਤਰਕਾਰ ਵਲੋਂ ਮੌਕੇ ਤੇ ਪਹੁੰਚੇ ਉਕਤ ਵਿਅਕਤੀ ਦਾ ਨਾਮ ਪੁੱਛਣ ਤੇ ਉਸ ਵਿਅਕਤੀ ਨੇ ਆਪਣਾਂ ਨਾਮ ਮਾਨ ਸਿੰਘ ਦੱਸਿਆ ਅਤੇ ਕਿਹਾ ਕਿ ਉਹ ਵੀ ਨਿਗਮ ਵਿੱਚ ਕੰਮ ਕਰਦਾ ਹੈ ਅਤੇ ਉਸਨੂੰ ਜੇ ਈ ਵਲੋਂ ਇਸ ਕੰਮ ਤੇ                     ਭੇਜਿਆ ਗਿਆ ਹੈ| 
ਸੰਪਰਕ ਕਰਨ ਤੇ ਜੇ ਈ ਅਕਸ਼ੇ ਕੁਮਾਰ ਨੇ ਮੰਨਿਆ ਕਿ ਉਸ ਵਲੋਂ ਆਪਣੀ ਥਾਂ ਤੇ ਕਿਸੇ ਹੋਰ ਵਿਅਕਤੀ ਨੂੰ ਭੇਜਿਆ ਗਿਆ ਸੀ| ਉਹਨਾਂ ਕਿਹਾ ਕਿ ਉਹਨਾਂ ਨੂੰ ਫੀਲਡ ਵਿੱਚ ਕੰਮ ਹੋਣ ਕਾਰਨ ਉਹਨਾਂ ਵਲੋਂ ਆਪਣੀ ਥਾਂ ਤੇ ਦੂਜੇ ਵਿਅਕਤੀ ਨੂੰ ਭੇਜਿਆ ਗਿਆ ਹੈ ਜੋ ਉਹਨਾਂ ਦੇ ਨਾਲ ਟੀਮ ਦੇ ਸਹਿਯੋਗੀ ਲਵ ਕੁਮਾਰ ਦੇ ਨਾਲ ਘੁੰਮ ਰਿਹਾ ਹੈ| 
ਸੰਪਰਕ ਕਰਨ ਤੇ ਨਗਰ ਨਿਗਮ ਦੇ ਕਮਿਸ਼ਨਰ ਸ੍ਰੀ ਕਮਲ ਕੁਮਾਰ ਨੇ ਕਿਹਾ ਕਿ ਕੋਈ ਕਰਮਚਾਰੀ ਆਪਣੀ ਥਾਂ ਕਿਸੇ ਹੋਰ ਨੂੰ ਨਹੀਂ ਭੇਜ ਸਕਦਾ ਅਤੇ ਉਹ ਇਸ ਮਾਮਲੇ ਦੀ ਜਾਂਚ ਕਰਣਗੇ| ਉਹਨਾਂ ਕਿਹਾ ਕਿ ਨਿਗਮ ਵਲੋਂ ਦੋ ਕਰਮਚਾਰੀਆਂ ਦੀ ਟੀਮ ਇਸੇ ਲਈ ਬਣਾਈ ਗਈ ਸੀ ਕਿ ਜੇਕਰ ਕਿਸੇ ਇੱਕ ਕਰਮਚਾਰੀ ਨੂੰ ਕੋਈ ਜਰੂਰੀ ਕੰਮ ਪੈ ਜਾਵੇ ਤਾਂ ਦੂਜਾ ਕਰਮਚਾਰੀ ਉਹ ਕੰਮ ਮੁਕੰਮਲ ਕਰ ਸਕਦਾ ਹੈ| ਉਹਨਾਂ ਕਿਹਾ ਕਿ ਇਸ ਮਾਮਲੇ ਦੀ ਜਾਂਚ ਉਪਰੰਤ ਸੰਬੰਧਿਤ ਕਰਮਚਾਰੀ ਦੇ ਖਿਲਾਫ ਲੋੜੀਂਦੀ ਕਾਰਵਾਈ ਕੀਤੀ ਜਾਵੇਗੀ|

Leave a Reply

Your email address will not be published. Required fields are marked *