ਨਗਰ ਨਿਗਮ ਦੇ ਸੀਨੀਅਰ ਡਿਪਟੀ ਮੇਅਰ ਦੇ ਖਿਲਾਫ ਬੇਵਿਸਾਹੀ ਦਾ ਮਤਾ ਪਾਉਣ ਦੀ ਤਿਆਰੀ ਵਿੱਚ ਹੈ ਅਕਾਲੀ – ਭਾਜਪਾ ਗਠਜੋੜ?

ਨਗਰ ਨਿਗਮ ਦੇ ਸੀਨੀਅਰ ਡਿਪਟੀ ਮੇਅਰ ਦੇ ਖਿਲਾਫ ਬੇਵਿਸਾਹੀ ਦਾ   ਮਤਾ ਪਾਉਣ ਦੀ ਤਿਆਰੀ ਵਿੱਚ ਹੈ ਅਕਾਲੀ – ਭਾਜਪਾ ਗਠਜੋੜ?
ਵਿਧਾਇਕ ਅਤੇ ਮੇਅਰ ਵਿਚਾਲੇ ਵੱਧਦੀ ਖਟਾਸ ਦਾ ਸੇਕ ਆ ਸਕਦਾ ਹੈ ਸੀਨੀਅਰ ਡਿਪਟੀ ਮੇਅਰ ਨੂੰ
ਭੁਪਿੰਦਰ ਸਿੰਘ
ਐਸ. ਏ. ਐਸ. ਨਗਰ, 17 ਜੂਨ

ਪੰਜਾਬ ਵਿੱਚ ਕਾਂਗਰਸ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਸਥਾਨਕ ਨਗਰ ਨਿਗਮ ਵਿੱਚ ਸਿਆਸੀ ਸਮੀਕਰਨ ਬਦਲਦੇ ਜਾ ਰਹੇ ਹਨ| ਕਾਂਗਰਸ ਪਾਰਟੀ ਦੇ ਸੱਤਾ ਵਿੱਚ ਆਉਣ ਤੋਂ ਬਾਅਦ ਜਿੱਥੇ ਹਲਕਾ ਵਿਧਾਇਕ ਸ੍ਰ. ਬਲਬੀਰ ਸਿੰਘ ਸਿੱਧੂ ਅਤੇ ਨਗਰ ਨਿਗਮ ਦੇ ਮੇਅਰ ਸ੍ਰ. ਕੁਲਵੰਤ ਸਿੰਘ ਦੇ ਰਿਸ਼ਤਿਆਂ ਵਿੱਚ ਆਈ ਖਟਾਸ ਤੋਂ ਬਾਅਦ ਹੁਣ ਨਗਰ ਨਿਗਮ ਦੇ ਸੀਨੀਅਰ ਡਿਪਟੀ ਮੇਅਰ ਸ੍ਰੀ ਰਿਸ਼ਵ ਜੈਨ ਦੀ ਕੁਰਸੀ ਦੇ ਆਲੇ ਦੁਆਲੇ ਗੋਲਬੰਦੀ ਆਰੰਭ ਹੋ ਗਈ ਹੈ ਅਤੇ ਇਹ ਚਰਚਾ ਜੋਰ ਫੜ ਰਹੀ ਹੈ ਕਿ ਅਕਾਲੀ ਭਾਜਪਾ ਗਠਜੋੜ ( ਜਿਸਦੇ ਮੇਅਰ ਦੇ ਧੜੇ ਨੂੰ ਮਿਲਾ ਕੇ ਕੁਲ 36 ਮੈਂਬਰ ਹਨ) ਵਲੋਂ ਨਗਰ ਨਿਗਮ ਦੇ ਸੀਨੀਅਰ ਡਿਪਟੀ ਮੇਅਰ ਦੇ ਖਿਲਾਫ ਬੇਵਿਸਾਹੀ ਦਾ ਮਤਾ ਲਿਆਂਦਾ ਜਾ ਸਕਦਾ ਹੈ ਅਤੇ ਜੇਕਰ ਅਜਿਹਾ ਹੋਇਆ ਤਾਂ ਇਸਦਾ ਸੂਬੇ ਦੀ ਸੱਤਾ ਤੇ ਕਾਬਿਜ ਕਾਂਗਰਸ ਸਰਕਾਰ ਤੇ ਵੀ ਨਾਂ ਪੱਖੀ ਅਸਰ ਪੈ ਸਕਦਾ ਹੈ|
ਇਥੇ ਇਹ ਜਿਕਰਯੋਗ ਹੈ ਕਿ ਸਵਾ 2 ਸਾਲ ਪਹਿਲਾਂ ਹੋਈ ਨਗਰ ਨਿਗਮ ਦੀ ਚੋਣ ਵੇਲੇ ਨਗਰ ਨਿਗਮ ਦੇ ਮੇਅਰ ਸ੍ਰ. ਕੁਲਵੰਤ ਸਿੰਘ ਨੇ ਅਕਾਲੀ ਦਲ ਤੋਂ ਬਾਗੀ ਹੋ ਕੇ ਅਤੇ ਆਪਣਾ ਵੱਖਰਾ (ਆਜਾਦ ਗਰੁਪ) ਗਰੁਪ ਬਣਾ ਕੇ ਚੋਣ ਲੜੀ ਸੀ| ਇਹਨਾਂ ਚੋਣਾਂ ਦੌਰਾਨ ਅਕਾਲੀ ਭਾਜਪਾ ਗਠਜੋੜ ਦੇ 23, ਕਾਂਗਰਸ ਦੇ 14, ਆਜਾਦ ਗਰੁੱਪ ਦੇ 11 ਅਤੇ 2 ਹੋਰ ਆਜਾਦ ਮੈਂਬਰ ਇਹ ਚੋਣ ਜਿੱਤਣ ਵਿੱਚ ਸਮਰਥ ਹੋਏ ਸਨ ਅਤੇ ਸੂਬੇ ਵਿੱਚ ਅਕਾਲੀ ਭਾਜਪਾ ਗਠਜੋੜ ਦੀ  ਸਰਕਾਰ ਹੋਣ ਦੇ ਬਾਵਜੂਦ ਸ੍ਰ. ਕੁਲਵੰਤ ਸਿੰਘ ਕਾਂਗਰਸ ਪਾਰਟੀ ਅਤੇ 2 ਆਜਾਦ ਮੈਂਬਰਾਂ ਦੇ ਸਮਰਥਨ ਨਾਲ ਮੇਅਰ ਬਣਨ ਵਿੱਚ ਕਾਮਯਾਬ ਰਹੇ ਸਨ| ਉਸ ਵੇਲੇ ਸ੍ਰ. ਕੁਲਵੰਤ ਸਿੰਘ ਦੇ ਨਾਲ ਕਾਂਗਰਸ ਪਾਰਟੀ ਦੇ ਸ੍ਰੀ ਰਿਸ਼ਵ ਜੈਨ ਨੂੰ ਸੀਨੀਅਰ ਡਿਪਟੀ ਮੇਅਰ ਅਤੇ ਆਜਾਦ ਚੋਣ ਜਿੱਤੇ ਸ੍ਰ. ਮਨਜੀਤ ਸਿੰਘ ਸੇਠੀ ਨੂੰ ਡਿਪਟੀ ਮੇਅਰ ਦੀ ਕੁਰਸੀ ਹਾਸਿਲ ਹੋਈ ਸੀ|
ਪਰੰਤੂ ਕੁਝ ਸਮੇਂ ਬਾਅਦ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਉਸ ਵੇਲੇ ਦੇ ਡਿਪਟੀ ਮੁੱਖ ਮੰਤਰੀ ਸ੍ਰ. ਸੁਖਬੀਰ ਸਿੰਘ ਬਾਦਲ ਵਲੋਂ ਬੁਲਾਏ ਜਾਣ ਉਪਰੰਤ ਸ੍ਰ. ਕੁਲਵੰਤ ਸਿੰਘ ਆਪਣੇ ਗਰੁੱਪ ਦੇ ਕੌਂਸਲਰਾਂ ਅਤੇ ਆਜਾਦ ਚੋਣ ਜਿੱਤੇ ਕੌਂਸਲਰਾਂ ਸਮੇਤ ਅਕਾਲੀ ਦਲ ਵਿੱਚ ਸ਼ਾਮਿਲ ਹੋ ਗਏ ਸਨ| ਜਿਸ ਨਾਲ ਅਕਾਲੀ ਭਾਜਪਾ ਗਠਜੋੜ ਦੇ ਕੌਂਸਲਰਾਂ ਦੀ ਗਿਣਤੀ ਵੱਧ ਕੇ 36 ਹੋ ਗਈ ਸੀ ਅਤੇ ਉਸ ਵੇਲੇ ਅਕਾਲੀ ਭਾਜਪਾ ਗਠਜੋੜ ਦੀਆਂ ਟਿਕਟਾਂ ਤੇ ਜਿੱਤੇ 23 ਕੌਂਸਲਰਾਂ ਦੇ ਗਰੁੱਪ ਵਲੋਂ ਇਹ ਮੁੱਦਾ ਉਛਾਲਿਆ ਗਿਆ ਸੀ ਕਿ ਨਗਰ ਨਿਗਮ ਦੇ ਸੀਨੀਅਰ ਡਿਪਟੀ ਮੇਅਰ ਦੀ ਕੁਰਸੀ  ਵੀ ਗਠਜੋੜ ਦੇ ਹੀ ਕਿਸੇ ਆਗੂ ਨੂੰ ਮਿਲਣੀ ਚਾਹੀਦੀ ਹੈ ਪਰੰਤੂ ਮੇਅਰ ਦੇ ਗਰੁੱਪ ਵਲੋਂ ਇਸ ਸਬੰਧੀ ਸਹਿਮਤੀ ਨਾ ਹੋਣ ਕਾਰਣ ਇਹ ਮਾਮਲਾ ਵਿਚਾਲੇ ਹੀ ਰਹਿ ਗਿਆ ਸੀ|
ਪਰੰਤੂ ਹੁਣ ਪੰਜਾਬ ਵਿੱਚ ਕਾਂਗਰਸ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਹਲਕਾ ਵਿਧਾਇਕ ਸ੍ਰ. ਬਲਬੀਰ ਸਿੰਘ ਸਿੱਧੂ ਅਤੇ ਨਗਰ ਨਿਗਮ ਦੇ ਮੇਅਰ ਸ੍ਰ. ਕੁਲਵੰਤ ਸਿੰਘ ਦੇ ਆਪਸੀ ਰਿਸ਼ਤਿਆਂ ਵਿੱਚ ਵੱਧਦੀ ਖਟਾਸ ਤੋਂ ਬਾਅਦ ਇਹ ਚਰਚਾ ਇੱਕ ਵਾਰ ਫਿਰ ਜੋਰ ਫੜਣ ਲੱਗ ਪਈ ਹੈ ਕਿ ਅਕਾਲੀ ਭਾਜਪਾ ਗਠਜੋੜ ( ਜਿਸਦੇ ਇਸ ਵੇਲੇ ਕੁਲ 36 ਮੈਂਬਰ ਹਨ) ਵਲੋਂ ਜੇਕਰ ਨਗਰ ਨਿਗਮ ਦੇ ਸੀਨੀਅਰ ਡਿਪਟੀ ਮੇਅਰ ਦੇ ਖਿਲਾਫ ਬੇਵਿਸਾਹੀ ਦਾ ਮਤਾ ਪੇਸ਼ ਕਰ ਦਿੱਤਾ ਜਾਂਦਾ ਹੈ ਤਾਂ ਇਸ ਨਾਲ ਹਲਕਾ ਵਿਧਾਇਕ ਨੂੰ ਵੱਡਾ ਝਟਕਾ ਲੱਗੇਗਾ| ਅਕਾਲੀ ਦਲ ਦੇ ਸੂਤਰ ਦੱਸਦੇ ਹਨ ਕਿ ਪਾਰਟੀ ਹਾਈਕਮਾਨ ਦੀ ਵੀ ਇਹ ਸੋਚ ਹੈ ਕਿ ਨਗਰ ਨਿਗਮ ਦੇ ਸੀਨੀਅਰ ਡਿਪਟੀ ਮੇਅਰ ਦੇ ਅਹੁਦੇ ਤੋਂ ਕਾਂਗਰਸ ਦਾ ਕਬਜਾ ਖਤਮ ਕਰਕੇ ਉਥੇ ਪਾਰਟੀ ਦੇ ਕਿਸੇ ਆਗੂ ਨੂੰ ਸੀਨੀਅਰ ਡਿਪਟੀ ਮੇਅਰ ਬਣਾ ਦਿੱਤਾ ਗਿਆ ਤਾਂ ਇਸ ਦਾ ਅਕਾਲੀ ਭਾਜਪਾ ਗਠਜੋੜ ਨੂੰ ਆਉਣ ਵਾਲੀਆਂ ਨਿਗਮ ਚੋਣਾਂ ਦੌਰਾਨ ਫਾਇਦਾ ਮਿਲ ਸਕਦਾ ਹੈ|
ਜੇਕਰ ਨਗਰ ਨਿਗਮ ਦੇ ਸਿਆਸੀ ਜੋੜ ਤੋੜ ਦਾ ਹਿਸਾਬ ਲਗਾਈਏ ਤਾਂ ਸੀਨੀਅਰ ਡਿਪਟੀ ਮੇਅਰ ਦੇ ਖਿਲਾਫ ਬੇਵਿਸਾਹੀ ਦੇ ਮਤੇ ਨੂੰ ਮੰਜੂਰੀ ਦੇਣ ਲਈ ਘੱਟੋਂ ਘੱਟ 34 ਵੋਟਾਂ ਚਾਹੀਦੀਆਂ ਹਨ ਜਦੋਂਕਿ ਅਕਾਲੀ ਭਾਜਪਾ ਗਠਜੋੜ ਵਿੱਚ ਇਸ ਵੇਲੇ 36 ਕੌਂਸਲਰ ਹਨ| ਨਗਰ ਨਿਗਮ ਵਿੱਚ ਕੁਲ 50 ਕੌਂਸਲਰ ਹਨ ਅਤੇ ਬੇਵਿਸਾਹੀ ਦਾ ਮਤਾ ਪਾਸ ਕਰਨ ਲਈ  2 ਤਿਹਾਈ ਵੋਟਾਂ (34 ਕੌਂਸਲਰਾਂ ) ਵਲੋਂ ਹਾਜਿਰ ਹੋਣਾ ਜਰੂਰੀ ਹੁੰਦਾ ਹੈ|
ਹਾਲਾਂਕਿ ਇਸ ਸੰਬੰਧੀ ਕਰਨ ਤੇ ਅਕਾਲੀ ਭਾਪਜਾ ਗਠਜੋੜ ਦੇ ਕੌਂਸਲਰ ਅਜਿਹੀ ਕਿਸੇ ਤੋਂ ਪ੍ਰਸਤਾਵਿਤ  ਕਾਰਵਾਈ ਤੋਂ ਸਾਫ ਇਨਕਾਰ ਕਰਦਿਆਂ  ਇਹ ਕਿਹਾ ਜਾ ਰਿਹਾ ਹੈ ਕਿ ਇਸ ਸਬੰਧੀ ਹੁਣ ਤਕ ਗਠਜੋੜ ਦੀ ਕੋਈ ਮੀਟਿੰਗ ਵੀ ਨਹੀਂ ਹੋਈ ਹੈ ਪਰੰਤੂ ਸੂਤਰ ਦੱਸਦੇ ਹਨ ਕਿ ਇਸ ਸਬੰਧੀ ਅੰਦਰੋਂ ਅੰਦਰ ਖਿਚੜੀ ਪੱਕ ਰਹੀ ਹੈ ਅਤੇ ਅਗਲੇ ਕੁਝ ਦਿਨਾਂ ਵਿੱਚ ਕੋਈ ਕਾਰਵਾਈ ਸਾਮ੍ਹਣੇ ਆ ਸਕਦੀ ਹੈ|

Leave a Reply

Your email address will not be published. Required fields are marked *