ਨਗਰ ਨਿਗਮ ਨੇ ਪਸ਼ੂ ਮਾਫੀਆ ਦੇ ਸਰਗਰਨਾ ਨੂੰ ਹੀ ਦੇ ਦਿੱਤੀ ਪਸ਼ੂ ਫੜਣ ਦੀ ਡਿਊਟੀ : ਕੇਸਰ ਸਿੰਘ

ਨਗਰ ਨਿਗਮ ਨੇ ਪਸ਼ੂ ਮਾਫੀਆ ਦੇ ਸਰਗਰਨਾ ਨੂੰ ਹੀ ਦੇ ਦਿੱਤੀ ਪਸ਼ੂ ਫੜਣ ਦੀ ਡਿਊਟੀ : ਕੇਸਰ ਸਿੰਘ
ਮੁੱਖ ਮੰਤਰੀ ਨੂੰ ਪੱਤਰ ਲਿਖ ਕੇ ਕੀਤੀ ਸ਼ਿਕਾਇਤ
ਐਸ ਏ ਐਸ ਨਗਰ, 23 ਜਨਵਰੀ (ਸ.ਬ.) ਨਗਰ ਨਿਗਮ ਮੁਹਾਲੀ ਦੇ ਜੂਨੀਅਰ ਸਹਾਇਕ ਸ੍ਰ. ਕੇਸਰ ਸਿੰਘ ਨੇ ਮੁੱਖ ਮੰਤਰੀ ਪੰਜਾਬ ਨੂੰ ਪੱਤਰ ਲਿਖ ਕੇ ਮੰਗ ਕੀਤੀ ਹੈ ਕਿ ਨਗਰ ਨਿਗਮ ਮੁਹਾਲੀ ਵਲੋਂ ਪਸ਼ੂ ਫੜਨ ਦੀ ਡਿਊਟੀ ਉਪਰ ਨਿਯੁਕਤ ਕੀਤੇ ਗਏ ਪਸ਼ੂ ਮਾਫੀਆ ਦੇ ਸਰਗਨਾ ਨੂੰ ਹਟਾਇਆ ਜਾਵੇ|
ਮੁੱਖ ਮੰਤਰੀ ਨੂੰ ਲਿਖੇ ਪੱਤਰ ਵਿੱਚ ਸ੍ਰ. ਕੇਸਰ ਸਿੰਘ ਨੇ ਲਿਖਿਆ ਹੈ ਕਿ ਨਗਰ ਨਿਗਮ ਮੁਹਾਲੀ ਵਲੋਂ ਸ਼ਹਿਰ ਵਿਚੋਂ ਆਵਾਰਾ ਪਸ਼ੂ ਫੜਨ ਲਈ ਜਿਸ ਵਿਅਕਤੀ ਨੂੰ ਰੱਖਿਆ ਗਿਆ ਹੈ ਉਹ ਖੁਦ ਪਸ਼ੂ ਮਾਫੀਆ ਦਾ ਸਰਗਨਾ ਹੈ| ਇਸ ਵਿਅਕਤੀ ਵਲੋਂ ਡੇਢ ਸੌ ਦੇ ਕਰੀਬ ਪਾਲਤੂ ਪਸ਼ੂ ਰੱਖੇ ਹੋਏ ਹਨ ਅਤੇ ਉਹਨਾਂ ਵੱਲੋਂ ਇਨ੍ਹਾਂ ਪਸ਼ੂਆਂ ਦਾ ਦੁੱਧ ਕੱਢ ਕੇ ਸ਼ਹਿਰ ਵਿੱਚ ਘੁੰਮਣ ਲਈ ਛੱਡ ਦਿੱਤਾ ਹੈ| ਉਹਨਾਂ ਲਿਖਿਆ ਹੈ ਕਿ ਸਾਲ 2017 ਵਿੱਚ ਉਹਨਾਂ ਦੀ ਡਿਊਟੀ ਦੌਰਾਨ ਇਸ ਵਿਅਕਤੀ ਨੇ ਹੋਰ ਪਸ਼ੂ ਪਾਲਕਾਂ ਦੇ ਰਲਕੇ ਨਗਰ ਨਿਗਮ ਦੀ ਗੱਡੀ ਵਿਚੋਂ ਫੜੇ ਗਏ ਪਸ਼ੂ ਜਬਰਦਸਤੀ ਉਤਾਰ ਲਏ ਜਾਂਦੇ ਸਨ ਅਤੇ ਇਹਨਾਂ ਵਿਅਕਤੀਆਂ ਵਿਰੁੱਧ ਉਸ ਨੇ ਦੋ ਕੇਸ ਵੀ ਦਰਜ ਕਰਵਾਏ ਹੋਏ ਹਨ ਪਰ ਰਾਜਨੀਤਿਕ ਦਖਲਅੰਦਾਜੀ ਕਾਰਨ 6 ਹੋਰ ਕੇਸ ਪੁਲੀਸ ਵਲੋਂ ਦਰਜ ਨਾ ਕਰਨ ਕਰਕੇ ਉਸ ਵਲੋਂ ਮਾਣਯੋਗ ਅਦਾਲਤ ਵਿੱਚ ਇਸ ਵਿਅਕਤੀ ਤੇ ਹੋਰਨਾਂ ਖਿਲਾਫ ਕੇਸ ਦਾਇਰ ਕੀਤਾ ਹੋਇਆ ਹੈ|
ਉਸਨੇ ਲਿਖਿਆ ਹੈ ਕਿ ਜਦੋਂ ਉਸ ਨੂੰ ਪਤਾ ਲੱਗਿਆ ਕਿ ਨਗਰ ਨਿਗਮ ਨੇ ਇਸੇ ਵਿਅਕਤੀ ਦੀ ਡਿਊਟੀ ਪਸ਼ੂ ਫੜਨ ਦੀ ਲਗਾ ਦਿੱਤੀ ਹੈ ਤਾਂ ਉਸ ਨੇ ਇਸ ਸਬੰਧੀ ਨਗਰ ਨਿਗਮ ਦੇ ਕਮਿਸ਼ਨਰ ਨਾਲ ਗੱਲਬਾਤ ਕੀਤੀ ਪਰ ਨਗਰ ਨਿਗਮ ਦੇ ਕਮਿਸ਼ਨਰ ਨੇ ਕਿਹਾ ਕਿ ਇਹ ਤਾਂ ਉਹਨਾਂ ਨੇ ਖੁਦ ਵੇਖਣਾ ਹੈ ਕਿ ਉਹਨਾਂ ਨੇ ਕੰਮ ਕਿਵੇਂ ਕਰਨਾ ਹੈ| ਇਸ ਤੋਂ ਬਾਅਦ ਇਸ ਵਿਅਕਤੀ ਵਲੋਂ ਉਸ ਨੂੰ ਧਮਕੀ ਦਿੱਤੀ ਗਈ ਕਿ ਉਸਨੂੰ ਉਸ ਨੂੰ ਕੋਈ ਨਹੀਂ ਹਟਾ ਸਕਦਾ|
ਉਸਨੇ ਲਿਖਿਆ ਹੈ ਕਿ ਸ਼ਹਿਰ ਵਿੱਚ ਜੋ ਵੀ ਪਸ਼ੂ ਆਵਾਰਾ ਘੁੰਮਦੇ ਹਨ, ਉਹ ਅਸਲ ਵਿੱਚ ਪਾਲਤੂ ਹੁੰਦੇ ਹਨ, ਇਹਨਾਂ ਪਾਲਤੂ ਪਸ਼ੂਆਂ ਨੂੰ ਪਸ਼ੂ ਮਾਫੀਆ ਦੁੱਧ ਕਢਣ ਤੋਂ ਬਾਅਦ ਸੜਕਾਂ ਉਪਰ ਛੱਡ ਦਿੰਦਾ ਹੈ| ਇਹਨਾਂ ਪਸ਼ੂਆਂ ਕਾਰਨ ਕਈ ਹਾਦਸੇ ਵਾਪਰ ਚੁੱਕੇ ਹਨ| ਪੱਤਰ ਦੇ ਅੰਤ ਵਿੱਚ ਉਹਨਾਂ ਮੰਗ ਕੀਤੀ ਹੈ ਕਿ ਇਸ ਪਸ਼ੂਆ ਸਰਗਨਾ ਨੂੰ ਨਿਗਮ ਵਲੋਂ ਪਸ਼ੂ ਫੜਨ ਦੀ ਲਾਈ ਗਈ ਡਿਊਟੀ ਤੋਂ ਹਟਾਇਆ ਜਾਵੇ|
ਇਸ ਸੰਬੰਧੀ ਸੰਪਰਕ ਕਰਨ ਤੇ ਨਗਰ ਨਿਗਮ ਦੇ ਕਮਿਸ਼ਨਰ ਨੇ ਸ੍ਰ. ਭੁਪਿੰਦਰ ਸਿੰਘ ਨੇ ਕਿਹਾ ਕਿ ਇਹ ਮਾਮਲਾ ਉਹਨਾਂ ਦੀ ਜਾਣਕਾਰੀ ਵਿੱਚ ਹੈ ਅਤੇ ਉਹ ਇਸ ਸੰਬੰਧੀ ਬਣਦੀ ਕਾਰਵਾਈ ਕਰਣਗੇ|

Leave a Reply

Your email address will not be published. Required fields are marked *