ਨਗਰ ਨਿਗਮ ਨੇ ਫੇਜ਼ 5 ਦੇ ਬੂਥਾਂ ਵਾਲਿਆਂ ਵਲੋਂ ਲਗਾਏ ਸੀਵਰੇਜ ਦੇ ਕਨੈਕਸ਼ਨ ਕੱਟੇ

ਐਸ ਏ ਐਸ ਨਗਰ, 14 ਨਵੰਬਰ (ਸ. ਬ.) ਸਥਾਨਕ ਫੇਜ਼ 5 ਵਿੱਚ ਬਣੇ ਬੂਥਾਂ (ਕਲਿਆਣ ਜਵੈਲਰ ਦੇ ਪਿੱਛੇ) ਵਾਲਿਆਂ ਵਲੋਂ ਆਪਣੇ ਬੂਥਾਂ ਵਿੱਚ ਲਗਾਏ ਗਏ ਸੀਵਰੇਜ ਦੇ ਅਣਅਧਿਕਾਰਤ ਕਨੈਕਸ਼ਨ ਅੱਜ ਨਗਰ ਨਿਗਮ ਦੀ ਟੀਮ ਵਲੋਂ ਕੱਟ ਦਿੱਤੇ ਗਏ| ਵਾਰਡ ਨੰਬਰ 16 ਦੀ ਕੌਂਸਲਰ ਸ੍ਰੀਮਤੀ ਤਰਨਜੀਤ ਕੌਰ ਗਿਲ ਨੇ ਦੱਸਿਆ ਕਿ ਇਹਨਾਂ ਬੂਥਾਂ ਵਿੱਚ ਜਿਆਦਾਤਰ ਦੁਕਾਨਾਂ ਢਾਬਿਆਂ ਵਾਲਿਆਂ ਅਤੇ ਖਾਣ ਪੀਣ ਦਾ ਸਾਮਾਨ ਵੇਚਣ ਵਾਲਿਆਂ ਦੀਆਂ ਹਨ ਜਿਹਨਾਂ ਵਲੋਂ ਆਪਣੇ ਬੂਥਾਂ ਵਿੱਚੋਂ ਨਿਕਲਣ ਵਾਲੇ ਰਹਿੰਦ ਖੁਹੰਦ ਲਈ ਅਣਅਧਿਕਾਰਤ ਤੌਰ ਤੇ ਸੀਵਰੇਜ ਲਾਈਨ ਨਾਲ ਕਨੈਕਸ਼ਨ ਜੋੜ ਲਏ ਗਏ ਸਨ| ਅਜਿਹਾ ਹੋਣ ਕਾਰਨ ਫੇਜ਼ 5 ਦੀਆਂ ਕਨਾਲ ਦੀਆਂ ਕੋਠੀਆਂ ਦਾ ਸੀਵਰੇਜ ਅਕਸਰ ਬੰਦ ਹੋ ਜਾਂਦਾ ਸੀ ਜਾਂ ਉਵਰਫਲੋ ਹੁੰਦਾ ਰਹਿੰਦਾ ਸੀ ਜਿਸ ਕਾਰਨ ਇਸ ਖੇਤਰ ਵਿੱਚ ਭਾਰੀ ਬਦਬੂ ਫੈਲੀ ਰਹਿੰਦੀ ਸੀ ਅਤੇ ਵਸਨੀਕਾਂ ਨੂੰ ਭਾਰੀ ਪਰੇਸ਼ਾਨੀ ਸਹਿਣੀ ਪੈ ਰਹੀ ਸੀ| ਉਹਨਾਂ ਦੱਸਿਆ ਕਿ ਇਸ ਸੰਬੰਧੀ ਵਸਨੀਕਾਂ ਦੀ ਸ਼ਿਕਾਇਤ ਤੇ ਉਹਨਾਂ ਨੇ ਵਸਨੀਕਾਂ ਨੂੰ ਨਾਲ ਲੈ ਕੇ ਨਗਰ ਨਿਗਮ ਦੇ ਕਮਿਸ਼ਨਰ ਨੂੰ ਮਿਲ ਕੇ ਇਹਨਾਂ ਦੁਕਾਨਦਾਰਾਂ ਦੇ ਖਿਲਾਫ ਕਾਰਵਾਈ ਕਰਨ ਦੀ ਮੰਗ ਕੀਤੀ ਸੀ ਜਿਸਤੇ ਕਾਰਵਾਈ ਕਰਦਿਆਂ ਅੱਜ ਨਗਰ ਨਿਗਮ ਦੀ ਟੀਮ ਵਲੋਂ ਇਹਨਾਂ ਦੁਕਾਨਾਂ ਵਾਲਿਆਂ ਦੇ ਸੀਵਰੇਜ ਦੇ ਕਨੈਕਸ਼ਨ ਕੱਟ ਦਿੱਤੇ ਹਨ|
ਅੱਜ ਜਿਹਨਾਂ ਦੁਕਾਨਦਾਰਾਂ ਦੇ ਖਿਲਾਫ ਕਾਰਵਾਈ ਕੀਤੀ ਗਈ ਹੈ ਉਹਨਾਂ ਵਿੱਚ ਬੂਥ ਨੰਬਰ 246 (ਯਮਲਾ), ਬੂਥ ਨੰਬਰ 247 (ਸ਼ਾਹੀ ਚਿਕਨ), ਬੂਥ ਨੰਬਰ 248 (ਸ਼ੰਘਾਈ ਚਾਈਨੀਜ ਢਾਬਾ) ਬੂਥ ਨੰਬਰ 250 (ਤੰਦੂਰੀ ਨਾਈਟ) ਅਤੇ ਬੂਥ ਨੰਬਰ 251 (ਚੰਨੀ ਫੂਡ) ਸ਼ਾਮਿਲ ਹਨ| ਨਗਰ ਨਿਗਮ ਦੇ ਐਕਸੀਅਨ ਸ੍ਰੀ ਅਸ਼ਵਨੀ ਕੁਮਾਰ ਨੇ ਦੱਸਿਆ ਕਿ ਨਿਗਮ ਵਲੋਂ ਇਹਨਾਂ ਦੁਕਾਨਾਂ ਵਲੋਂ ਆਪਣੇ ਪੱਧਰ ਤੇ ਜੋੜੇ ਗਏ ਸੀਵਰੇਜ ਦੇ ਅਣਅਧਿਕਾਰਤ ਕਨੈਕਸ਼ਨ ਕੱਟ ਦਿੱਤੇ ਗਏ ਹਨ ਅਤੇ ਦੁਕਾਨਦਾਰਾਂ ਨੂੰ ਤਾੜਨਾ ਕੀਤੀ ਗਈ ਹੈ ਕਿ ਉਹ ਮੁੜ ਅਜਿਹਾ ਨਾ ਕਰਨ|
ਇਸਦੇ ਨਾਲ ਹੀ ਸ੍ਰੀਮਤੀ ਤਰਨਜੀਤ ਕੌਰ ਗਿਲ ਵਲੋਂ ਫੇਜ਼ 5 ਵਿੱਚ ਸਫਾਈ ਮੁਹਿੰਮ ਦੀ ਸ਼ੁਰੂਆਤ ਵੀ ਕੀਤੀ ਗਈ ਅਤੇ ਵਸਨੀਕਾਂ ਦੀਆਂ ਸਮੱਸਿਆਵਾਂ ਸੁਣੀਆਂ ਗਈਆਂ| ਇਸ ਮੌਕੇ ਸ੍ਰੀ ਜੀ ਕੇ ਵੈਦ, ਰਮਨਜੀਤ ਸਿੰਘ, ਹਰਭਜਨ ਸਿੰਘ, ਐਸ ਐਸ ਸੋਹੀ, ਅਜੈ ਵੈਦ, ਐਸ ਸੀ ਕਥੂਰੀਆ, ਐਮ ਐਲ ਵਧਵਾ, ਹਰਜੀਤ ਸਿੰਘ, ਮੋਹਨ ਸਿੰਘ, ਤਰਲੋਚਨ ਸਿੰਘ, ਗੁਰਸ਼ਰਨ ਸਿੰਘ, ਕੇ ਸੀ ਥਾਪਰ, ਮਨਦੀਪ ਸਿੰਘ ਅਤੇ ਕੌਸਲਰ ਤਰਨਜੀਤ ਕੌਰ ਦੇ ਪੁੱਤਰ ਸ੍ਰ. ਜਸਪ੍ਰੀਤ ਸਿੰਘ ਗਿਲ ਵੀ ਹਾਜਿਰ ਸਨ|

Leave a Reply

Your email address will not be published. Required fields are marked *