ਨਗਰ ਨਿਗਮ ਵਲੋਂ ਠੇਕੇ ਤੇ ਦਿੱਤਾ ਜਾਵੇ ਨਾਜ਼ਾਇਜ਼ ਕਬਜਿਆਂ ਤੇ ਕਾਬੂ ਕਰਨ ਦਾ ਕੰਮ

ਇਸ ਗੱਲ ਨਾਲ ਸਾਰੇ ਹੀ ਸਹਿਮਤ ਹਨ ਕਿ ਸਾਡੇ ਸ਼ਹਿਰ ਵਿੱਚ ਨਾਜਾਇਜ ਕਬਜਿਆਂ ਦੀ ਗਿਣਤੀ ਹੁਣ ਇੰਨੀ ਜਿਆਦਾ ਵੱਧ ਗਈ ਹੈ ਕਿ ਇਹ ਨਾਜਾਇਜ ਕਬਜੇ ਇਸਦੀ ਪੱਕੀ ਪਹਿਚਾਣ ਬਣ ਚੁੱਕੇ ਹਨ| ਇਹ ਨਾਜਾਇਜ਼ ਕਬਜੇ ਇੰਨੇ ਆਮ ਹੋ ਚੁੱਕੇ ਹਨ ਕਿ ਅਕਸਰ ਲੋਕ ਕਿਸੇ ਨੂੰ ਆਪਣੇ ਘਰ ਦਾ ਪਤਾ ਸਮਝਾਉਣ ਵੇਲੇ ਨਿਸ਼ਾਨੀ ਵਜੋਂ ਇਹਨਾਂ ਨਾਜਾਇਜ ਕਬਜਿਆਂ (ਰੇਹੜੀਆਂ, ਫੜੀਆਂ ਆਦਿ) ਦਾ ਹੀ ਵੇਰਵਾ ਦਿੰਦੇ ਦਿਖਦੇ ਹਨ, ਜਿਵੇਂ ਫਲਾਂ ਮੋੜ ਤੇ ਧੋਬੀ ਤੋਂ ਬਾਅਦ ਵਾਲਾ ਘਰ ਸਾਡਾ ਹੈ ਜਾਂ ਸੜਕ ਕਿਨਾਰੇ ਲੱਗਦੀ ਫਰੂਟ ਜਾਂ ਜੂਸ ਦੀ ਰੇਹੜੀ ਤੋਂ ਤੀਜਾ ਜਾਂ ਚੌਥਾ ਘਰ ਸਾਡਾ ਹੈ| ਹਾਲਾਤ ਇਹ ਹਨ ਕਿ ਸ਼ਹਿਰ ਵਿੱਚ ਜਿਸ ਪਾਸੇ ਵੀ ਨਜਰ ਮਾਰੋ ਸਰਕਾਰੀ ਜਮੀਨ ਤੇ ਨਾਜਾਇਜ ਕਬਜਾ ਕਰਕੇ ਚਲਾਇਆ ਜਾਂਦਾ ਕੋਈ ਨਾ ਕੋਈ ਕੰਮ ਦਿਖ ਹੀ ਜਾਂਦਾ ਹੈ|
ਸ਼ਹਿਰ ਦੀਆਂ ਮਾਰਕੀਟਾ ਅਤੇ ਮੁੱਖ ਸੜਕਾਂ ਤੋਂ ਲੈ ਕੇ ਅੰਦਰੂਨੀ ਗਲੀਆਂ ਤਕ ਹਰ ਪਾਸੇ ਇਹਨਾਂ ਨਾਜਾਇਜ ਕਬਜਿਆਂ ਦੀ ਭਰਮਾਰ  ਹੈ ਅਤੇ ਇਹਨਾਂ ਦੀ ਗਿਣਤੀ ਵਿੱਚ ਹੁੰਦੇ ਲਗਾਤਾਰ ਵਾਧੇ ਦੇ ਬਾਵਜੁਦ ਇਹਨਾਂ ਉੱਤੇ ਕਾਬੂ ਕਰਨ ਵਾਲਾ ਕੋਈ ਨਹੀਂ ਹੈ| ਇਸ ਸੰਬੰਧੀ ਜਿੱਥੇ ਸ਼ਹਿਰਵਾਸੀਆਂ ਦੀਆਂ ਸ਼ਿਕਾਇਤਾਂ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ ਉੱਥੇ ਸ਼ਹਿਰ ਵਾਸੀ ਇਹਨਾਂ ਨਾਜਾਇਜ ਕਬਜਿਆਂ ਦੀ ਆੜ ਵਿੱਚ ਭ੍ਰਿਸ਼ਟਾਚਾਰ ਦਾ ਲੰਬਾ ਚੌੜਾ ਕਾਰੋਬਾਰ ਚਲਦਾ ਹੋਣ ਦਾ ਇਲਜਾਮ ਵੀ ਲਗਾਉੱਦੇ ਹਨ| ਲੋਕਾਂ ਦਾ ਇਹ ਵੀ ਕਹਿਣਾ ਹੈ ਕਿ ਜਾਂ ਤਾਂ ਇਹ ਨਾਜ਼ਾਇਜ਼ ਕਬਜੇ ਸਰਕਾਰੀ ਅਧਿਕਾਰੀਆਂ ਅਤੇ ਕਰਮਚਾਰੀਆਂ ਦੀ ਮਿਲੀਭੁਗਤ ਨਾਲ ਹੀ ਅੰਜਾਮ ਦਿੱਤੇ ਜਾਂਦੇ ਹਨ ਜਾਂ ਫਿਰ ਇਹਨਾਂ ਦੇ ਪਿੱਛੇ ਅਸਰਦਾਰ ਲੋਕਾਂ ਦੀ ਸਿਫਾਰਿਸ਼ ਹੁੰਦੀ ਹੈ ਅਤੇ ਇਸ ਕਾਰਨ ਸਰਕਾਰੀ ਅਧਿਕਾਰੀ ਅਤੇ ਕਰਮਚਾਰੀ ਇਹਨਾਂ ਦੇ ਖਿਲਾਫ ਕੋਈ ਕਾਰਵਾਈ ਨਹੀਂ ਕਰ ਪਾਉਂਦੇ|
ਨਗਰ ਨਿਗਮ ਦੇ ਨਾਜ਼ਾਇਜ਼ ਕਬਜੇ ਹਟਾਉਣ ਵਾਲੇ ਅਮਲੇ ਵਲੋਂ ਭਾਵੇਂ ਸ਼ਹਿਰ ਦੀ ਇਸ ਅਹਿਮ ਸਮੱਸਿਆ ਦੇ ਹਲ ਲਈ ਕੀਤੀ ਜਾਣ ਵਾਲੀ ਕਾਰਵਾਈ ਦੇ ਤਹਿਤ ਕਦੇ ਕਦਾਰ ਅਜਿਹੀਆਂ ਰੇਹੜੀਆਂ ਫੜੀਆਂ ਦੇ ਖਿਲਾਫ ਕਾਰਵਾਈ ਵੀ ਕੀਤੀ ਜਾਂਦੀ ਹੈ ਜਿਸ ਦੌਰਾਨ ਇਹਨਾਂ ਦਾ ਸਾਮਾਨ ਵੀ ਜਬਤ ਕੀਤਾ ਜਾਂਦਾ ਹੈ ਪਰੰਤੂ ਹਾਲਾਤ ਇਹ ਹਨ ਕਿ ਨਗਰ ਨਿਗਮ ਦੇ ਕਰਮਚਾਰੀਆਂ ਵਲੋਂ ਕੀਤੀ ਜਾਣ ਵਾਲੀ ਇਸ ਕਾਰਵਾਈ ਦੀ ਖਬਰ ਇਹਨਾਂ ਰੇਹੜੀਆਂ ਫੜੀਆਂ ਵਾਲਿਆਂ ਨੂੰ ਪਹਿਲਾਂ ਹੀ ਮਿਲ ਜਾਂਦੀ ਹੈ ਅਤੇ ਉਹ ਤੁਰਤ ਫੁਰਤ ਵਿੱਚ ਆਪਣਾ ਸਾਮਾਨ ਸਮੇਟ ਕੇ (ਨਿਗਮ ਦੀ ਟੀਮ ਦੇ ਪਹੁੰਚਣ ਤੋਂ ਪਹਿਲਾਂ ਹੀ) ਮੌਕੇ ਤੋਂ ਗਾਇਬ ਹੋ ਜਾਂਦੇ ਹਨ ਅਤੇ ਇਸ ਟੀਮ ਦੇ ਜਾਣ ਤੋਂ ਬਾਅਦ ਮੁੜ ਆਪਣੀ ਥਾਂ ਪਰਤ ਆਉਂਦੇ ਹਨ|
ਇਹ ਨਾਜ਼ਾਇਜ਼ ਕਬਜੇ ਨਗਰ ਨਿਗਮ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਦੀ ਕਾਰਗੁਜਾਰੀ ਤੇ ਸਵਾਲੀਆ ਨਿਸ਼ਾਨ ਚੁੱਕਦੇ ਹਨ ਅਤੇ ਇਹਨਾਂ ਨਾਜ਼ਾਇਜ਼ ਕਬਜਿਆਂ ਨੂੰ ਖਤਮ ਕਰਨ ਲਈ ਸਖਤ ਕਰਵਾਈ ਕੀਤੀ ਜਾਣੀ ਬਹੁਤ ਜਰੂਰੀ ਹੈ ਪਰੰਤੂ ਨਗਰ ਨਿਗਮ ਵਲੋਂ ਇਸ ਸੰਬੰਧੀ ਕੀਤੀ ਜਾਣ ਵਾਲੀ ਕਾਰਵਾਈ ਕਿਸੇ ਪੱਖੋਂ ਵੀ ਤਸੱਲੀਬਖਸ਼ ਨਹੀਂ ਹੈ| ਇਸ ਕੰਮ ਵਿੱਚ ਸੁਧਾਰ ਕੀਤਾ ਜਾਣਾ ਬਹੁਤ ਜਰੂਰੀ ਹੈ ਅਤੇ ਜੇਕਰ ਨਗਰ ਨਿਗਮ ਦਾ ਅਮਲਾ ਫੈਲਾ ਇਸ ਸਮੱਸਿਆ ਦੇ ਹਲ ਲਈ ਲੋੜੀਂਦੀ ਕਾਰਵਾਹੀ ਕਰਨ ਦਾ ਸਮਰਥ ਨਹੀਂ ਹੈ ਤਾਂ ਇਹ ਜਿੰਮੇਵਾਰੀ ਕਿਸੇ ਹੋਰ ਨੂੰ ਸੰਭਾਲੀ ਜਾਣੀ ਚਾਹੀਦੀ ਹੈ|
ਇਸ ਕਈ ਸਾਲ ਪਹਿਲਾਂ ਉਸ ਵੇਲੇ ਦੀ ਮਿਉਂਸਪਲ ਕੌਂਸਲ ਵਲੋਂ ਨਾਜਾਇਜ ਕਬਜਿਆਂ ਦੀ ਸਮੱਸਿਆ ਦੇ ਹਲ ਲਈ ਇਹ ਕੰਮ ਪ੍ਰਾਈਵੇਟ ਠੇਕੇਦਾਰ ਦੇ ਹਵਾਲੇ ਕਰਨ ਸੰਬੰਧੀ ਖਰੜਾ ਤਿਆਰ ਕੀਤਾ ਸੀ ਜਿਹੜਾ ਬਾਅਦ ਵਿੱਚ ਕਾਗਜੀ ਕਾਰਵਾਈ ਵਿੱਚ ਹੀ ਰੁਲ ਗਿਆ ਸੀ| ਨਗਰ ਨਿਗਮ ਦੇ ਮੇਅਰ ਸ੍ਰ. ਕੁਲਵੰਤ ਸਿੰਘ (ਜਿਹਨਾਂ ਵਲੋਂ ਮਿਉਂਸਪਲ ਕੌਂਸਲ ਦਾ ਪ੍ਰਧਾਨ ਹੁੰਦਿਆਂ ਇਹ ਖਰੜਾ ਤਿਆਰ ਕੀਤਾ ਗਿਆ ਸੀ) ਨੂੰ ਚਾਹੀਦਾ ਹੈ ਕਿ ਉਹ ਸ਼ਹਿਰ ਵਿੱਚ ਲਗਾਤਾਰ ਵੱਧਦੇ ਨਾਜ਼ਾਇਜ਼ ਕਬਜਿਆਂ ਦੀ ਸਮੱਸਿਆ ਦੇ ਹਲ ਲਈ ਇਹ ਕੰਮ ਨਿੱਜੀ ਠੇਕੇਦਾਰ ਦੇ ਹਵਾਲੇ ਕਰਨ ਦੀ ਤਜਵੀਜ ਨੂੰ ਸਿਰੇ ਚੜ੍ਹਾਉਣ ਲਈ ਕਾਰਵਾਈ ਆਰੰਭ ਕਰਨ| ਅਜਿਹਾ ਕਰਕੇ ਜਿੱਥੇ ਸ਼ਹਿਰ ਵਿਚਲੀ ਨਾਜ਼ਾਇਜ਼ ਕਬਜਿਆਂ ਦੀ ਸਮੱਸਿਆ ਨੂੰ ਕਾਫੀ ਹੱਦ ਤਕ ਹਲ ਕੀਤਾ ਜਾ ਸਕਦਾ ਹੈ ਉੱਥੇ ਇਹਨਾਂ ਨਾਜ਼ਾਇਜ਼ ਕਬਜਿਆਂ ਦੀ ਆੜ ਵਿੱਚ ਚਲਦੇ ਭ੍ਰਿਸ਼ਟਾਚਾਰ ਨੂੰ ਵੀ ਕਾਬੂ ਕੀਤਾ ਜਾ ਸਕਦਾ ਹੈ| ਲੋੜ ਬਸ ਪਾਰਦਰਸ਼ੀ ਅਤੇ ਸਾਫ ਸੁਥਰੇ ਢੰਗ ਨਾਲ ਲੋੜੀਂਦੀ ਕਾਰਵਾਈ ਨੂੰ ਅੰਜਾਮ ਦੇਣ ਦੀ ਹੈ ਤਾਂ ਜੋ ਸ਼ਹਿਰ ਵਿੱਚ ਦਿਨੋਂ ਦਿਨ ਵੱਧਦੇ ਇਹਨਾਂ ਨਾਜ਼ਾਇਜ਼ ਕਬਜਿਆਂ ਨੂੰ ਪ੍ਰਭਾਵੀ ਢੰਗ ਨਾਲ ਖਤਮ ਕੀਤਾ ਜਾ  ਸਕੇ|

Leave a Reply

Your email address will not be published. Required fields are marked *