ਨਗਰ ਨਿਗਮ ਵਲੋਂ ਬਜਟ ਵਿੱਚ ਸਿਟੀ ਬਸ ਸਰਵਿਸ ਚਲਾਉਣ ਲਈ ਰੱਖੇ ਜਾਣਗੇ 5 ਕਰੋੜ ਰੁਪਏ, ਨਿਗਮ ਵਲੋਂ ਚਲਾਈਆਂ ਜਾਣ ਵਾਲੀਆਂ ਬਸਾਂ ਵਿੱਚ ਨਹੀਂ ਹੋਣਗੇ ਕੰਡਕਟਰ, ਵਿਦੇਸ਼ਾਂ ਦੀ ਤਰਜ ਤੇ ਪੂਰੇ ਦਿਨ ਲਈ ਜਾਰੀ ਹੋਵੇਗੀ ਇੱਕੋ ਟਿਕਟ ਨਿਗਮ ਵਲੋਂ ਖਰੀਦੀਆਂ ਜਾਣਗੀਆਂ 20 ਏਅਰ ਕੰਡੀਸ਼ਨਰਡ ਮਿੰਨੀ ਬਸਾਂ : ਕੁਲਵੰਤ ਸਿੰਘ

ਭੁਪਿੰਦਰ ਸਿੰਘ
ਐਸ ਏ ਐਸ ਨਗਰ, 27 ਫਰਵਰੀ

ਨਗਰ ਨਗਮ ਵਲੋਂ ਅਖੀਰਕਾਰ ਸ਼ਹਿਰ ਵਾਸੀਆਂ ਵਾਸਤੇ ਜਨਤਕ ਆਵਾਜਾਈ ਦਾ ਪ੍ਰਬੰਧ ਕਰਨ ਲਈ ਆਪਣੇ ਵਸੀਲਿਆਂ ਤੋਂ ਹੀ ਸਿਟੀ ਬਸ ਸਰਵਿਸ ਆਰੰਭ ਕਰਨ ਲਈ ਲੋੜੀਂਦੀ ਰਕਮ ਦਾ ਪ੍ਰਬੰਧ ਕਰਨ ਦਾ ਫੈਸਲਾ ਕੀਤਾ ਹੈ ਅਤੇ ਇਸ ਸੰਬੰਧੀ ਨਗਰ ਨਿਗਮ ਵਲੋਂ ਵਲੋਂ ਤਿਆਰ ਕੀਤੇ ਜਾ ਰਹੇ ਅਗਲੇ ਸਾਲ ਦੇ ਬਜਟ ਵਿੱਚ 5 ਕਰੋੜ ਰੁਪਏ ਬਸਾਂ ਦੀ ਖਰੀਦ ਅਤੇ ਹੋਰਨਾਂ ਪ੍ਰਬੰਧਾਂ ਵਾਸਤੇ ਰੱਖੇ ਜਾ ਰਹੇ ਹਨ| ਨਗਰ ਨਿਗਮ ਵਲੋਂ ਸ਼ਹਿਰ ਵਿੱਚ ਚਲਾਏ ਜਾਣ ਵਾਲੇ ਵੱਖ ਵੱਖ ਰੂਟਾ ਤੇ ਚਲਾਉਣ ਲਈ ਕੁਲ 20 ਬਸਾਂ ਦੀ ਖਰੀਦ ਕੀਤੇ ਜਾਣ ਦੀ ਯੋਜਨਾ ਹੈ ਅਤੇ ਇਸ ਸੰਬੰਧੀ ਨਗਰ ਨਿਗਮ ਵਲੋਂ ਲੋੜੀਂਦੇ ਕਰਮਚਾਰੀਆਂ ਦੀ ਭਰਤੀ ਕਰਨ ਲਈ ਵੀ ਤਿਆਰੀ ਕੀਤੀ ਜਾ ਰਹੀ ਹੈ|
ਨਗਰ ਨਿਗਮ ਦੇ ਮੇਅਰ ਸ੍ਰ. ਕੁਲਵੰਤ ਸਿੰਘ ਨੇ ਇਸ ਸੰਬੰਧੀ ਸੰਪਰਕ ਕਰਨ ਤੇ ਦੱਸਿਆ ਕਿ ਸ਼ਹਿਰ ਵਿੱਚ ਜਨਤਕ ਆਵਾਜਾਈ ਦਾ ਪ੍ਰਬੰਧ ਕਰਨ ਲਈ ਨਗਰ ਨਿਗਮ ਵਲੋਂ ਪਹਿਲਾਂ ਗਮਾਡਾ ਦੇ ਨਾਲ ਮਿਲ ਕੇ ਤਜਵੀਜ ਤਿਆਰ ਕੀਤੀ ਗਈ ਸੀ ਪਰੰਤੂ ਇਸ ਸੰਬੰਧੀ ਮਾਮਲਾ ਕਿਸੇ ਨ ਕਿਸੇ ਕਾਰਨ ਲਮਕਦਾ ਰਿਹਾ ਹੈ ਅਤੇ ਹੁਣ ਨਿਗਮ ਵਲੋਂ ਆਪਣੇ ਪੱਧਰ ਤੇ ਹੀ ਸਿਟੀ ਬਸ ਸਰਵਿਸ ਚਾਲੂ ਕਰਨ ਦਾ ਫੈਸਲਾ ਕੀਤਾ ਗਿਆ ਹੈ| ਉਹਨਾਂ ਕਿਹਾ ਕਿ ਸ਼ਹਿਰ ਵਿੱਚ ਚਲਾਉਣ ਲਈ ਮਿਨੀ ਬਸਾਂ ਦੀ ਖਰੀਦ ਕੀਤੀ ਜਾਵੇਗੀ ਜਿਹੜੀਆਂ ਏਅਰ ਕੰਡੀਸ਼ਨਡ ਹੋਣਗੀਆਂ ਅਤੇ ਇਹਨਾਂ ਵਿੱਚ ਨਾਗਰਿਕਾਂ ਨੂੰ ਅਤਿਆਧੁਨਿਕ ਸਹੂਲਤਾਂ ਹਾਸਿਲ ਹੋਣਗੀਆਂ| ਉਹਨਾਂ ਕਿਹਾ ਕਿ ਇਸ ਮਾਮਲੇ ਵਿੱਚ ਪਾਰਦਰਸ਼ਿਤਾ ਰੱਖਣ ਲਈ ਇਹ ਪ੍ਰਬੰਧ ਕੀਤਾ ਜਾ ਰਿਹਾ ਹੈ ਕਿ ਇਹਨਾਂ ਬਸਾਂ ਵਿੱਚ ਸਫਰ ਕਰਨ ਲਈ ਨਿਗਮ ਵਲੋਂ (ਵਿਦੇਸ਼ ਦੀ ਤਰਜ ਤੇ) ਪੂਰੇ ਦਿਨ ਲਈ ਇੱਕ ਹੀ ਟਿਕਟ ਜਾਰੀ ਕੀਤੀ ਜਾਵੇ ਜਿਹੜੀ ਇਹਨਾਂ ਸਾਰੀਆਂ ਹੀ ਬਸਾਂ ਵਿੱਚ ਮਨਣਯੋਗ ਹੋਵੇ| ਇਸਤੋਂ ਇਲਾਵਾ ਇਹਨਾਂ ਬਸਾਂ ਵਿੱਚ ਸਫਰ ਵਾਸਤੇ ਵਿਸ਼ੇਸ਼  (ਪ੍ਰੀਪੇਡ)ਕਾਰਡ ਜਾਰੀ ਕਰਨ ਦੀ ਵੀ ਤਜਵੀਜ ਤੇ ਵਿਚਾਰ ਕੀਤਾ ਜਾ ਰਿਹਾ ਹੈ ਜਿਹਨਾਂ ਨੂੰ ਇਹਨਾਂ ਬਸਾਂ ਵਿੱਚ ਸਫਰ ਵਾਸਤੇ ਵਰਤਿਆ ਜਾ ਸਕੇਗਾ| ਉਹਨਾਂ ਕਿਹਾ ਕਿ ਸ਼ੁਰੂਆਤੀ ਦੌਰ ਵਿੱਚ ਇਹ ਬਸਾਂ ਸ਼ਹਿਰ ਵਿੱਚ ਹੀ ਵੱਖ ਵੱਖ ਰੂਟਾ ਤੇ ਚਲਾਈਆਂ ਜਾਣਗੀਆਂ ਜਿਹਨਾਂ ਵਿੱਚ ਰੇਲਵੇ ਸਟੇਸ਼ਨ, ਹਵਾਈ ਅੱਡੇ ਅਤੇ ਬਸ ਅੱਡੇ ਜਾਣ ਵਾਲੇ ਲੋਕਾਂ ਦੀ ਸੁਵਿਧਾ ਨੂੰ ਧਿਆਨ ਵਿੱਚ ਰੱਖ ਕੇ ਰੂਟ ਤਿਆਰ ਕੀਤੇ ਜਾਣਗੇ|
ਉਹਨਾਂ ਦੱਸਿਆ ਕਿ ਸ਼ੁਰੂਆਤ ਵਿੱਚ 20 ਬਸਾਂ ਦੀ ਖਰੀਦ ਕਰਕੇਚਲਾਉਣ ਦੀ ਯੋਜਨਾ ਬਣਾਈ ਗਈ ਹੈ ਅਤੇ ਬਾਅਦ ਵਿੱਚ ਜੇਕਰ ਲੋੜ ਪਈ ਤਾਂ ਇਹਨਾਂ ਬਸਾਂ ਦੀ ਗਿਣਤੀ ਵਿੱਚ ਹੋਰ ਵੀ ਵਾਧਾ ਕੀਤਾ ਜਾਵੇਗਾ| ਉਹਨਾਂ ਦੱਸਿਆ ਕਿ ਨਿਗਮ ਨੂੰ ਇਸ ਵਾਸਤੇ ਲੜੀਂਦੀ ਰਕਮ ਦਾ ਪ੍ਰਬੰਧ ਕਰਨ ਲਈ ਕਿਸੇ ਵੀ ਏਜੰਸੀ ਅੱਗੇ ਹੱਥ ਅੱਡਣ ਦੀ ਲੋੜ ਨਹੀਂ ਹੈ| ਉਹਨਾਂ ਇਹ ਜਰੂਰ ਕਿਹਾ ਕਿ ਜੇਕਰ ਲੋੜ ਪਈ ਤਾਂ ਇਸ ਵਾਸਤੇ ਨਿਗਮ ਵਲੋਂ ਬੈਂਕ ਤੋਂ ਕਰਜਾ ਵੀ ਲਿਆ ਜਾ ਸਕਦਾ ਹੈ|

Leave a Reply

Your email address will not be published. Required fields are marked *