ਨਗਰ ਨਿਗਮ ਵਲੋਂ ਵਪਾਰੀਆਂ ਅਤੇ ਉਦਯੋਗਪਤੀਆਂ ਨੂੰ ਰਾਹਤ

ਨਗਰ ਨਿਗਮ ਵਲੋਂ ਵਪਾਰੀਆਂ ਅਤੇ ਉਦਯੋਗਪਤੀਆਂ ਨੂੰ ਰਾਹਤ
ਹੁਣ ਆਨਲਾਈਨ ਜਮ੍ਹਾਂ ਹੋ ਸਕੇਗਾ ਵਪਾਰਕ ਅਤੇ ਉਦਯੋਗਿਕ ਅਦਾਰਿਆਂ ਦਾ ਪ੍ਰਾਪਰਟੀ ਟੈਕਸ
ਐਸ.ਏ.ਐਸ.ਨਗਰ, 14 ਸਤੰਬਰ (ਸ.ਬ.) ਨਗਰ ਨਿਗਮ ਨੇ ਸ਼ਹਿਰ ਦੇ ਵਪਾਰੀਆਂ ਅਤੇ ਉਦਯੋਗਪਤੀਆਂ ਨੂੰ ਵੱਡੀ ਰਾਹਤ ਦਿੰਦਿਆਂ ਉਨ੍ਹਾਂ ਦਾ ਪ੍ਰਾਪਰਟੀ ਟੈਕਸ ਆਨ ਲਾਈਨ ਜਮਾਂ ਕਰਵਾਉਣ ਦੀ ਪ੍ਰਵਾਨਗੀ ਦੇ ਦਿੱਤੀ ਹੈ ਜਿਸ ਨਾਲ ਹੁਣ ਵਪਾਰੀਆਂ ਅਤੇ ਉਦਯੋਗਪਤੀਆਂ ਨੂੰ ਨਿੱਜੀ ਤੌਰ ਤੇ ਨਗਰ ਨਿਗਮ ਦੇ ਦਫਤਰ ਜਾ ਕੇ ਅਤੇ ਲਾਈਨਾਂ ਵਿੱਚ ਲਗ ਕੇ ਪ੍ਰਾਪਰਟੀ ਟੈਕਸ ਜਮਾਂ ਕਰਵਾਉਣ ਦੀ ਖਜੱਲ ਖੁਆਰੀ ਤੋਂ ਛੁਟਕਾਰਾ ਮਿਲ ਸਕੇਗਾ|
ਇਸ ਸੰਬਧੀ ਫੈਸਲਾ ਮੁਹਾਲੀ ਵਪਾਰ ਮੰਡਲ ਮੁਹਾਲੀ ਦੇ ਪ੍ਰਧਾਨ ਸ੍ਰੀ ਵਿਨੀਤ ਵਰਮਾ ਵਲੋਂ ਨਗਰ ਨਿਗਮ ਦੇ ਕਮਿਸ਼ਨਰ ਸ੍ਰੀ ਕਮਲ ਕੁਮਾਰ ਗਰਗ ਤੋਂ ਵਪਾਰੀਆਂ ਨੂੰ ਪ੍ਰਾਪਰਟੀ ਟੈਕਸ ਆਨ ਲਾਈਨ ਜਮਾਂ ਕਰਵਾਉਣ ਦੀ ਮੰਗ ਕਰਨ ਤੋਂ ਬਾਅਦ ਕੀਤਾ ਗਿਆ ਹੈ| ਇਸ ਸੰਬਧੀ ਸ੍ਰੀ ਵਿਨੀਤ ਵਰਮਾ ਵਲੋਂ ਨਗਰ ਨਿਗਮ ਦੇ ਕਮਿਸ਼ਨਰ ਕਮਲ ਕੁਮਾਰ ਗਰਗ ਤੋਂ ਮੰਗ ਕੀਤੀ ਗਈ ਸੀ ਕਿ ਕੋਰੋਨਾ ਮਾਹਾਂਮਾਰੀ ਨੂੰ ਮੁੱਖ ਰਖਦਿਆਂ ਵਪਾਰੀਆਂ ਨੂੰ ਪ੍ਰਾਪਰਟੀ ਟੈਕਸ ਆਨ ਲਾਈਨ ਜਮਾਂ ਕਰਵਾਉਣ ਦੀ ਸੁਵਿਧਾ ਦਿੱਤੀ ਜਾਵੇ ਕਿਉਂਕਿ ਦਫਤਰ ਵਿੱਚ ਪ੍ਰਾਪਰਟੀ ਟੈਕਸ ਜਮਾਂ ਕਰਵਾਉਣ ਲਈ ਪਹੁੰਚਣ ਵਾਲੇ ਵਪਾਰੀਆਂ ਦੀ ਭੀੜ ਵੱਧ ਹੋਣ ਕਾਰਨ ਉੱਥੇ ਸਮਾਜਿਕ ਦੂਰੀ ਦੇ ਨਿਯਮਾਂ ਦੀ ਉਲੰਘਣਾ ਹੁੰਦੀ ਹੈ ਅਤੇ ਲਾਈਨਾਂ ਲੰਬੀਆਂ ਹੋਣ ਕਾਰਨ ਵਪਾਰੀਆਂ ਨੂੰ ਤੇਜ ਧੁੱਪ ਵਿੱਚ ਖੜ੍ਹੇ ਹੋ ਕੇ ਆਪਣੀ ਵਾਰੀ ਦੀ ਉਡੀਕ ਕਰਨੀ ਪੈਂਦੀ ਹੈ ਜਿਸ ਕਾਰਨ ਜਿੱਥੇ ਉਨ੍ਹਾਂ ਨੂੰ ਭਾਰੀ ਖੱਜਲ ਖੁਆਰੀ ਦਾ ਸਾਹਮਣਾ ਕਰਨਾ ਪੈਂਦਾ ਹੈ, ਉੱਥੇ ਉਨ੍ਹਾਂ ਦਾ ਕਾਫੀ ਸਮਾਂ ਵੀ ਖਰਾਬ ਹੰਦਾ ਹੈ| ਜਿਸ ਤੋਂ ਬਾਅਦ ਨਗਰ ਨਿਗਮ ਦੇ ਕਮਿਸ਼ਨਰ ਸ੍ਰੀ ਗਰਗ ਵਲੋਂ ਇਸ ਸੰਬਧੀ ਹੁਕਮ ਜਾਰੀ ਕਰ ਦਿੱਤੇ ਗਏ ਕਿ ਵਪਾਰੀਆਂ ਅਤੇ ਉਦਯੋਗਪਤੀਆਂ ਨੂੰ ਆਨ ਲਾਈਨ ਸੁਵਿਧਾ ਮੁਹੱਈਆਂ ਕਰਵਾਈ ਜਾਵੇ| 
ਜਿਕਰਯੋਗ ਹੈ ਕਿ ਨਗਰ ਨਿਗਮ ਵਲੋਂ ਰਿਹਾਇਸ਼ੀ ਖੇਤਰ ਵਾਸਤੇ ਪਹਿਲਾ ਹੀ ਆਨ ਲਾਈਨ ਪ੍ਰਾਪਰਟੀ ਟੈਕਸ ਜਮਾਂ ਕਰਵਾਉਣ ਦੀ ਸੁਵਿਧਾ ਦਿੱਤੀ ਗਈ ਹੈ ਜਦੋਂਕਿ ਵਪਾਰਕ ਅਤੇ ਉਦਯੋਗਿਕ ਅਦਾਰਿਆਂ ਨੂੰ ਨਿੱਜੀ ਤੌਰ ਤੇ ਪ੍ਰਾਪਰਟੀ ਟੈਕਸ ਜਮਾਂ ਕਰਵਾਉਣਾ ਪੈਂਦਾ ਸੀ ਕਿਉਂਕਿ ਵਪਾਰਕ ਅਤੇ ਉਦਯੋਗਿਕ ਜਾਇਦਾਦਾਂ ਉਪਰ ਪ੍ਰਾਪਰਟੀ ਟੈਕਸ ਦੀ ਦਰ ਮਾਲਕ ਵਲੋਂ ਕੰਮ ਕਰਨ ਅਤੇ ਕਿਰਾਏਦਾਰ ਰੱਖੇ ਜਾਣ ਤੇ ਵਖੋਂ-ਵੱਖਰੀ ਹੈ| ਇਸ ਕਰਕੇ ਨਿਗਮ ਕਰਮਚਾਰੀਆਂ ਵਲੋਂ ਮੌਕੇ ਤੇ ਅਸੈਸਮੈਂਟ ਕਰਕੇ ਪ੍ਰਾਪਰਟੀ ਟੈਕਸ ਲਿਆ ਜਾਂਦਾ ਸੀ| 
ਨਗਰ ਨਿਗਮ ਦੇ ਕਮਿਸ਼ਨਰ ਨੇ ਕਿਹਾ ਕਿ ਕੋਵਿਡ-19 ਨੂੰ ਮੁੱਖ ਰਖਦਿਆਂ ਨਿਗਮ ਵਲੋਂ ਸਾਰਿਆਂ ਨੂੰ ਪ੍ਰਾਪਰਟੀ ਟੈਕਸ ਆਨ ਲਾਈਨ ਜਮਾਂ ਕਰਵਾਉਣ ਦੀ ਸੁਵਿਧਾ ਦੇਣ ਦਾ ਫੈਸਲਾ ਕੀਤਾ ਗਿਆ ਹੈ ਅਤੇ ਜੇਕਰ ਕਿਸੇ ਵਪਾਰਕ ਜਾਂ ਉਦਯੋਗਿਕ ਜਾਇਦਾਦ ਦੇ ਮਾਲਕ ਵਲੋਂ ਪ੍ਰਾਪਰਟੀ ਟੈਕਸ ਜਮਾਂ ਕਰਵਾਉਣ ਵੇਲੇ ਸੈਲਫ ਅਸੈਸਮੇਂਟ ਵਿੱਚ ਕੋਈ ਗਲਤੀ ਰਹਿ ਗਈ ਤਾਂ ਉਸਨੂੰ ਬਾਅਦ ਵਿੱਚ ਵਸੂਲ ਕਰ ਲਿਆ ਜਾਵੇਗਾ|
ਵਪਾਰ ਮੰਡਲ ਮੁਹਾਲੀ ਦੇ ਪ੍ਰਧਾਨ ਸ੍ਰੀ ਵਿਨੀਤ ਵਰਮਾ ਨੇ ਨਗਰ ਨਿਗਮ ਦੇ ਕਮਿਸ਼ਨਰ ਵਲੋਂ ਇਸ ਸੰਬਧੀ ਹੁਕਮ ਜਾਰੀ ਕਰਨ ਦਾ ਸਵਾਗਤ ਕਰਦਿਆਂ ਕਿਹਾ ਕਿ ਅਜਿਹਾ ਹੋਣ ਨਾਲ ਵਪਾਰਕ ਅਤੇ ਉਦਯੋਗਿਕ ਵਰਗ ਨੂੰ ਵੱਡੀ ਰਾਹਤ ਮਿਲੀ ਹੈ| ਉਹਨਾਂ ਵਪਾਰੀ ਵਰਗ ਨੂੰ ਅਪੀਲ ਕੀਤੀ ਕਿ ਉਹ ਆਪਣਾ ਬਣਦਾ ਪੂਰਾ ਟੈਕਸ ਜਮਾਂ ਕਰਵਾਉਣ|  

Leave a Reply

Your email address will not be published. Required fields are marked *