ਨਗਰ ਨਿਗਮ ਵਲੋਂ ਸ਼ਹਿਰ ਦੀਆਂ ਮਾਰਕੀਟਾਂ ਵਿੱਚ ਪਾਰਕਿੰਗ ਫੀਸ ਲਗਾਉਣ ਦੀ ਤਿਆਰੀ?

ਨਗਰ ਨਿਗਮ ਵਲੋਂ ਸ਼ਹਿਰ ਦੀਆਂ ਮਾਰਕੀਟਾਂ ਵਿੱਚ ਪਾਰਕਿੰਗ ਫੀਸ ਲਗਾਉਣ ਦੀ ਤਿਆਰੀ?
ਕੂੜੇ ਦੇ ਖਿਲਰਨ ਦੀ ਸਮੱਸਿਆ ਦੇ ਹਲ ਲਈ ਸਮਾਰਟ ਬਿਨ ਲਗਾਉਣ ਦੀ ਤਜਵੀਜਾ, ਡੰਪਿੰਗ ਗ੍ਰਾਊਡ ਵਿੱਚ ਤਬਦੀਲ ਹੋਵੇਗਾ ਸਲਾਟਰ ਹਾਊਸ
ਐਸ. ਏ. ਐਸ. ਨਗਰ, 24 ਜੂਨ (ਸ.ਬ.) ਨਗਰ ਨਿਗਮ ਵਲੋਂ ਛੇਤੀ ਹੀ ਸ਼ਹਿਰ ਦੀਆਂ ਮਾਰਕੀਟਾਂ ਵਿੱਚ ਪਾਰਕਿੰਗ ਫੀਸ ਲਾਗੂ ਕਰਨ ਸਬੰਧੀ ਮਤਾ ਲਿਆਂਦਾ ਜਾ ਸਕਦਾ ਹੈ| ਇਸ ਸਬੰਧੀ 27 ਜੂਨ ਨੂੰ ਹੋਣ ਵਾਲੀ ਨਗਰ ਨਿਗਮ ਦੀ ਮੀਟਿੰਗ ਵਿੱਚ ਭਾਵੇਂ ਸਪਸ਼ਟ ਤੌਰ ਤੇ ਕੁਝ ਨਹੀਂ ਕਿਹਾ ਗਿਆ ਹੈ ਪਰੰਤੂ ਏਜੰਡੇ ਵਿੱਚ ਸ਼ਹਿਰ ਦੀਆਂ ਵੱਖ ਵੱਖ ਮਾਰਕੀਟਾਂ ਵਿੱਚ ਪਾਰਕਿੰਗ ਦਾ ਉਪਬੰਧ ਕਰਨ ਸਬੰਧੀ ਮਤਾ ਜਰੂਰ ਲਿਆਂਦਾ ਗਿਆ ਹੈ|
ਇੱਥੇ ਇਹ ਜਿਕਰਯੋਗ ਹੈ ਕਿ ਨਗਰ ਨਿਗਮ ਵਲੋਂ ਤਿੰਨ ਸਾਲ ਪਹਿਲਾਂ ਸ਼ਹਿਰ ਦੇ ਵੱਖ ਵੱਖ ਫੇਜ਼ਾਂ ਦੀਆਂ ਮਾਰਕੀਟਾਂ ਵਿੱਚ ਪਾਰਕਿੰਗਾਂ ਨੂੰ ਠੇਕੇ ਤੇ ਦੇਣ ਦਾ ਤਜਰਬਾ ਕੀਤਾ ਜਾ ਚੁੱਕਿਆ ਹੈ ਜਿਹੜਾ ਬੁਰੀ ਤਰ੍ਹਾਂ ਨਾਕਾਮ ਰਿਹਾ ਸੀ ਅਤੇ ਬਾਅਦ ਵਿੱਚ ਸ਼ਹਿਰ ਦੇ ਚੁਣੇ ਹੋਏ ਕੌਂਸਲਰਾਂ ਵਲੋਂ ਨਿਗਮ ਦੇ ਠੇਕੇ ਨੂੰ ਅੱਗੇ ਨਾ ਵਧਾਏ ਜਾਣ ਤੋਂ ਬਾਅਦ ਇਹ ਠੇਕਾ ਖਤਮ ਹੋ ਗਿਆ ਸੀ|
ਇਸ ਦੇ ਨਾਲ ਹੀ ਇਸ ਵਾਰ ਮੀਟਿੰਗ ਵਿੱਚ ਸ਼ਹਿਰ ਵਿੱਚ ਸਫਾਈ ਵਿਵਸਥਾ ਵਿੱਚ ਸੁਧਾਰ ਕਰਨ ਲਈ ਸਮਾਰਟ ਬਿਨ ( ਕੂੜਾਦਾਨ) ਲਗਾਉਣ ਦਾ ਮਤਾ ਲਿਆਂਦਾ ਗਿਆ ਹੈ| ਇਹ ਸਮਾਰਟ ਬਿਨ 5 ਫੁੱਟ ਚੌੜੇ ਅਤੇ 10 ਫੁੱਟ ਲੰਬੇ ਹੋਣਗੇ ਅਤੇ ਇਹਨਾਂ ਦਾ 6 ਫੁੱਟ ਹਿੱਸਾ ਜਮੀਨ ਦੇ ਅੰਦਰ ਰਹੇਗਾ| ਇਹਨਾਂ ਬਿਨਾਂ ਦੇ ਅੰਦਰ  ਗੈਲਵੋਨਾਈਜਡ  ਸਟੀਲ ਦਾ ਬੈਗ ਹੋਵੇਗਾ| ਜਿਸ ਨੂੰ ਆਸਾਨੀ ਨਾਲ ਖਾਲੀ ਕੀਤਾ ਜਾ ਸਕਦਾ ਹੈ| ਇਸ ਸਮਾਰਟ ਬਿਨ ਵਿੱਚ ਲੱਗਿਆ ਸੈਂਸਰ ਇਸਦੇ 90 ਫੀਸਦੀ ਭਰਨ ਤੇ ਸੰਬੰਧਿਤ  ਅਧਿਕਾਰੀ ਅਤੇ ਡ੍ਰਾਈਵਰ ਨੂੰ ਐਸ ਐਮ ਐਸ ਭੇਜ ਦੇਵੇਗਾ| ਜਿਸ ਨਾਲ ਇਸਨੂੰ ਸਮੇਂ ਸਿਰ ਖਾਲੀ ਕੀਤਾ ਜਾ ਸਕੇਗਾ| ਇਹਨਾਂ ਸਮਾਰਟ ਬਿਨਾਂ ਦੇ ਨਾਲ ਪੋਰੇਟਬਲ ਬਾਇਉ ਕੰਪੈਸਟਰ ਵੀ ਲਗਾਏ ਜਾਣਗੇ| ਜਿਹੜੇ ਕੂੜੇ ਨੂੰ ਦਬਾ ਕੇ ਇਕੱਠਾ ਕਰ ਦੇਣਗੇ ਤਾਂ ਜੋ  ਇਹ ਘੱਟ ਥਾਂ ਘੇਰੇ| ਇਹਨਾਂ ਵਿਚ ਅਲਾਰਮ ਲੱਗਿਆ ਹੁੰਦਾ ਹੈ ਜਿਹੜਾ 90 ਫੀਸਦੀ ਭਰਨ ਤੇ ਵੱਜਣ ਲੱਗ ਜਾਂਦਾ ਹੈ| ਇਹਨਾਂ ਸਾਈਟਾ ਤੇ  1 ਫੁਲੀ ਅੰਡਰਗ੍ਰਾਊਡ ਕੰਪੈਸਟਰ ਵੀ ਲਗਾਇਆ ਜਾਵੇਗਾ| ਇਸਦੇ ਨਾਲ ਨਾਲ ਨਿਗਮ ਵੱਲੋਂ ਇਹ ਬਿਨ ਖਾਲੀ ਕਰਨ ਲਈ ਸਮਾਰਟ ਟਰੱਕ (ਕ੍ਰੇਨ) 1 ਸਮਾਰਟ  ਟਰੱਕ (ਮਲਟੀ) ਅਤੇ 200 ਪ੍ਰਾਈਮਰੀ ਕਲੈਕਸ਼ਨ ਵਹੀਕਲ (ਰੇਹੜੀਆਂ) ਦੀ ਖਰੀਦ ਕੀਤੀ  ਜਾਵੇਗੀ| ਇਸ ਪ੍ਰੋਜੈਕਟ ਤੇ ਕੁਲ 6,23,32,600 ਰੁਪਏ ਦਾ ਖਰਚਾ ਆਉਣਾ ਹੈ ਜਿਸ ਵਿੱਚੋਂ 35 ਫੀਸਦੀ ਕੇਂਦਰ ਸਰਕਾਰ ( ਸਵੱਛ ਭਾਰਤ ਸਕੀਮ ਤਹਿਤ ), 24 ਫੀਸਦੀ ਨਗਰ ਨਿਗਮ ਅਤੇ 40 ਫੀਸਦੀ ਪ੍ਰਾਈਵੇਟ ਏਜੰਸੀ (ਪੀ. ਪੀ. ਮੋਡ ਤਹਿਤ) ਖਰਚ ਕੀਤਾ ਜਾਵੇਗਾ|
ਨਗਰ ਨਿਗਮ ਦੇ ਕਮਿਸ਼ਨਰ ਸ੍ਰੀ ਰਾਜੇਸ਼ ਧੀਮਾਨ ਨੇ ਦੱਸਿਆ ਕਿ ਸ਼ਹਿਰ ਵਿੱਚ ਕੁਲ 43 ਥਾਵਾਂ ਤੇ ਇਹ ਸਮਾਰਟ ਬਿਨ ਲੱਗਣਗੇ ਅਤੇ ਹਰੇਕ ਸਾਈਟ ਤੇ 2 ਸਮਾਰਟ ਬਿਨ (ਕੁੱਲ 86), ਇੱਕ ਪੋਰਟੇਬਲ ਬਾਇਉਂ ਕੰਪੈਸਟਰ, ਇੱਕ ਫੁਲੀ ਅੰਡਰਗਾਰਊਂਡ ਬਾਇਉਂ ਕੰਪੈਸਟਰ ਲਗਾਇਆ ਜਾਵੇਗਾ| ਉਹਨਾਂ ਕਿਹਾ ਕਿ ਕੂੜੇ ਦੀ ਟ੍ਰਾਂਸਪੇਰਟੇਸ਼ਨ ਦਾ ਪੂਰਾ ਕੰਮ ਮਸ਼ੀਨਾਂ ਨਾਲ ਹੋਵੇਗਾ ਅਤੇ ਇਸ ਨਾਲ ਥਾਂ ਥਾਂ ਤੇ ਖਿਲਰਣ ਵਾਲੇ ਕੂੜੇ ਦੀ ਸਮੱਸਿਆ ਦੀ ਮੁਕੰਮਲ ਹੱਲ ਹੋ ਜਾਵੇਗਾ|
ਮੀਟਿੰਗ ਵਿੱਚ ਸਲਾਟਰ ਹਾਊਸ ਦੀ ਸਾਈਟ ਨੂੰ ਤਬਦੀਲ ਕਰਕੇ ਡੰਪਿੰਗ ਗ੍ਰਾਊਂਡ ( ਸੈਕਟਰ -74 ) ਵਿਖੇ ਲਿਜਾਉਣ ਅਤੇ ਸ਼ਹਿਰ ਵਿੱਚ ਵੱਖ ਵੱਖ ਥਾਵਾਂ ਤੇ ਬਣੇ 65 ਟਾਇਲਟ ਬਲਾਕਾਂ ਨੂੰ ਚਲਾਉਣ ਅਤੇ ਉਹਨਾਂ ਦੇ ਰੱਖ ਰਖਾਉਂ ਦੇ ਕੰਮ ਤੇ 4 ਕੋਰੜ 63 ਲੱਖ ਰੁਪਏ ਦੇ ਖਰਚੇ ਦਾ ਮਤਾ ਵੀ ਪਾਇਆ ਜਾ ਰਿਹਾ ਹੈ|

Leave a Reply

Your email address will not be published. Required fields are marked *