ਨਗਰ ਨਿਗਮ ਵੱਲੋਂ ਪਿੰਡ ਮੁਹਾਲੀ ਵਿਚਲੀਆਂ ਮੀਟ ਦੀਆਂ ਦੁਕਾਨਾਂ ਦੀ ਜਾਂਚ

ਐਸ.ਏ.ਐਸ ਨਗਰ, 11 ਜੁਲਾਈ (ਸ.ਬ.) ਮਿਸ਼ਨ ਤੰਦਰੁਸਤ ਪੰਜਾਬ ਦੇ ਟੀਚਿਆਂ ਦੀ ਪ੍ਰਾਪਤੀ ਲਈ ਨਗਰ ਨਿਗਮ ਮੁਹਾਲੀ ਦੀ ਟੀਮ ਵੱਲੋਂ ਪਿੰਡ ਮੁਹਾਲੀ ਵਿਚਲੀਆਂ ਮੀਟ ਦੀਆਂ ਦੁਕਾਨਾਂ ਦੀ ਜਾਂਚ ਕੀਤੀ ਗਈ ਤੇ ਦੁਕਾਨ ਮਾਲਕਾਂ ਨੂੰ ਸਾਫ਼ ਸਫਾਈ ਸਬੰਧੀ ਲੋੜੀਂਦੇ ਦਿਸ਼ਾ ਨਿਰਦੇਸ਼ ਜਾਰੀ ਕੀਤੇ ਗਏ ਤਾਂ ਜੋ ਲੋਕਾਂ ਲਈ ਸਾਫ-ਸੁਥਰੀਆਂ ਵਸਤਾਂ ਦੀ ਵਿਕਰੀ ਯਕੀਨੀ ਬਣਾਈ ਜਾ ਸਕੇ ਤੇ ਉਨ੍ਹਾਂ ਦੀ ਸਿਹਤ ਨਾਲ ਕਿਸੇ ਕਿਸਮ ਦਾ ਖਿਲਵਾੜ ਨਾ ਹੋਵੇ| ਇਹ ਜਾਣਕਾਰੀ ਦਿੰਦਿਆਂ ਨਿਗਮ ਦੀ ਸੰਯੁਕਤ ਕਮਿਸ਼ਨਰ ਸ੍ਰੀਮਤੀ ਅਵਨੀਤ ਕੌਰ ਨੇ ਦੱਸਿਆ ਕਿ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਨਿਗਮ ਦੀ ਟੀਮ ਵੱਲੋਂ ਪਿੰਡ ਮੁਹਾਲੀ ਵਿੱਚ ਵਿਸ਼ੇਸ਼ ਸਫਾਈ ਮੁਹਿੰਮ ਵੀ ਚਲਾਈ ਗਈ| ਉਹਨਾਂ ਦੱਸਿਆ ਕਿ ਇਸ ਸਫਾਈ ਮੁਹਿੰਮ ਦੌਰਾਨ ਜਿੱਥੇ ਸਫਾਈ ਕੀਤੀ ਗਈ, ਉਥੇ ਲੋਕਾਂ ਨੂੰ ਸਫਾਈ ਦੀ ਅਹਿਮੀਅਤ ਬਾਰੇ ਜਾਣਕਾਰੀ ਦੇਣ ਦੇ ਨਾਲ ਨਾਲ ਗਿੱਲੇ ਤੇ ਸੁੱਕੇ ਕੂੜੇ ਨੂੰ ਵੱਖ ਵੱਖ ਰੱਖਣ ਲਈ ਜਾਗਰੂਕ ਵੀ ਕੀਤਾ ਗਿਆ| ਉਨ੍ਹਾਂ ਦੱਸਿਆ ਕਿ ਇਸ ਦੌਰਾਨ ਮੁਹਾਲੀ ਵਿਚਲੀ ਸ਼ਬਜੀ ਮੰਡੀ ਦੀ ਵਿਸ਼ੇਸ਼ ਤੌਰ ਤੇ ਵਾਤਾਵਰਨ ਪੱਖੀ ਲਿਫਾਫਿਆਂ ਦੀ ਵਰਤੋਂ ਲਈ ਜਾਗਰੂਕਤਾ ਮੁਹਿੰਮ ਚਲਾਈ ਗਈ ਅਤੇ ਲੋਕਾਂ ਨੂੰ ਇਹਨਾਂ ਲਿਫਾਫਿਆਂ ਦੀ ਵਰਤੋਂ ਕਰਨ ਲਈ ਪ੍ਰੇਰਿਆ ਗਿਆ| ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਆਲੇ ਦੁਆਲੇ ਸਫਾਈ ਰੱਖਣ ਅਤੇ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੇ ਮਿਸ਼ਨ ਤੰਦਰੁਸਤ ਪੰਜਾਬ ਵਿੱਚ ਆਪਣਾ ਯੋਗਦਾਨ ਪਾਉਣ|

Leave a Reply

Your email address will not be published. Required fields are marked *