ਨਗਰ ਪ੍ਰੀਸ਼ਦ ਦੇ ਸਪੁਰਦ ਹੋਣ ਉਪਰੰਤ ਸ਼ਿਵਾਲਿਕ ਸਿਟੀ ਦੀ ਹਾਲਤ ਖਸਤਾ : ਗਰਚਾ

ਨਗਰ ਪ੍ਰੀਸ਼ਦ ਦੇ ਸਪੁਰਦ ਹੋਣ ਉਪਰੰਤ ਸ਼ਿਵਾਲਿਕ ਸਿਟੀ ਦੀ ਹਾਲਤ ਖਸਤਾ : ਗਰਚਾ
ਬੀਬੀ ਗਰਚਾ ਨੇ ਨਗਰ ਪ੍ਰੀਸ਼ਦ ਦੀ ਪ੍ਰਧਾਨ ਨੂੰ ਪੱਤਰ ਲਿਖ ਕੇ ਸ਼ਿਵਾਲਿਕ ਸਿਟੀ ਦੀ ਸਾਰ ਲੈਣ ਦੀ ਕੀਤੀ ਮੰਗ
ਖਰੜ, 6 ਅਪ੍ਰੈਲ (ਸ.ਬ.) ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੀ ਸਾਬਕਾ ਓ.ਐਸ.ਡੀ. ਬੀਬੀ ਲਖਵਿੰਦਰ ਕੌਰ ਗਰਚਾ ਨੇ ਖਰੜ-ਲਾਂਡਰਾਂ ਰੋਡ ਉਤੇ ਸੈਕਟਰ 127 ਵਿੱਚ ਵਸੀ ਰਿਹਾਇਸ਼ੀ ਕਾਲੋਨੀ ਸ਼ਿਵਾਲਿਕ ਸਿਟੀ ਦੇ ਵਸਨੀਕਾਂ ਨੂੰ ਦਰਪੇਸ਼ ਗੰਭੀਰ ਸਮੱਸਿਆਵਾਂ ਸਬੰਧੀ ਨਗਰ ਪ੍ਰੀਸ਼ਦ ਖਰੜ ਦੀ ਪ੍ਰਧਾਨ ਅਤੇ ਈ.ਓ. ਨੂੰ ਇੱਕ ਪੱਤਰ ਲਿਖ ਕੇ ਸ਼ਿਵਾਲਿਕ ਸਿਟੀ ਦੇ ਲੋਕਾਂ ਦੀਆਂ ਸਮੱਸਿਆਵਾਂ ਤੁਰੰਤ ਹੱਲ ਕਰਨ ਦੀ ਮੰਗ ਕੀਤੀ ਹੈ|
ਸ਼ਿਵਾਲਿਕ ਸਿਟੀ ਦੇ ਵਸਨੀਕਾਂ ਕੁਲਦੀਪ ਸਿੰਘ ਜੋਸਨ, ਭੁਪਿੰਦਰ ਸਿੰਘ, ਐਚ.ਐਸ. ਖੇੜਾ, ਸ਼ੇਰ ਸਿੰਘ, ਹਰਬੰਤ ਸਿੰਘ ਆਦਿ ਨੇ ਬੀਬੀ ਗਰਚਾ ਦੇ ਧਿਆਨ ਵਿੱਚ ਲਿਆਂਦਾ ਕਿ ਸ਼ਿਵਾਲਿਕ ਸਿਟੀ ਦੀ ਸਾਂਭ ਸੰਭਾਲ ਅਤੇ ਦੇਖਰੇਖ ਦਾ ਕੰਮ ਜਦੋਂ ਤੋਂ ਨਗਰ ਪ੍ਰੀਸ਼ਦ ਖਰੜ ਦੇ ਅਧੀਨ ਕੀਤਾ ਗਿਆ ਹੈ, ਉਦੋਂ ਤੋਂ ਹੀ ਇੱਥੋਂ ਦੇ ਲੋਕ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰ ਰਹੇ ਹਨ|
ਸ਼ਿਵਾਲਿਕ ਸਿਟੀ ਵਿੱਚ ਮੌਜੂਦਾ ਹਾਲਾਤ ਇਹ ਹੈ ਕਿ ਇੱਥੇ ਲਗਾਏ ਹੋਏ ਫੁਹਾਰੇ ਪਿਛਲੇ ਕਰੀਬ ਦੋ ਸਾਲਾਂ ਤੋਂ ਬੰਦ ਹੋਏ ਪਏ ਹਨ, ਸਿਕਿਓਰਿਟੀ ਖ਼ਤਮ ਹੈ, ਪਾਰਕਾਂ ਦਾ ਰੱਖ ਰਖਾਓ ਨਹੀਂ ਹੁੰਦਾ ਅਤੇ ਪਾਣੀ ਦੀਆਂ ਟੈਕੀਆਂ ਦੀ ਸਫ਼ਾਈ ਵੀ ਨਹੀਂ ਕੀਤੀ ਜਾ ਰਹੀ| ਨਗਰ ਪ੍ਰੀਸ਼ਦ ਦਫ਼ਤਰ ਵਿੱਚ ਇਨ੍ਹਾਂ ਸਮੱਸਿਆਵਾਂ ਸਬੰਧੀ ਦੱਸੇ ਜਾਣ ਦੇ ਬਾਵਜੂਦ ਵੀ ਕੋਈ ਕਾਰਵਾਈ ਨਹੀਂ ਹੋ ਰਹੀ| ਲੋਕਾਂ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਇਥੋਂ ਦੀ ਸਾਂਭ ਸੰਭਾਲ ਅਤੇ ਇੱਥੋਂ ਦੇ ਵੱਖ ਵੱਖ 9 ਗੇਟਾਂ ਉਤੇ ਸਿਕਿਓਰਿਟੀ ਦਾ ਪ੍ਰਬੰਧ ਅਤੇ ਸਾਫ਼ ਸਫ਼ਾਈ ਤੇ ਪੀਣ ਵਾਲੇ ਸਾਫ਼ ਪਾਣੀ ਦਾ ਪ੍ਰਬੰਧ ਪ੍ਰਾਈਵੇਟ ਬਿਲਡਰ ਵੱਲੋਂ ਕੀਤਾ ਜਾਂਦਾ ਸੀ ਪ੍ਰੰਤੂ ਜਦੋਂ ਤੋਂ ਨਗਰ ਪ੍ਰੀਸ਼ਦ ਕੋਲ ਇਹ ਪ੍ਰਬੰਧ ਗਿਆ ਹੈ, ਉਦੋਂ ਤੋਂ ਇਹ ਸਭ ਕੁਝ ਬੰਦ ਹੋ ਗਿਆ ਹੈ|
ਬੀਬੀ ਗਰਚਾ ਨੇ ਲੋਕਾਂ ਦੀਆਂ ਸਮੱਸਿਆਵਾਂ ਸੁਣਨ ਉਪਰੰਤ ਨਗਰ ਪ੍ਰੀਸ਼ਦ ਖਰੜ ਦੇ ਪ੍ਰਧਾਨ ਅਤੇ ਈ.ਓ. ਨੂੰ ਲਿਖੇ ਪੱਤਰ ਵਿੱਚ ਕਿਹਾ ਹੈ ਕਿ ਸ਼ਿਵਾਲਿਕ ਸਿਟੀ ਦੇ ਲੋਕਾਂ ਦੀਆਂ ਸਮੱਸਿਆਵਾਂ ਦਾ ਤੁਰੰਤ ਹੱਲ ਕੱਢਿਆ ਜਾਵੇ ਤਾਂ ਜੋ ਲੱਖਾਂ ਰੁਪਏ ਖਰਚ ਕਰਕੇ ਆਪਣੇ ਰੈਣ ਬਸੇਰਿਆਂ ਵਿੱਚ ਰਹਿ ਰਹੇ ਲੋਕਾਂ ਨੂੰ ਰਾਹਤ ਮਿਲੇ|

Leave a Reply

Your email address will not be published. Required fields are marked *