ਨਰਿੰਦਰ ਮੋਦੀ ਦੇ ਹੱਕ ਵਿਚ ਚੱਲੀ ਲਹਿਰ ਨੇ ਕਾਂਗਰਸ ਪਾਰਟੀ ਦੇ ਪੈਰ ਉਖਾੜੇ : ਚੰਦੂਮਾਜਰਾ

ਐਸ ਏ ਐਸ ਨਗਰ, 18 ਮਈ (ਸ.ਬ.) ਸ੍ਰੀ ਆਨੰਦਪੁਰ ਸਾਹਿਬ ਹਲਕੇ ਤੋਂ ਅਕਾਲੀ ਬੀਜੇਪੀ ਦੇ ਉਮੀਦਵਾਰ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਕਿਹਾ ਹੈ ਕਿ ਪੰਜਾਬ ਅੰਦਰ ਲੋਕ ਸਭਾ ਦੀ ਚੋਣ ਦੌਰਾਨ ਨਰਿੰਦਰ ਮੋਦੀ ਦੇ ਹੱਕ ਵਿਚ ਚੱਲੀ ਲਹਿਰ ਨੇ ਕਾਂਗਰਸ ਪਾਰਟੀ ਦੇ ਪੈਰ ਉਖਾੜ ਦਿੱਤੇ ਹਨ, ਜਿਸ ਕਾਰਨ ਸਾਹਮਣੇ ਵਿਖਾਈ ਦੇ ਰਹੀ ਹਾਰ ਦੀ ਜ਼ਿੰਮੇਵਾਰੀ ਇਕ ਦੂਜੇ ਸਿਰ ਮੜ੍ਹਨ ਲਈ ਕਾਂਗਰਸ ਦੇ ਮੋਹਰੀ ਆਗੂ ਮੇਹਣੋ- ਮੇਹਣੀ ਹੋ ਰਹੇ ਹਨ| ਬੀਤੀ ਸ਼ਾਮ ਸਥਾਨਕ ਫੇਜ਼ 11 ਵਿੱਚ ਕੀਤੀ ਆਪਣੀ ਆਖਰੀ ਜਨਤਕ ਰੈਲੀ ਨੂੰ ਸੰਬੋਧਨ ਕਰਦਿਆਂ ਉਹਨਾਂ ਕਿਹਾ ਕਿ ਪੰਜਾਬ ਦੀ ਕੈਪਟਨ ਸਰਕਾਰ ਦੀ ਵਾਅਦਾ-ਖਿਲਾਫੀ ਵਿਰੁੱਧ ਉਭਰੇ ਲੋਕ ਰੋਹ ਨੇ ਕਾਂਗਰਸ ਪਾਰਟੀ ਦੇ ਪੈਰਾਂ ਹੇਠੋਂ ਮਿੱਟੀ ਖਿਸਕਾ ਦਿੱਤੀ ਹੈ, ਜਿਸ ਕਾਰਨ ਪਾਰਟੀ ਹਾਈਕਮਾਂਡ ਨੇ ਕੈਪਟਨ ਦੇ ਵਿਰੋਧ ਦੇ ਬਾਵਜੂਦ ਨਵਜੋਤ ਸਿੰਘ ਸਿੱਧੂ ਦੇ ਬਿਹਾਰ ਦੇ ਪ੍ਰੋਗਰਾਮ ਰੱਦ ਕਰਕੇ ਉਨ੍ਹਾਂ ਨੂੰ ਪੰਜਾਬ ਅੰਦਰ ਲਿਆਉਣ ਲਈ ਮਜਬੂਰ ਕਰ ਦਿੱਤਾ ਹੈ|
ਉਹਨਾਂ ਕਿਹਾ ਕਿ ਇਸ ਤੋਂ ਬਾਅਦ ਭਾਵੇਂ ਜਨਤਕ ਸਭਾਵਾਂ ਰਾਹੀਂ ਚੋਣ ਪ੍ਰਚਾਰ ਬੰਦ ਹੋ ਰਿਹਾ ਹੈ ਪਰ ਹੁਣ ਵਰਕਰਾਂ ਦੀ ਜ਼ਿੰਮੇਵਾਰੀ ਹੋਰ ਵੀ ਵੱਧ ਗਈ ਹੈ| ਉਨ੍ਹਾਂ ਕਿਹਾ ਕਿ 19 ਮਈ ਨੂੰ ਵੋਟਾਂ ਵਾਲੇ ਦਿਨ ਇਕ ਇਕ ਵੋਟ ਭੁਗਤਾਉਣੀ ਬਹੁਤ ਜ਼ਰੂਰੀ ਹੈ| ਅਕਾਲੀ ਆਗੂ ਨੇ ਮਰਹੂਮ ਅਕਾਲੀ ਨੇਤਾ ਅਤੇ ਸਾਬਕਾ ਮੰਤਰੀ ਕੈਪਟਨ ਕੰਵਲਜੀਤ ਸਿੰਘ ਦੀ ਧਰਮ ਪਤਨੀ ਬੀਬੀ ਸਰਬਜੀਤ ਕੌਰ ਅਤੇ ਉਨ੍ਹਾਂ ਦੀ ਬੇਟੀ ਡੌਲੀ ਦਾ ਸਵਾਗਤ ਕਰਦਿਆਂ ਕਿਹਾ ਕਿ ਚੋਣ ਮੁਹਿੰਮ ਦੇ ਐਨ ਆਖਰੀ ਮੌਕੇ ਉਨ੍ਹਾਂ ਦੇ ਪਾਰਟੀ ਸਫਾਂ ਦੇ ਆਉਣ ਨਾਲ ਉਨ੍ਹਾਂ ਦੀ ਚੋਣ ਮੁਹਿੰਮ ਨੂੰ ਵੱਡਾ ਹੁਲਾਰਾ ਮਿਲਿਆ ਹੈ| ਪਿਛਲੇ ਪੰਜ ਸਾਲਾਂ ਦੌਰਾਨ ਸ੍ਰੀ ਆਨੰਦਪੁਰ ਸਾਹਿਬ ਹਲਕੇ ਵਿਚ ਲਿਆਂਦੇ ਪ੍ਰੋਜੈਕਟਾਂ ਅਤੇ ਲੋਕ ਭਲਾਈ ਕਾਰਜਾਂ ਦਾ ਜ਼ਿਕਰ ਕਰਦਿਆਂ ਪ੍ਰੋ. ਚੰਦੂਮਾਜਰਾ ਨੇ ਕਿਹਾ ਕਿ ਉਨ੍ਹਾਂ ਨੇ ਆਪਣੇ ਅਸਰ ਰਸੂਖ ਨਾਲ ਹਲਕੇ ਵਿਚ ਸਭ ਤੋਂ ਵੱਧ ਕੇਂਦਰੀ ਪ੍ਰੋਜੈਕਟ ਲਿਆਂਦੇ ਹਨ ਜਿਨ੍ਹਾਂ ਵਿਚ ਕੌਮੀ ਸ਼ਾਹ ਰਾਹ, ਨਹਿਰੀ ਪ੍ਰੋਜੈਕਟ, ਲਿਫਟ ਸਿੰਜਾਈ, ਮੁਹਾਲੀ ਹਵਾਈ ਅੱਡੇ ਨੂੰ ਅਪਗਰੇਡ ਕਰਨਾ ਅਤੇ ਰਸੋਈ ਗੈਸ ਪਾਈਪ ਲਾਈਨ ਦੇ ਪ੍ਰੋਜੈਕਟ ਸ਼ਾਮਲ ਹਨ|
ਇਸ ਮੌਕੇ ਮੁਹਾਲੀ ਦੇ ਹਲਕਾ ਇੰਚਾਰਜ ਟੀ.ਪੀ.ਐਸ. ਸਿੱਧੂ ਨੇ ਵੀ ਸੰਬੋਧਨ ਕੀਤਾ| ਇਸ ਮੌਕੇ ਸਵਰਗੀ ਕੈਪਟਨ ਕੰਵਲਜੀਤ ਸਿੰਘ ਦੀ ਧਰਮ ਪਤਨੀ ਬੀਬੀ ਸਰਬਜੀਤ ਕੌਰ ਅਤੇ ਬੇਟੀ ਡੌਲੀ, ਬੀਬੀ ਪਰਮਜੀਤ ਕੌਰ ਲਾਂਡਰਾਂ, ਕਰਤਾਰ ਸਿੰਘ ਤਸੰਬਲੀ, ਸਰਕਲ ਪ੍ਰਧਾਨ ਸੰਤੋਖ ਸਿੰਘ, ਸ੍ਰ. ਫੂਲਰਾਜ ਸਿੰਘ, ਸ੍ਰ. ਗੁਰਮੀਤ ਸਿੰਘ ਵਾਲੀਆ, ਬੀਬੀ ਕੁਲਦੀਪ ਕੌਰ ਕੰਗ, ਹਰਮਨਪ੍ਰੀਤ ਪ੍ਰਿੰਸ, (ਸਾਰੇ ਕੌਂਸਲਰ) ਬੀਬੀ ਮਨਹੇੜਾ, ਬੀਜੇਪੀ ਆਗੂ ਰਾਕੇਸ਼ ਰਾਣਾ, ਮਦਨ ਗੋਇਲ, ਗੁਰਦੀਪ ਸਿੰਘ ਢਿਲੋਂ, ਐਸ.ਐਸ. ਵਾਲੀਆ, ਜਰਨੈਲ ਸਿੰਘ, ਬਾਬਾ ਠਾਕੁਰ, ਜਸਵੰਤ ਕੌਰ, ਹਰਵਿੰਦਰ ਕੌਰ ਲਾਂਬਾ, ਹਰਜੀਤ ਸਿੰਘ, ਹਰਪਾਲ ਸਿੰਘ, ਜਸਰਾਜ ਸਿੰਘ ਸੋਨੂੰ ਅਤੇ ਹਰਬੰਸ ਸਿੰਘ ਵੀ ਹਾਜ਼ਰ ਸਨ|

Leave a Reply

Your email address will not be published. Required fields are marked *