ਨਰੋਏ ਸਮਾਜ ਦੀ ਸਿਰਜਣਾ ਲਈ ਸਿਹਤ ਪ੍ਰਤੀ ਜਾਗਰੂਕਤਾ ਲਾਜ਼ਮੀ: ਸਿੱਧੂ

ਐਸ.ਏ.ਐਸ ਨਗਰ, 7 ਅਪ੍ਰੈਲ (ਸ.ਬ.) ਸਿਹਤ ਹੀ ਮਨੁੱਖੀ ਜੀਵਨ ਦਾ ਅਸਲ ਸਰਮਾਇਆ ਹੈ ਤੇ ਨਰੋਏ ਸਮਾਜ ਦੀ ਸਿਰਜਣਾ ਲਈ ਸਿਹਤ ਪ੍ਰਤੀ ਜਾਗਰੂਕ ਹੋਣਾ ਲਾਜ਼ਮੀ ਹੈ| ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਹਲਕਾ ਵਿਧਾਇਕ ਸ੍ਰ. ਬਲਬੀਰ ਸਿੰਘ ਸਿੱਧੂ ਨੇ ਵਿਸ਼ਵ ਸਿਹਤ ਦਿਵਸ ਸਬੰਧੀ ਸਿਲਵਰ ਓਕ ਕਾਲਜ ਦੇ ਵਿਦਿਆਰਥੀਆਂ ਵੱਲੋਂ ਕੱਢੀ ਗਈ ਸਿਹਤ ਜਾਗਰੂਕਤਾ ਰੈਲੀ ਨੂੰ ਫੇਜ਼ 7 ਲਾਈਟ ਪੁਆਇੰਟ ਤੋਂ ਝੰਡੀ ਦਿਖਾ ਕੇ ਰਵਾਨਾ ਕਰਨ ਮੌਕੇ ਕੀਤਾ| ਉਨ੍ਹਾਂ ਕਿਹਾ ਕਿ ਅੱਜ ਦੀ ਰੁਝੇਵਿਆਂ ਭਰਪੂਰ ਜ਼ਿੰਦਗੀ ਵਿੱਚ ਸਿਹਤ ਵੱਲ ਧਿਆਨ ਨਾ ਦੇਣਾ ਸਿਹਤ ਲਈ ਬਹੁਤ ਘਾਤਕ ਸਿੱਧ ਹੋ ਸਕਦਾ ਹੈ| ਸ. ਸਿੱਧੂ ਨੇ ਕਿਹਾ ਕਿ ਕੋਈ ਸ਼ੱਕ ਨਹੀਂ ਹਰ ਮਨੁੱਖ ਲਈ ਉਸ ਨੂੰ ਮਿਲੀਆਂ ਜ਼ਿੰਮੇਵਾਰੀਆਂ ਨਿਭਾਉਣੀਆਂ ਜ਼ਰੂਰੀ ਹਨ ਪਰ ਸਿਹਤ ਦਾ ਧਿਆਨ ਰੱਖਣਾ ਵੀ ਹਰ ਮਨੁੱਖ ਦੀ ਪਹਿਲੀ ਜ਼ਿੰਮੇਵਾਰੀ ਹੈ|
ਸਥਾਨਕ ਵਿਧਾਇਕ ਨੇ ਕਿਹਾ ਕਿ ਕਾਲਜ ਵੱਲੋਂ ਸਮਾਜ ਵਿੱਚ ਜਾਗਰੂਕਤਾ ਲਿਆਉਣ ਲਈ ਰੈਲੀ ਦੇ ਰੂਪ ਵਿੱਚ ਜਿਹੜਾ ਉਪਰਾਲਾ ਕੀਤਾ ਗਿਆ ਹੈ, ਉਹ ਬਹੁਤ ਹੀ ਸ਼ਲਾਘਾਯੋਗ ਹੈ| ਇਸ ਕਾਰਜ ਲਈ ਕਾਲਜ ਦੇ ਵਿਦਿਆਰਥੀ ਤੇ ਸਟਾਫ਼ ਦੋਵੇਂ ਹੀ ਵਧਾਈ ਦੇ ਪਾਤਰ ਹਨ| ਉਨ੍ਹਾਂ ਕਿਹਾ ਕਿ ਚੰਗੀ ਸਿਹਤ ਸਦਕਾ ਹੀ ਮਨੁੱਖ ਜ਼ਿੰਦਗੀ ਵਿੱਚ ਅੱਗੇ ਵੱਧ ਸਕਦਾ ਹੈ ਤੇ ਉਸ ਦੀ ਜ਼ਿੰਦਗੀ ਖੁਸ਼ਹਾਲ ਹੋ ਸਕਦੀ ਹੈ| ਜੇ ਸਮਾਜ ਦਾ ਹਰ ਇੱਕ ਮੈਂਬਰ ਸਿਹਤ ਦਾ ਧਿਆਨ ਰੱਖੇ ਤਾਂ ਹੀ ਇੱਕ ਚੰਗੇ ਸਮਾਜ ਦੀ ਸਿਰਜਣਾ ਹੋ ਸਕਦੀ ਹੈ| ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸੂਬੇ ਦੇ ਲੋਕਾਂ ਨੂੰ ਬਿਹਤਰ ਸਿਹਤ ਸਹੂਲਤਾਂ ਮੁਹੱਈਆ ਕਰਵਾਉਣ ਲਈ ਵੱਡੇ ਪੱਧਰ ਤੇ ਉਪਰਾਲੇ ਕੀਤੇ ਜਾ ਰਹੇ ਹਨ ਤੇ ਸਿਹਤ ਸਹੂਲਤਾਂ ਮੁਹੱਈਆ ਕਰਵਾਉਣ ਸਬੰਧੀ ਪੰਜਾਬ ਸਰਕਾਰ ਕੋਈ ਕਸਰ ਬਾਕੀ ਨਹੀਂ ਛੱਡੇਗੀ| ਰੈਲੀ ਵਿੱਚ ਸ਼ਾਮਲ ਵਿਦਿਆਰਥੀਆਂ ਨੇ ਸਿਹਤ ਸਬੰਧੀ ਜਾਗਰੂਕ ਕਰਦੇ ਬੈਨਰ ਫੜੇ ਹੋਏ ਸਨ ਤੇ ਰੈਲੀ ਵਿੱਚ ਪੂਰੇ ਉਤਸ਼ਾਹ ਨਾਲ ਹਿੱਸਾ ਲੈਂਦਿਆਂ ਵਿਦਿਅਰਥੀਆਂ ਨੇ ਸ਼ਹਿਰ ਵਾਸੀਆਂ ਨੂੰ ਸਿਹਤ ਸੰਭਾਲ ਸਬੰਧੀ ਜਾਗਰੂਕ ਕੀਤਾ| ਇਹ ਰੈਲੀ ਵੱਖ ਵੱਖ ਫੇਜ਼ਾਂ ਵਿੱਚੋਂ ਹੁੰਦੀ ਹੋਈ 3 ਬੀ 2 ਦੇ ਗੁਰਦੁਆਰਾ ਸਾਹਿਬ ਪਹੁੰਚ ਕੇ ਸਮਾਪਤ ਹੋਈ ਤੇ ਇਸ ਵਿੱਚ 154 ਵਿਦਿਆਰਥੀਆਂ ਨੇ ਹਿੱਸਾ ਲਿਆ|
ਇਸ ਮੌਕੇ ਸਿਲਵਰ ਓਕ ਕਾਲਜ ਦੇ ਪ੍ਰਿੰਸੀਪਲ ਡਾ. ਕਿਰਨ ਬੱਤਰਾ, ਵਾਈਸ ਪ੍ਰਿੰਸੀਪਲ ਨਵਜੀਤ ਕੌਰ, ਡਾ. ਅਖਿਲ ਭਾਰਦਵਾਜ, ਸਮੇਤ ਵੱਡੀ ਗਿਣਤੀ ਕਾਲਜ ਸਟਾਫ਼ ਮੈਂਬਰ ਹਾਜ਼ਰ ਸਨ|

Leave a Reply

Your email address will not be published. Required fields are marked *