ਨਵਜੋਤ ਕੌਰ ਸਿੱਧੂ ਅਤੇ ਕਰਨ ਸਿੱਧੂ ਨਹੀਂ ਸੰਭਾਲਣਗੇ ਆਪਣਾ ਅਹੁਦਾ: ਨਵਜੋਤ ਸਿੱਧੂ

ਚੰਡੀਗੜ੍ਹ, 26 ਮਈ (ਸ.ਬ.) ਸਥਾਨਕ ਸਰਕਾਰਾਂ ਬਾਰੇ ਮੰਤਰੀ ਸ੍ਰ. ਨਵਜੋਤ ਸਿੰਘ ਸਿੱਧੂ ਨੇ ਕਿਹਾ ਹੈ ਕਿ ਉਹਨਾਂ ਦੀ ਪਤਨੀ ਅਤੇ ਪੁੱਤਰ ਸਰਕਾਰ ਵਲੋਂ ਦਿੱਤੇ ਗਏ ਅਹੁਦੇ ਨਹੀਂ ਸੰਭਾਲਣਗੇ| ਇੱਥੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਉਹਨਾਂ ਕਿਹਾ ਕਿ ਮੇਰੇ ਤੇ ਕੋਈ ਉਂਗਲੀ ਨਾ ਚੁੱਕੇ, ਇਸ ਲਈ ਸਰਕਾਰੀ ਨੌਕਰੀ ਦਾ ਤਿਆਗ ਕਰਕੇ ਮੇਰੀ ਪਤਨੀ ਨਵਜੋਤ ਕੌਰ ਸਿੱਧੂ ਅਤੇ ਬੇਟੇ ਕਰਨ ਸਿੱਧੂ ਨੇ ਮੇਰਾ ਸਿਰ ਉੱਚਾ ਕਰ ਦਿੱਤਾ ਹੈ| ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਪਤਨੀ ਨੇ ਇਹ ਗੱਲ ਕਹੀ ਸੀ ਕਿ ਚੇਅਰਮੈਨ ਦਾ ਅਹੁਦਾ ਉਨ੍ਹਾਂ ਨੂੰ ਸੰਤੁਸ਼ਟੀ ਨਹੀਂ ਦੇਵੇਗਾ ਅਤੇ ਇਸੇ ਤਰ੍ਹਾਂ ਬੇਟੇ ਕਰਨ ਸਿੱਧੂ ਨੇ ਕਿਹਾ ਸੀ ਕਿ ਮੇਰੇ ਪਿਤਾ ਤੇ ਕੋਈ ਉਂਗਲੀ ਚੁੱਕੇ, ਇਸ ਨੂੰ ਮੈਂ ਬਰਦਾਸ਼ਤ ਨਹੀਂ ਕਰ ਸਕਦਾ, ਇਸ ਲਈ ਦੋਵੇਂ ਮਾਂ-ਪੁੱਤ ਸਰਕਾਰੀ ਅਹੁਦੇ ਨਹੀਂ ਸੰਭਾਲਣਗੇ|
ਸ੍ਰ. ਨਵਜੋਤ ਸਿੱਧੂ ਨੇ ਕਿਹਾ ਕਿ ਸਾਲ 2004 ਵਿੱਚ ਉਨ੍ਹਾਂ ਦੀ ਪਤਨੀ ਨੇ ਉਹਨਾ ਨੂੰ ਕਿਹਾ ਸੀ ਕਿ ਉਹ ਸਿਆਸਤ ਵਿੱਚ ਨਾ ਜਾਣ ਪਰ ਉਹ ਅਟਲ ਬਿਹਾਰੀ ਵਾਜਪਾਈ ਦੇ ਕਹਿਣ ਤੇ ਸਿਆਸਤ ਵਿੱਚ ਆਏ ਸਨ| ਉਨ੍ਹਾਂ ਕਿਹਾ ਕਿ ਰਾਜਨੀਤੀ ਤੋਂ ਉਨ੍ਹਾਂ ਦੀ ਬਹੁਤ ਘੱਟ ਕਮਾਈ ਹੈ ਅਤੇ ਪਟਿਆਲਾ ਵਿੱਚ ਜਿਹੜੇ ਉਨ੍ਹਾਂ ਦੇ 4 ਸ਼ੋਅਰੂਮ ਹਨ, ਉਹ ਸਾਲ 1996 ਤੋਂ ਪਹਿਲਾਂ ਕ੍ਰਿਕਟ ਦੀ ਕਮਾਈ ਨਾਲ ਖਰੀਦੇ ਗਏ ਸਨ| ਸਿੱਧੂ ਨੇ ਕਿਹਾ ਕਿ ਮੇਰੇ ਬੇਟੇ ਨੂੰ ਵਿਦੇਸ਼ਾਂ ਵਿੱਚ ਕਈ ਮੌਕੇ ਮਿਲ ਰਹੇ ਹਨ ਅਤੇ ਉਨ੍ਹਾਂ ਨੂੰ ਭਰੋਸਾ ਹੈ ਕਿ ਉਹ ਆਪਣੇ ਬਲਬੂਤੇ ਤੇ ਨੌਕਰੀ ਕਰਨ ਦੇ ਸਮਰੱਥ ਹੈ|
ਇੱਥੇ ਜ਼ਿਕਰਯੋਗ ਹੈ ਕਿ ਪੰਜਾਬ ਸਰਕਾਰ ਵਲੋਂ ਕੈਬਿਨਟ ਮੰਤਰੀ ਸ੍ਰ. ਨਵਜੋਤ ਸਿੱਧੂ ਦੀ ਪਤਨੀ ਡਾ. ਨਵਜੋਤ ਕੌਰ ਸਿੱਧੂ ਨੂੰ ਪੰਜਾਬ ਵੇਅਰ ਹਾਊਸਿੰਗ ਕਾਰਪੋਰੇਸ਼ਨ ਦੀ ਚੇਅਰਪਰਸਨ ਅਤੇ ਉਨ੍ਹਾਂ ਦੇ ਪੁੱਤਰ ਕਰਨ ਸਿੱਧੂ ਨੂੰ ਐਡਵੋਕੇਟ ਜਨਰਲ ਦਾ ਅਹੁਦਾ ਦਿੱਤਾ ਗਿਆ ਸੀ ਪਰ ਵਿਰੋਧੀਆਂ ਨੇ ਪਰਿਵਾਰਵਾਦ ਦੇ ਨਾਂ ਤੇ ਸਿੱਧੂ ਪਰਿਵਾਰ ਨੂੰ ਨਿਸ਼ਾਨੇ ਤ ਲਿਆ ਸੀ ਜਿਸ ਤੋਂ ਬਾਅਦ ਨਵਜੋਤ ਕੌਰ ਅਤੇ ਉਨ੍ਹਾਂ ਦੇ ਬੇਟੇ ਕਰਨ ਸਿੱਧੂ ਨੇ ਇਨ੍ਹਾਂ ਸਰਕਾਰੀ ਅਹੁਦਿਆਂ ਦਾ ਤਿਆਗ ਕਰਨ ਦਾ ਫੈਸਲਾ ਲਿਆ ਹੈ|

Leave a Reply

Your email address will not be published. Required fields are marked *