ਨਵਜੋਤ ਸਿੰਘ ਸਿੱਧੂ ਦਾ ਕਿੰਨਾ ਕੁ ਲਾਭ ਹੋਵੇਗਾ ਕਾਂਗਰਸ ਪਾਰਟੀ ਨੂੰ ਕੈਪਟਨ ਅਤੇ ਸਿੱਧੂ ਦੀ ਜੁਗਲਬੰਦੀ ਕਾਂਗਰਸ ਨੂੰ ਕਿੰਨਾ ਕੁ ਲਾਭ ਪਹੁੰਚਾਏਗੀ

ਐਸ ਏ ਐਸ ਨਗਰ, 20 ਜਨਵਰੀ ( ਸ ਬ) ਗੁਰੂ ਨਗਰੀ ਅੰਮ੍ਰਿਤਸਰ ਵਿਖੇ  ਬੀਤੇ ਦਿਨ ਪੰਜਾਬ ਕਾਂਗਰਸ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਅਤੇ ਸਾਬਕਾ ਕ੍ਰਿਕਟਰ ਨਵਜੋਤ ਸਿੰਘ ਸਿੱਧੂ ਵਲੋਂ ਕੀਤੀ ਗਈ ਸਾਂਝੀ ਕਾਨਫਰੰਸ ਅਤੇ ਰੋਡ  ਸ਼ੋਅ ਨੇ ਪੰਜਾਬ ਦੇ ਸਿਆਸੀ ਹਲਕਿਆਂ ਵਿਚ ਨਵੀਂ ਚਰਚਾ ਛੇੜ ਦਿਤੀ ਹੈ ਅਤੇ ਇਸ ਦੇ ਨਾਲ ਨਵਜੋਤ ਸਿੰਘ ਸਿੱਧੂ ਦੀ ਕਾਂਗਰਸ ਵਿਚ ਭੂਮਿਕਾ ਬਾਰੇ ਵੀ ਕਿਆਸ ਅਰਾਈਆਂ ਦਾ ਦੌਰ ਸ਼ੁਰੂ ਹੋ ਗਿਆ ਹੈ| ਰਾਜਸੀ ਵਿਸਲੇਸ਼ਕ ਇਹ ਵਿਸ਼ਲੇਸ਼ਣ ਕਰ ਰਹੇ ਹਨ ਕਿ ਨਵਜੋਤ ਸਿੱਧੂ ਦੇ ਕਾਂਗਰਸ ਵਿਚ ਆਉਣ ਨਾਲ ਕਾਂਗਰਸ ਨੂੰ ਕਿੰਨਾ ਕੁ ਲਾਭ ਹੋਵੇਗਾ|
ਜਿਥੋਂ ਤਕ ਨਵਜੋਤ ਸਿੰਘ ਸਿਧੂ ਦਾ ਸਵਾਲ ਹੈ ਤਾਂ ਉਹ ਚੰਗੇ ਕ੍ਰਿਕਟਰ ਰਹੇ ਹੋਣ ਦੇ ਨਾਲ ਹੀ ਚੰਗੇ ਬੁਲਾਰੇ ਵੀ ਹਨ, ਉਹ ਸ਼ਰੋਤਿਆਂ ਨੂੰ ਕੀਲ ਕੇ ਬੈਠਾ ਲੈਂਦੇ ਹਨ ਅਤੇ ਉਹਨਾਂ ਦੀਆਂ ਲੱਛੇਦਾਰ ਗੱਲਾਂ ਸੁਣ ਕੇ ਲੋਕ ਬਹੁਤ ਖੁਸ਼ ਹੁੰਦੇ ਹਨ|  ਇਸ ਤੋਂ ਇਲਾਵਾ ਨਵਜੋਤ ਸਿੰਘ ਸਿੱਧੂ ਦਾ ਅਕਾਲੀ ਆਗੂਆਂ ਨਾਲ ਛੱਤੀ ਦਾ ਆਂਕੜਾ ਹੈ, ਜੋ ਕਿ ਕਾਂਗਰਸ ਨੂੰ ਲਾਭ ਦੇ ਸਕਦਾ ਹੈ| ਜਦੋਂ ਨਵਜੋਤ ਸਿੰਘ ਸਿੱਧੂ ਭਾਜਪਾ ਵਿਚ ਸਨ ਤਾਂ ਉਹਨਾਂ ਨੇ ਹਰਿਆਣਾ ਵਿਧਾਨ ਸਭਾ ਚੋਣਾਂ ਵੇਲੇ ਹਰਿਆਣਾ ਦੇ ਸਿੱਖ ਹਲਕਿਆਂ ਵਿਚ ਭਾਜਪਾ ਦਾ ਚੋਣ ਪ੍ਰਚਾਰ ਕਰਦਿਆਂ ਅਨੇਕਾਂ ਵਾਰ ਇਹ ਕਿਹਾ ਸੀ ਕਿ ਪੰਜਾਬ ਵਿਚ ਜਿਹੜੇ ਸਾਡੇ ਨਾਲ ਪੱਪੀਆਂ ਜੱਫੀਆਂ ਪਾ ਰਹੇ ਹਨ, ਉਹੀ ਹਰਿਆਣਾ ਵਿਚ ਸਾਡੇ ਨਾਲ ਕੁਸਤੀ ਕਬੱਡੀ ਖੇਡ ਰਹੇ ਹਨ| ਉਹਨਾਂ ਦੇ ਅਜਿਹੇ ਬਿਆਨਾਂ ਦਾ ਹਰਿਆਣਾ ਦੇ ਲੋਕਾਂ ਉਪਰ ਬਹੁਤ ਪ੍ਰਭਾਵ ਪਿਆ ਸੀ ਅਤੇ ਹਰਿਅ ਾਣਾ ਵਿਚ ਭਾਜਪਾ ਸਰਕਾਰ ਹੋਂਦ ਵਿਚ ਆ ਗਈ ਸੀ| ਹੁਣ ਇਸ ਸਮੇਂ ਨਵਜੋਤ ਸਿੰਘ ਸਿੱਧੂ ਕਾਂਗਰਸ ਵਿਚ ਹਨ ਅਤੇ  ਅੰਮ੍ਰਿਤਸਰ ਦੀ ਇਕ ਸੀਟ ਤੋਂ ਚੋਣ ਵੀ ਲੜ ਰਹੇ ਹਨ, ਇਸਦੇ ਨਾਲ ਹੀ ਸਿੱਧੂ ਹੋਰਨਾਂ ਇਲਾਕਿਆਂ ਵਿਚ ਵੀ ਕਾਂਗਰਸ ਦੇ ਪੱਖ ਵਿਚ ਚੋਣ ਪ੍ਰਚਾਰ ਕਰ ਰਹੇ ਹਨ|
ਇਸ ਗਲ ਤੋਂ ਕੋਈ ਵੀ ਇਨਕਾਰ ਨਹੀਂ ਕਰ ਸਕਦਾ ਕਿ ਨਵਜੋਤ ਸਿੰਘ ਸਿੱੱਧੂ ਦੇ ਪੰਜਾਬ ਦੇ ਸਾਰੇ ਹੀ ਵਿਧਾਨ ਸਭਾ ਹਲਕਿਆਂ ਵਿਚ ਪ੍ਰਸੰਸਕ ਹਨ, ਭਾਵੇਂ ਉਹਨਾਂ ਦੀ ਗਿਣਤੀ 1 ਫੀਸਦੀ ਤੋਂ 3 ਫੀਸਦੀ ਤੱਕ ਹੀ ਹੈ ਪਰ ਫਿਰ ਵੀ ਇਹ 3 ਫੀਸਦੀ ਤੱਕ ਪ੍ਰਸੰਸਕਾਂ ਦੀਆਂ ਵੋਟਾਂ ਸਿੱਧੂ ਕਾਰਨ ਕਾਂਗਰਸ ਦੇ ਪੱਖ ਵਿਚ ਭੁਗਤ ਜਾਣਗੀਆਂ,  ਜਿਸ ਦਾ ਸਿੱਧਾਂ ਫਾਇਦਾ ਕਾਂਗਰਸੀ ਉਮੀਦਵਾਰਾਂ ਨੂੰ ਹੋਵੇਗਾ|
ਪਹਿਲਾਂ ਇਹ ਕਿਆਸ ਅਰਾਈਆਂ ਲਗਾਈਆਂ ਜਾ ਰਹੀਆਂ ਸਨ ਕਿ ਸਿੱਧੂ ਨੂੰ ਕਾਂਗਰਸ ਦਾ ਉਪ ਮੁੱਖ ਮੰਤਰੀ ਅਹੁਦੇ ਦਾ ਉਮੀਦਵਾਰ ਬਣਾਇਆ ਜਾਵੇਗਾ ਪਰ ਪੰਜਾਬ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਸਪਸ਼ਟ ਕਰ ਦਿਤਾ ਹੈ ਕਿ ਸਿੱਧੂ ਬਿਨਾਂ ਸ਼ਰਤ ਕਾਂਗਰਸ ਵਿਚ ਸ਼ਾਮਲ ਹੋਏ ਹਨ| ਖੁਦ ਸਿੱਧੂ ਦਾ ਕਹਿਣਾ ਹੈ ਕਿ ਉਹ ਕਾਂਗਰਸ ਵਿਚ ਲੰਮੀ ਪਾਰੀ ਖੇਡਣਗੇ ਅਤੇ ਬਾਦਲਾਂ ਦੇ ਹਲਕੇ ਵਿਚ ਜਾ ਕੇ ਉਹਨਾਂ ਨੂੰ ਭਾਜੜਾਂ ਪਾਉਣਗੇ| ਕਾਂਗਰਸ ਵਿਚ ਸ਼ਾਮਲ ਹੋਣ ਤੋਂ ਬਾਅਦ ਨਵੀਂ ਦਿਲੀ ਵਿਖੇ ਆਪਣੀ ਪਹਿਲੀ ਪ੍ਰੈਸ ਕਾਨਫਰੰਸ ਕਰਦਿਆਂ ਨਵਜੋਤ ਸਿੰਘ ਸਿੱਧੂ ਨੇ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਸੰਬੋਧਨ ਕਰਦਿਆਂ ਕਿਹਾ ਸੀ ਕਿ ਭੱਜ ਬਾਬਾ ਭੱਜ, ਕੁਰਸੀ ਖਾਲੀ ਕਰ| ਇਸ ਤਰਾਂ ਦੀ ਜੁਮਲੇ ਬਾਜੀ ਕਾਰਨ ਹੀ ਸਿੱਧੂ ਲੋਕਾਂ ਵਿਚ ਕਾਫੀ ਹਰਮਨ ਪਿਆਰੇ ਹਨ ਅਤੇ ਹੁਣ ਕਾਂਗਰਸ ਪਾਰਟੀ ਉਹਨਾਂ ਦੀ ਇਸੇ ਹਰਮਨ ਪਿਆਰਤਾ ਦਾ ਫਾਇਦਾ ਉਠਾ ਰਹੀ ਹੈ|
ਜੇ ਪੰਜਾਬ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਦੀ ਗਲ ਕੀਤੀ ਜਾਵੇ ਤਾਂ ਕੈਪਟਨ ਅਮਰਿੰਦਰ ਸਿੰਘ ਦਾ ਕਾਂਗਰਸੀ ਹੋਣ ਦੇ ਬਾਵਜੂਦ  ਸਿੱਖਾਂ ਵਿਚ ਕਾਫੀ ਚੰਗਾ ਆਧਾਰ ਹੈ| ਕੈਪਟਨ ਆਪਣੀ ਸਖਸੀਅਤ ਨਾਲ ਸਿੱਖਾਂ ਨੁੰ ਕਾਂਗਰਸ ਨਾਲ ਜੋੜਨ ਵਿਚ ਕੁਝ ਹੱਦ ਤੱਕ ਕਾਮਯਾਬ ਰਹੇ ਹਨ| ਜਿਸ ਦਾ ਲਾਭ ਚੋਣਾਂ ਦੌਰਾਨ ਕਾਂਗਰਸ ਨੁੰ ਹੋਵੇਗਾ| ਜਿਹੜੇ ਸਿੱਖ ਪਰਿਵਾਰ ਕਾਂਗਰਸ ਨੂੰ ਸਿੱਖ ਵਿਰੋਧੀ ਪਾਰਟੀ ਸਮਝਦੇ ਹਨ, ਉਹ ਵੀ ਕੈਪਟਨ ਦੇ ਮੂੰਹ ਨੂੰ ਕਾਂਗਰਸ ਨੁੰ ਵੋਟਾਂ ਪਾ ਦਿੰਦੇ ਹਨ, ਹੁਣ ਨਵਜੋਤ ਸਿੰਘ ਸਿੱਧੂ ਦੇ ਕਾਂਗਰਸ ਵਿਚ ਆਉਣ ਨਾਲ ਸਿੱਧੂ ਦੇ ਸਮਰਥਕ ਵੀ ਕਾਂਗਰਸ ਦੇ ਪੱਖ ਵਿਚ ਹੀ ਚੋਣਾਂ ਦੌਰਾਨ ਭੁਗਤਣਗੇ| ਇਹ ਤਾਂ ਆਉਣ ਵਾਲਾ ਸਮਾਂ ਹੀ ਦਸੇਗਾ ਕਿ ਨਵਜੋਤ ਸਿੰਘ ਸਿੱਧੂ ਦੇ ਕਾਂਗਰਸ ਵਿਚ ਆਉਣ ਨਾਲ ਕਾਂਗਰਸ ਨੁੰ ਕਿੰਨਾ ਕੁ ਫਾਇਦਾ ਹੋਵੇਗਾ|

Leave a Reply

Your email address will not be published. Required fields are marked *